ਅਮਰੀਕਾ ਦੇ 7 ਸੰਸਦ ਮੈਂਬਰ ਆਏ ਕਿਸਾਨਾਂ ਦੇ ਹੱਕ ‘ਚ

ਅਮਰੀਕਾ ਦੇ 7 ਕਾਂਗਰਸਮੈਨਾਂ ਵਲੋਂ ਅੱਜ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੂੰ ਪੱਤਰ ਲਿਖ ਕੇ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕਰਕੇ ਵਿਦੇਸ਼ ਮੰਤਰੀ ਨੂੰ ਕਿਹਾ ਕਿ ਉਹ ਤੁਰੰਤ ਭਾਰਤ ਦੇ ਆਪਣੇ ਹਮ-ਰੁਤਬਾ ਵਿਦੇਸ਼ ਮੰਤਰੀ ਨਾਲ ਗੱਲ ਕਰਨ | ਇਨ੍ਹਾਂ ਸੱਤ ਕਾਂਗਰਸਮੈਨਾਂ ‘ਚ ਭਾਰਤੀ-ਅਮਰੀਕੀ ਮੂਲ ਦੀ ਕਾਂਗਰਸ ਵੂਮੈਨ ਪ੍ਰਾਮਿਲਾ ਜੈਪਾਲ ਵੀ ਸ਼ਾਮਿਲ ਹੈ | ਬਾਕੀ ਹੋਰ 6 ਮੈਂਬਰਾਂ ‘ਚ ਡੋਨਾਲਡ ਨੋਰਕ੍ਰਾਸ, ਕ੍ਰੈਡਨ ਐਫ ਬੋਇਲ, ਬ੍ਰਾਇਨ ਫਿਟਜਪਟਰਿਕ, ਮੈਰੀ ਗੇ ਸਕੈਨਲਨ, ਡੇਬੀ ਡਿੰਜੈਲ ਅਤੇ ਡੇਵਿਡ ਟ੍ਰੋਨ ਸ਼ਾਮਿਲ ਹਨ |

ਇਨ੍ਹਾਂ ਮੈਂਬਰਾਂ ਨੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ‘ਚ ਕਿਹਾ ਕਿ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਇੱਥੇ ਦੇ ਭਾਰਤੀ ਖ਼ਾਸ ਕਰ ਪੰਜਾਬੀ ਭਾਈਚਾਰੇ ‘ਤੇ ਵੀ ਡੂੰਘਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਇੱਥੇ ਉਹ ਵੱਡੀ ਗਿਣਤੀ ‘ਚ ਵਿਰੋਧ ਪ੍ਰਦਰਸ਼ਨ ਵੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਪਿੱਛਾ ਪੰਜਾਬ ਅਤੇ ਭਾਰਤ ਦੀਆਂ ਕਈ ਹੋਰ ਸਟੇਟਾਂ ਨਾਲ ਜੁੜਿਆ ਹੋਣ ਕਾਰਨ ਉਹ ਕਿਸਾਨ ਪਰਿਵਾਰਾਂ ਨਾਲ ਸਬੰਧਿਤ ਹਨ ਤੇ ਉਨ੍ਹਾਂ ਦੀ ਜੱਦੀ ਜ਼ਮੀਨ ਉੱਥੇ ਮੌਜੂਦ ਹੈ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਤੇ ਹੋਰ ਸਕੇ-ਸਬੰਧੀ ਇਸ ਕਿਸਾਨ ਅੰਦੋਲਨ ‘ਚ ਹਿੱਸਾ ਲੈ ਰਹੇ ਹਨ |

ਇੱਥੇ ਰਹਿ ਰਹੇ ਇਹ ਭਾਰਤੀ ਲੋਕ ਬਹੁਤ ਵੱਡੀ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹਨ | ਇਨ੍ਹਾਂ ਕਾਂਗਰਮੈਨਾਂ ਨੇ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਵਿਦੇਸ਼ ‘ਚ ਰਾਜਨੀਤਕ ਭਾਸ਼ਣ ਦੀ ਆਜ਼ਾਦੀ ਪ੍ਰਤੀ ਸੰਯੁਕਤ ਰਾਜ ਦੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਭਾਰਤੀ ਹਮਰੁਤਬਾ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਚੰਗੀ ਸਲਾਹ ਦੇ ਸਕਦੇ ਹੋ |