ਨਵੀਂ ਦਿੱਲੀ : ਟਿਕਰੀ ਬਾਡਰ ਤੇ ਬੀਕੇਯੂ ਏਕਤਾ ਉਗਰਾਹਾਂ ਦੀ ਪਕੌੜਾ ਚੌਂਕ ਨੇੜੇ ਦੀ ਸਟੇਜ ਤੇ ਅੱਜ ਸੁਪਰੀਮ ਕੋਰਟ ਦੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਖੇਤੀ ਵਿਰੋਧੀ ਕਾਲੇ ਕਨੂੰਨਾਂ ਨੂੰ ਤਿੰਨ ਸਾਲ ਲਈ ਮੁਅੱਤਲ ਕਰ ਦੇਣ ਦੀ ਤਜਵੀਜ਼ ਭੇਜਣਾ ਕਿਸਾਨ ਸੰਘਰਸ਼ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਕਨੂੰਨਾਂ ਵਿਰੁੱਧ ਪਹਿਲਾਂ ਤਾਂ ਮੋਦੀ ਸਰਕਾਰ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਸੀ ਪਰ ਕਿਸਾਨ ਸੰਘਰਸ਼ ਦੇ ਦਬਾਅ ਪਹਿਲਾਂ ਕਾਨੂੰਨਾਂ ਵਿੱਚ ਸੋਧਾਂ ਕਰਨ ਲਈ ਗੱਲ ਕਹੀ ਅਤੇ ਹੁਣ ਤਿੰਨ ਸਾਲ ਤੱਕ ਕਾਨੂੰਨ ਮੁਲਤਵੀ ਕਰਨ ਦੀ ਤਜਵੀਜ਼ ਕਿਸਾਨ ਸੰਘਰਸ਼ ਦੀ ਇੱਕ ਹੋਰ ਪ੍ਰਾਪਤੀ ਹੈ । ਉਨ੍ਹਾਂ ਕਿਹਾ ਕਿ ਦੇਸ਼ ਫੈਲ ਰਹੇ ਅੰਦੋਲਨ ਅੱਗੇ ਝੁਕਕੇ ਸਰਕਾਰ ਨੂੰ ਇਹ ਕਾਨੂੰਨ ਹਰ ਹਾਲਤ ਰੱਦ ਕਰਨੇ ਹੀ ਪੈਣਗੇ ।
ਆਦਿਵਾਸੀ ਕਿਸਾਨਾਂ ਵੱਲੋਂ ਬਸਤੀਵਾਦ ਖਿਲਾਫ ਵਿਦਰੋਹ ਦੇ ਆਪਣੇ ਨਾਇਕ ਬਿਰਸਾ ਮੁੰਡਾ ਦਾ ਕੱਟ ਆਊਟ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਭੇਂਟ ਕਰਕੇ ਖੇਤੀ ਕਾਨੂੰਨਾਂ ਖਿਲਾਫ਼ ਚੱਲਦੇ ਸੰਘਰਸ਼ ਨਾਲ ਯੱਕਯਹਿਤੀ ਪ੍ਰਗਟ ਕੀਤੀ ਗਈ। ਝਾਰਖੰਡ ਤੋਂ ਕਿਸਾਨ ਆਗੂਆਂ ਬਾਬੂਨਾਗ,ਆਕਾਸ,ਭੈਣ ਗੀਤਾ ਮੁੰਡੀ ਅਤੇ ਜਸਵੰਤ ਸਿੰਘ ਦੀ ਅਗਵਾਈ ਵਿੱਚ ਇੱਥੇ ਪਹੁੰਚੇ ਆਦਿਵਾਸੀ ਕਿਸਾਨਾਂ ਨੇ ਅੰਗਰੇਜ਼ ਬਸਤੀਵਾਦ ਖ਼ਿਲਾਫ਼ ਕੌਮੀ ਮੁਕਤੀ ਸੰਗਰਾਮ ਦੀ ਗ਼ਦਰੀ ਸ਼ਹੀਦ ਬੀਬੀ ਗੁਲਾਬ ਕੌਰ ਨਗਰ ‘ਚ ਸਜੇ ਮੰਚ ‘ਤੇ ਇਥੇ ਬਿਰਸਾ ਮੁੰਡਾ ਦੀ ਵਿਰਾਸਤ ਦੀ ਹਾਜ਼ਰੀ ਲਵਾਕੇ ਪੰਜਾਬੀ ਕਿਸਾਨਾਂ ਤੇ ਆਦਿਵਾਸੀ ਕਿਸਾਨਾਂ ਦੇ ਸਾਂਝੇ ਸੰਗਰਾਮਾਂ ਦੀ ਲੋੜ ਦਾ ਸੁਨੇਹਾ ਦਿੱਤਾ।
ਪੰਜਾਬੀ ਫਿਲਮ ਇੰਡਸਟਰੀ ਤੋਂ ਪੰਮੀ ਬਾਈ, ਗੁਰਪ੍ਰੀਤ ਘੁੱਗੀ, ਚਾਚਾ ਰੋਣਕੀ ਰਾਮ, ਮਲਕੀਤ ਰੌਣੀ, ਮੈਡਮ ਸੁਨੀਤਾ ਧੀਰ, ਰਾਜਵੀਰ ਜਵੰਦਾ, ਸਰਦਾਰ ਸੋਹੀ, ਬਿਨੂ ਢਿੱਲੋਂ, ਕਰਮਜੀਤ ਅਨਮੋਲ, ਗੁਰਮੀਤ ਸਾਜਨ ਆਦਿ ਕਲਾਕਾਰਾਂ ਨੇ ਪਹੁੰਚ ਕੇ ਕਿਸਾਨ ਮੋਰਚੇ ਵਿੱਚ ਹਾਜ਼ਰੀ ਲਵਾਈ ਅਤੇ ਸਾਂਝੇ ਤੌਰ ਤੇ ” ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ ” ਗੀਤ ਪੇਸ਼ ਕੀਤਾ। ਅੱਜ ਦੇ ਧਰਨੇ ਨੂ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਸੰਘਰਸ਼ ਕਮੇਟੀ ਤੋਂ ਸੁਖਵੰਤ ਸਿੰਘ ਵਲਟੋਹਾ, ਹਰਿਆਣਾ ਤੋਂ ਪ੍ਰੋਫੈਸਰ ਕ੍ਰਿਸ਼ਨ ਜੂਨ ਅਤੇ ਮਾਸਟਰ ਰਿਸਾਲ ਧਨੌਰੀ ਜੀਂਦ ਨੇ ਵੀ ਸੰਬੋਧਨ ਕੀਤਾ।ਲੋਕ ਪੱਖੀ ਗਾਇਕ ਮਿੱਠੂ ਸਿੰਘ ਕਿਲਾ ਭਰੀਆ , ਅਜਮੇਰ ਸਿੰਘ ਅਤੇ ਕੁਲਦੀਪ ਸਿੰਘ ਕਾਹਨੇ ਕੇ ਅਕਲੀਆ ਨੇ ਗੀਤ ਪੇਸ਼ ਕੀਤੇ।