ਨਾਈਟ ਕਰਫਿਊ ‘ਚ ਪਾਰਟੀ ਕਰਦੇ ਗ੍ਰਿਫਤਾਰ ਹੋਏ ਸੁਰੇਸ਼ ਰੈਨਾ, 34 ਖਿਲਾਫ ਕੇਸ ਦਰਜ

ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜੈਨ ਖਾਨ ਤੇ ਗਾਇਕ ਗੁਰੂ ਰੰਧਾਵਾ ਵੀ ਸ਼ਾਮਿਲ
ਕਰੋਨਾਵਾਇਰਸ (Coronavirus) ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਮੁੰਬਈ ਵਿਚ 22 ਦਸੰਬਰ ਤੋਂ 5 ਜਨਵਰੀ ਤੱਕ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਮੁੰਬਈ ਏਅਰਪੋਰਟ ਦੇ ਨੇੜੇ ਡ੍ਰੈਗਨ ਫਲਾਈ ਨਾਮ ਦੇ ਇਕ ਪੱਬ’ ਤੇ ਮੁੰਬਈ ਪੁਲਿਸ ਨੇ ਛਾਪਾ ਮਾਰਿਆ ਹੈ।

ਇਸ ਸਮੇਂ ਦੌਰਾਨ 34 ਵਿਅਕਤੀਆਂ ਖ਼ਿਲਾਫ਼ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਬਣਾਏ ਨਿਯਮਾਂ ਅਤੇ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ 34 ਲੋਕਾਂ ਵਿਚੋਂ ਬਹੁਤ ਸਾਰੇ ਨਾਮਵਰ ਸ਼ਖਸ ਹਨ। ਉਨ੍ਹਾਂ ਵਿੱਚ ਕ੍ਰਿਕਟਰ ਸੁਰੇਸ਼ ਰੈਨਾ ਦਾ ਨਾਮ ਹੈ। ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਬਾਅਦ ਵਿੱਚ ਉਨ੍ਹਾੰ ਨੂੰ ਜ਼ਮਾਨਤ ਮਿਲ ਗਈ।

ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਮੁੰਬਈ ਵਿੱਚ ਕੋਵਿਡ ਅਤੇ ਲੌਕਡਾਊਨ ਦੇ ਨਿਯਮਾਂ ਤਹਿਤ ਪੱਬ ਨੂੰ ਖੁੱਲ੍ਹ ਰੱਖਣ ਦਾ ਵੱਧ ਤੋਂ ਵੱਧ ਸਮਾਂ ਰਾਤ 11 ਵਜੇ ਨਿਸ਼ਚਤ ਕੀਤਾ ਗਿਆ ਹੈ। ਪਰ ਇਹ ਪੱਬ ਸਵੇਰੇ 4 ਵਜੇ ਤੱਕ ਚੱਲ ਰਿਹਾ ਸੀ। ਅਜਿਹੇ ਵਿਚ ਪੁਲਿਸ ਨੇ ਇਥੇ ਛਾਪਾ ਮਾਰ ਕੇ ਸਾਰੇ 34 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹਨਾਂ 34 ਵਿਅਕਤੀਆਂ ਵਿਚੋਂ 27 ਪੱਬ ਦੇ ਕਸਟਮਰ ਹਨ। 7 ਲੋਕ ਸਟਾਫ ਮੈੰਬਰ ਵੀ ਹਨ। ਦੇਰ ਰਾਤ ਕਰੀਬ 2:50 ਵਜੇ ਪੁਲਿਸ ਨੇ ਪੱਬ ‘ਤੇ ਛਾਪਾ ਮਾਰਿਆ। ਖਬਰਾਂ ਅਨੁਸਾਰ ਕ੍ਰਿਕਟਰ ਸੁਰੇਸ਼ ਰੈਨਾ, ਗਾਇਕ ਗੁਰੂ ਰੰਧਾਵਾ ਅਤੇ ਕਈ ਹੋਰ ਮਸ਼ਹੂਰ ਪਾਰਟੀ ਵਿੱਚ ਸ਼ਾਮਲ ਸਨ।


ਮੁੰਬਈ ਪੁਲਿਸ ਦੇ ਸੂਤਰਾਂ ਅਨੁਸਾਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪੱਬ ਵਿੱਚ ਹੋਏ ਪੁਲਿਸ ਛਾਪਿਆਂ ਦੌਰਾਨ ਕਈ ਮਸ਼ਹੂਰ ਹਸਤੀਆਂ ਪਿਛਲੇ ਦਰਵਾਜ਼ੇ ਰਾਹੀਂ ਭੱਜਣ ਵਿੱਚ ਸਫਲ ਹੋ ਗਈਆਂ।