ਭਾਜਪਾ ਆਗੂ ਦੇ ਘਰ ਅੱਗੇ 2 ਮਹੀਨਿਆਂ ਤੋਂ ਧਰਨੇ ‘ਤੇ ਬੈਠੇ ਕਿਸਾਨ ਦੀ ਮੌਤ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਬਰਨਾਲਾ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਦੀ ਰਿਹਾਇਸ਼ ਅੱਗੇ ਲਾਏ ਗਏ ਮੋਰਚੇ ਦੌਰਾਨ ਕਿਸਾਨ ਆਗੂ ਸੁਖਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਗੁਰਮ ਦੀ ਦਿਲ ਦਾ ਦੌਰ ਪੈਣ ਕਾਰਨ ਮੌਤ ਹੋ ਗਈ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਪਰਿਵਾਰ ਨੂੰ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।

ਬਰਨਾਲਾ ਸ਼ਹਿਰ ਵਿੱਚ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਦੇ ਸਾਹਮਣੇ ਧਰਨੇ ਉਤੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 63 ਸਾਲਾ ਕਿਸਾਨ ਸੁਖਦੇਵ ਸਿੰਘ ਵਜੋਂ ਹੋਈ ਹੈ।

ਜ਼ਿਲ੍ਹੇ ਦੇ ਪਿੰਡ ਗੁਰਮ ਦਾ ਵਸਨੀਕ ਕਿਸਾਨ ਸੁਖਦੇਵ ਸਿੰਘ ਪਿਛਲੇ 2 ਮਹੀਨਿਆਂ ਤੋਂ ਹਰ ਰੋਜ਼ ਭਾਜਪਾ ਜ਼ਿਲ੍ਹਾ ਪ੍ਰਧਾਨ ਦੇ ਘਰ ਅੱਗੇ ਧਰਨੇ ‘ਤੇ ਆ ਰਿਹਾ ਸੀ।

ਅੱਜ ਵੀ ਕਿਸਾਨ ਅਗਲੀ ਰਣਨੀਤੀ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਅੱਗੇ ਮੀਟਿੰਗ ਕਰ ਰਹੇ ਸਨ ਅਤੇ ਸੁਖਦੇਵ ਸਿੰਘ ਵੀ ਇਸੇ ਬੈਠਕ ਵਿੱਚ ਸ਼ਾਮਲ ਹੋਏ। ਉਹ ਬੈਠੇ-ਬੈਠੇ ਇਕਦਮ ਹੀ ਪਿੱਛੇ ਡਿੱਗ ਪਿਆ। ਉਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਸੁਖਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਦੇ ਨਾਲ ਹੀ ਕਿਸਾਨ ਜੱਥੇਬੰਦੀਆਂ ਨੇ ਮ੍ਰਿਤਕ ਕਿਸਾਨ ਸੁਖਦੇਵ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ।