ਮਹਾਰਾਸ਼ਟਰ ਦੇ ਹਜ਼ਾਰਾਂ ਕਿਸਾਨਾਂ ਵੱਲੋਂ ਦਿੱਲੀ ਵੱਲ ਧਾਵਾ

ਨਾਸਿਕ: ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਮਗਰੋਂ ਹੁਣ ਮਹਾਰਾਸ਼ਟਰ ਦੇ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਵੱਲ ਧਾਵਾ ਬੋਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਕਿਸਾਨ 1300 ਕਿਲੋਮੀਟਰ ਸਫਰ ਕਰਕੇ ਦਿੱਲੀ ਪਹੁੰਚਣਗੇ।

ਮਹਾਰਾਸ਼ਟਰ ਦੇ ਕਿਸਾਨ ‘ਆਲ ਇੰਡੀਆ ਕਿਸਾਨ ਸਭਾ’ ਦੀ ਅਗਵਾਈ ਹੇਠ ਦਿੱਲੀ ਵੱਲ ਕੂਚ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣ ਲਈ ਆ ਰਹੇ ਹਨ।

ਜਥੇਬੰਦੀ ਦੇ ਬੁਲਾਰੇ ਪੀਐਸ ਪ੍ਰਸਾਦ ਨੇ ਦੱਸਿਆ ਕਿ ਸੋਮਵਾਰ ਸ਼ਾਮ ਸਮੇਂ 2,000 ਤੋਂ ਵੱਧ ਕਿਸਾਨ ਨਾਸਿਕ ਤੋਂ ਆਪਣੇ ਵਾਹਨਾਂ ਰਾਹੀਂ ਰਵਾਨਾ ਹੋਏ ਜਦਕਿ ਮਾਲੇਗਾਓਂ ’ਚ 1,000 ਕਿਸਾਨ ਇਸ ਮਾਰਚ ’ਚ ਸ਼ਾਮਲ ਹੋ ਗਏ। ਇਹ ਕਾਫਲਾ ਲਗਾਤਾਰ ਵਧਦਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਵਿੱਚ ਕਿਸਾਨ ਅੰਦੋਲਨ ਜ਼ੋਰ ਫੜ ਗਿਆ ਹੈ। ਮੁੰਬਈ ਵਿੱਚ ਕਾਰਪੋਰੇਟ ਘਰਾਣਿਆਂ ਦੇ ਦਫ਼ਤਰਾਂ ਬਾਹਰ ਵੱਡੀ ਗਿਣਤੀ ’ਚ ਕਿਸਾਨਾਂ ਨੇ ਧਰਨੇ ਦਿੱਤੇ। ਹੁਣ ਸਥਾਨਕ ਪੱਧਰ ‘ਤੇ ਸੰਘਰਸ਼ ਤਿੱਖਾ ਕੀਤਾ ਜਾਏਗਾ। ਇਸ ਦੇ ਨਾਲ ਹੀ ਹਜ਼ਾਰਾਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ।