ਖੇਤੀ ਕਾਨੂੰਨ- ਦੇਸ਼ ਨੂੰ ਲੁੱਟਣ ਦੀ ਵੱਡੀ ਸਾਜਿਸ਼

ਭੁੱਖ ਹੜਤਾਲ ਜਾਂ ਭਾਂਡੇ ਖੜਕਾਉਣ ਦਾ ਪ੍ਰੋਗਰਾਮ ਦੇਣਾ ਯੂਨੀਅਨ ਆਗੂਆਂ ਦੀ ਅਸਮਰੱਥਾ ਦਾ ਪ੍ਰਮਾਣ ਹੈ। ਇਸ ਤਰਾਂ ਦੇ ਢਿੱਲੇ ਤੇ ਅਰਥਹੀਣ ਪ੍ਰੋਗਰਾਮਾਂ ਨਾਲ ਸਰਕਾਰ ਤੇ ਤਾਂ ਕੋਈ ਅਸਰ ਹੋਣਾਂ ਨਹੀਂ ਪਰ ਲੋਕਾਂ ਦਾ ਉਤਸ਼ਾਹ ਜ਼ਰੂਰ ਘੱਟੇਗਾ।

ਇਸ ਅਸਮਰੱਥਾ ਕਾਰਨ ਹੀ ਇਹ ਆਗੂ ਅਸੁਰੱਖਿਅਤ ਵੀ ਮਹਿਸੂਸ ਕਰਦੇ ਹਨ। ਜੇ ਇਹਨਾਂ ਨੂੰ ਕੋਈ ਸਲਾਹ ਦਿੰਦਾ ਹੈ ਜਾਂ ਨੁਕਤਾਚੀਨੀ ਕਰਦਾ ਹੈ ਤਾਂ ਇਹਨਾਂ ਨੂੰ ਆਪਣੀ ਜਗਾ ਖੁੱਸਣ ਦਾ ਫ਼ਿਕਰ ਪੈ ਜਾਂਦਾ ਹੈ। ਤੇ ਫਿਰ ਉਸ ਫ਼ਿਕਰ ਤੇ ਅਸੁਰੱਖਿਆ’ਚੋਂ ਇਹ ਪੁੱਠੇ-ਸਿੱਧੇ ਬਿਆਨ ਆਏ ਦਿਨ ਜਾਰੀ ਕਰਦੇ ਰਹਿੰਦੇ ਹਨ।
ਲੋਕਾਂ ਨੇ ਇਹਨਾਂ ਨੂੰ ਸਰਕਾਰ ਨਾਲ ਗੱਲਬਾਤ ਕਰਨ ਲਈ ਚੁਣਿਆ ਹੈ। ਇਸ ਸਮੇਂ ਇਹਨਾਂ ਦਾ ਸਿਰਫ਼ ਐਨਾ ਕੁ ਹੀ ਰੋਲ ਹੈ ਤੇ ਇਹ ਰੋਲ ਇਹਨਾਂ ਕੋਲੋਂ ਇਸ ਸਮੇਂ ਕੋਈ ਨਹੀਂ ਖੋਹ ਰਿਹਾ। ਇਸ ਲਈ ਆਗੂ ਸਹਿਬਾਨ ਅਸੁਰੱਖਿਅਤ ਮਹਿਸੂਸ ਨਾ ਕਰਨ।

ਲੋਕਾਂ ਨੇ ਦਿੱਲੀ ਦੇ ਬਾਹਰ ਦਿੱਲੀ ਦੀ ਘੇਰਾਬੰਦੀ ਲਈ ਮੋਰਚਾ ਗੱਡਿਆ ਸੀ। ਇੱਕੋ ਧਰਨੇ ਨੂੰ 20 ਕਿਲੋਮੀਟਰ ਲੰਮਾ ਕਰਨ ਦੀ ਥਾਂ 4-4 ਕਿਲੋਮੀਟਰ ਲੰਮੇ 5 ਧਰਨੇ ਵੱਖ ਵੱਖ ਸੜਕਾਂ ਤੇ ਕਿਉਂ ਨਹੀੰ ਲਗਾਏ ਜਾ ਸਕਦੇ। ਮੰਗਾਂ ਨਾ ਮੰਨਣ ਦੀ ਸੂਰਤ’ਚ ਸਰਕਾਰ ਨੂੰ ਹਰ 4-5 ਦਿਨ ਬਾਅਦ ਅਲਟੀਮੇਟਮ ਦੇ ਕੇ ਇੱਕ ਤੋਂ ਬਾਅਦ ਇੱਕ ਹਾਈਵੇ ਰੋਕਿਆ ਜਾਵੇ। ਜੈਪੁਰ ਹਾਈਵੇ 12 ਦਸੰਬਰ ਨੂੰ ਰੋਕਣਾ ਸੀ ਜਿਹੜਾ ਹਲੇ ਤੱਕ ਵੀ ਨਹੀੰ ਰੋਕਿਆ ਜਾ ਸਕਿਆ। ਇਸ ਤਰਾਂ ਆਪਣੇ ਫੈਸਲੇ ਲਾਗੂ ਨਾ ਕਰਨ ਨਾਲ ਲੋਕਾਂ ਦਾ ਮਨੋਬਲ ਡਿੱਗਦਾ ਹੈ ਤੇ ਸਰਕਾਰ ਨੂੰ ਬਲ ਮਿਲਦਾ ਹੈ।

ਦਿੱਲੀ ਤੋਂ ਬਾਹਰ ਨਿਕਲਦੀਆਂ ਰੇਲਾਂ ਰੋਕ ਕੇ ਦਿੱਲੀ ਤੇ ਦਬਾਅ ਬਣਾਇਆ ਜਾ ਸਕਦਾ ਹੈ। ਕਈ ਲੋਕ ਯੂਨੀਅਨ ਆਗੂਆਂ ਨੂੰ ਜੱਥਿਆਂ’ਚ ਗ੍ਰਿਫ਼ਤਾਰੀਆਂ ਦੇਣ ਦੀ ਸਲਾਹ ਵੀ ਦੇ ਰਹੇ ਹਨ।

ਲੋਕਾਂ ਨੂੰ ਅਜਿਹੇ ਪ੍ਰੋਗਰਾਮ ਦਿੱਤੇ ਜਾਣ ਜਿਹੜੇ ਸਰਕਾਰ ਤੇ ਦਬਾਅ ਪੈਦਾ ਕਰਨ। ਆਪਣੀ ਅਸਮਰੱਥਾ ਢਕਣ ਲਈ ਦਬਾਅ ਬਣਾਉਣ ਦਾ ਮਤਲਬ ਹਮਲਾਵਰ ਹੋਣਾਂ ਨਾ ਕੱਢਿਆ ਜਾਵੇ। ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਂਡੇ ਖੜਕਾ ਕੇ ਸੰਘਰਸ਼ ਨਹੀਂ ਜਿੱਤੇ ਜਾਣੇ। ਜੇਕਰ ਤੁਸੀੰ ਇਸੇ ਤਰਾਂ ਦੇ ਫੈਸਲੇ ਲੈਂਦੇ ਰਹੇ ਤਾਂ ਬਹੁਤਾ ਸਮਾਂ ਲੋਕਾਂ ਨੇ ਤੁਹਾਡੀ ਅਗਵਾਈ ਨਹੀੰ ਕਬੂਲਣੀ। ਇਸ ਚਲਦੇ ਸੰਘਰਸ਼’ਚੋੰ ਲੋਕ ਆਗੂ ਬਣਕੇ ਤੁਹਾਡੇ ਸਥਾਨ ਮੱਲ ਲੈਣਗੇ। ਲੋਕਾਂ ਨੂੰ ਉਹਨਾਂ ਦੀ ਮਾਨਸਿਕਤਾ ਦੇ ਹਿਸਾਬ ਨਾਲ ਪ੍ਰੋਗਰਾਮ ਦਵੋ ; ਜਿਹੜੇ ਦਿੱਲੀ ਜਿੱਤਣ ਨੂੰ ਫਿਰਦੇ ਹਨ ਉਹਨਾਂ ਤੋਂ ਭਾਂਡੇ ਖੜਕਾਉਣ ਵਰਗਾ ਜ਼ਲਾਲਤ ਭਰਿਆ ਕੰਮ ਨਾ ਕਰਵਾਓ।

– ਸਤਵੰਤ ਸਿੰਘ