ਕਿਸਾਨੀ ਤੇ ਸਮਾਜ ਤੇ ਕਾਰਪੋਰੇਟ ਘਰਾਣੇ ਕਾਬਜ ਹੋਣ ਨੂੰ ਕਿਉਂ ਕਾਹਲੇ ਨੇ ?

ਕਾਰਪੋਰੇਟ ਮਾਡਲ ਦਾ ਸੱਚ।

ਕਾਰਪੋਰੇਟ ਦਾ ਮੁੱਖ ਟੀਚਾ ਤੁਹਾਨੂੰ ਤੁਹਾਡੀ ਖੁਦਮੁਖਤਿਆਰੀ ਤੋਂ ਹੀਣੇ ਕਰਨਾ ਏ। ਉਸ ਨੇ ਤੁਹਾਨੂੰ ਕੰਪਨੀਆ ਦੇ ਆਸਰੇ ਜੀਊਣ ਲਾਉਣਾ ਏ। ਤੁਹਾਡੀ ਅਜ਼ਾਦੀ ਖੋਹਣੀ ਏ।

ਕੁਝ ਸਾਲ ਪਹਿਲਾਂ ਦੀ ਉਦਾਹਰਣ ਲੈ ਕੇ ਵੇਖ ਲਈਏ । ਹੁਣ ਤੋਂ ਵੀਹ ਸਾਲ ਪਹਿਲਾਂ ਤਕਰੀਬਨ ਹਰ ਇੱਕ ਬੰਦੇ ਦੇ ਘਰ ਭਾਵੇਂ ੳਹ ਬੇਜ਼ਮੀਨਾਂ ਸੀ ਜਾਂ ਜ਼ਮੀਨ ਵਾਲਾ, ਮਾਲ ਡੰਗਰ ਹੁੰਦਾ ਸੀ, ਭਾਵੇਂ ਇਕ ਹੀ ਮਹੀਂ ਗਾਂਈ ਕਿਉਂ ਨਾਂ ਹੋਵੇ। ਦੁਧਾਰੂ ਪਸ਼ੂ ਘਰ ਦੀ ਤੰਦਰੁਸਤੀ ਤੇ ਉਸ ਦੇ ਆਰਥਿਕ ਪਰਦੇ ਕੱਜਣ ਚ ਅਹਿਮ ਹੁੰਦਾ ਆ । ਦੁੱਧ ਆਪਣਾ ਹੈ ਤਾਂ ਘਰ ਆਏ ਗਏ ਨੂੰ ਹਰ ਉਚੇਚ ਕੀਤੀ ਜਾ ਸਕਦੀ ਏ। ਘਰ ਦੇ ਦੁੱਧ ਸਦਕਾ ਉਸ ਦੀ ਸੇਵਾ ਪਾਣੀ ਵਿੱਚ ਕੋਈ ਕਮੀ ਨ੍ਹੀਂ ਆਊਗੀ। ਅਣਗਿਣਤ ਪਕਵਾਨ ਬਣਾ ਹਾਜ਼ਰ ਕੀਤੇ ਜਾ ਸਕਦੇ ਆ। ਦੁੱਧ, ਪੁੱਤ ਤੋਂ ਬਾਅਦ ਸਭ ਤੋਂ ਕੀਮਤੀ ਮੰਨੀ ਜਾਣ ਵਾਲੀ ਸ਼ੈਅ ਸੀ ਤੇ ਹੈ। ਨਰੋਈ ਸਿਹਤ ਚੰਗੀ ਖੁਰਾਕ ਸਦਕੇ ਹੀ ਹੁੰਦੀ ਏ। ਚੰਗੀ ਖੁਰਾਕ ਚ ਦੁੱਧ ਦਹੀਂ ਅਹਿਮ ਆ। ਫੇਰ ਹੌਲੀ ਹੌਲੀ ਡੰਗਰ ਨਿਕਲਣੇ ਸ਼ੁਰੂ ਹੋਏ। ਪਹਿਲਾਂ ਬੇਜ਼ਮੀਨਿਆਂ ਘਰੋਂ ਨਿਕਲੇ ਤੇ ਫੇਰ ਨੌਕਰੀ ਪੇਸ਼ੇ ਵਾਲਿਆ ਕੱਢੇ ਘਰੋਂ ਤੇ ਹੁਣ ਵਾਹੀ ਵਾਲੇ ਵੀ ਡੰਗਰ ਛੱਡ ਰਿਹੇ ਆ। ਕਿਉਂਕਿ ਬਾਹਰੋਂ ਦੁੱਧ ਸਸਤਾ ਪੈਂਦਾ ਏ , ਬੰਦਾ ਖੇਚਲ ਤੋਂ ਬਚਦਾ ਏ ਤੇ ਜਿਹੜੀ ਡੰਗਰ ਕਰਕੇ ਬੰਦਿਸ਼ ਸੀ ਉਹ ਮੁੱਕ ਜਾਂਦੀ ਆ। ਲੋਕਾਂ ਨੂੰ ਬਾਹਰੋਂ ਮਿਲਦਾ ਦੁੱਧ ਸਸਤਾ ਜਾਪਿਆ ਤੇ ਡੰਗਰ ਹੌਲੀ ਹੌਲੀ ਘਰਾਂ ਚੋਂ ਨਿਕਲਦੇ ਬਣੇ। ਉਹਦੀ ਜਗ੍ਹਾ ਵੱਡੀਆਂ ਡੇਅਰੀਆਂ ਸਥਾਪਿਤ ਹੋ ਗਈਆਂ ਨੇ ਜਿੱਥੇ ਸੈਂਕੜੇ ਮਹੀਆਂ ਗਾਈਆਂ ਨੇ । ਇਹ ਮਾਡਲ ਏਦਾਂ ਹੀ ਚੱਲਦਾ ਰਿਹਾ ਤਾਂ ਇਕ ਦਿਨ ਕੈਨੇਡਾ ਅਮਰੀਕਾ ਵਾਂਗੂੰ ਸਾਰੀਆਂ ਵੱਡੀਆਂ ਡੇਅਰੀਆਂ ਤੋਂ ਦੁੱਧ ਵੱਡੀਆਂ ਕੰਪਨੀਆਂ ਚੁੱਕਿਆ ਕਰਨਗੀਆਂ ਤੇ ਹਰੇਕ ਬੰਦਾ ਪੈਕਟਾਂ ਵਾਲਾ ਦੁੱਧ ਘਿਓ ਮੱਖਣ ਖਾਇਆ ਪੀਆ ਕਰੂਗਾ । ਆਮ ਦੋਧੀਆਂ ਤੇ ਡੇਅਰੀਆਂ ਨੂੰ ਨਕਲੀ ਦੁੱਧ ਵੇਚਣ ਦੀ ਖੁੱਲ ਦਿੱਤੀ ਆ ਕਿ ਇਹਨਾਂ ਤੋਂ ਲੋਕਾਂ ਦਾ ਯਕੀਨ ਜਾਂਦਾ ਰਵੇ। ਇਕ ਦਿਨ ਸਾਰੇ ਦੁੱਧ ਦੇ ਉੱਤੇ ਅਧਿਕਾਰ ਕਾਰਪੋਰੇਟ ਕੰਪਨੀਆਂ ਦਾ ਹੋ ਜਾਵੇਗਾ।

ਥੋੜ੍ਹੇ ਚਿਰਾਂ ਬਾਅਦ ਜੇ ਕੋਈ ਬੰਦਾ ਦੁਬਾਰਾ ਡੰਗਰ ਰੱਖਣ ਦੀ ਸੋਚਣ ਲੱਗੂਗਾ ਤੇ ਉਸ ਕੋਲ ਉਹ ਅਕਲ ਨਹੀਂ ਹੋਵੇਗੀ ਜੋ ਪਿਤਾ ਪੁਰਖੀ ਵਿਰਾਸਤ ਵਿਚ ਹਰ ਪੀੜ੍ਹੀ ਦਰ ਪੀੜ੍ਹੀ ਮਿਲਦੀ ਹੈ । ਉਸ ਲਈ ਇਹ ਇਕ ਵੱਡਾ ਜੋਖ਼ਮ ਵਾਲਾ ਕੰਮ ਹੋ ਨਿਬੜੇਗਾ । ਉਹ ਦੇਸੀ ਇਲਾਜ, ਟੋਟਕਿਆਂ ਤੋਂ ਵਾਂਝਾ ਹੋਊਗਾ ਤੇ ਡੰਗਰ ਪਾਲਣਾ ਦੇ ਵਾਸਤੇ ਇਕ ਵੱਡਾ ਜੰਜਾਲ ਹੋ ਨਿਬੜੂਗਾ ।

ਇਸ ਤਰ੍ਹਾਂ ਬੰਦਿਆਂ ਨੇ ਆਪਣੇ ਘਰ ਦੀ ਖ਼ੁਰਾਕ ਕੰਪਨੀਆਂ ਦੇ ਹੱਥ ਸੁੱਟ ਦਿੱਤੀ। ਆਪਣੀ ਘਰੇਲੂ ਅਮੀਰੀ, ਆਪਣੀ ਪ੍ਰਾਹੁਣਾਚਾਰੀ ਸਾਰੀ ਕੰਪਨੀਆਂ ਦੇ ਹੱਥ ਚਲੇ ਗਈ। ਪੈਸੇ ਦੇ ਹੱਥ ਵੱਸ ਹੋ ਕੇ ਰਹਿ ਗਈ।

ਇਕ ਹੋਰ ਉਦਾਹਰਣ ਲੈ ਲਈਏ ਕਿ ਥੋੜ੍ਹੇ ਚਿਰ ਪਹਿਲਾਂ ਅੰਮ੍ਰਿਤਸਰ ਤੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਚਮੜੇ ਦੀ ਸਾਂਭ ਸੰਭਾਲ ਤੇ ਉਹਨੂੰ ਸੋਧਣ ਦਾ ਕੰਮ ਆਮ ਸੀ । ਅੰਮ੍ਰਿਤਸਰ ਚਮਰੰਗ ਰੋਡ ਤੇ ਸੈਂਕੜੇ ਦੁਕਾਨਾਂ ਜਿਨ੍ਹਾਂ ਵਿਚ ਹੱਥੀਂ ਤਿਆਰ ਕੀਤੇ ਚਮੜੇ ਤੋਂ ਜੁੱਤੀਆਂ ਅਤੇ ਹੋਰ ਚੀਜ਼ਾਂ ਬਟੂਏ ਤੇ ਬੈਲਟਾਂ ਮਿਲਦੇ ਸਨ । ਫੇਰ ਇਕ ਵੱਡੀ ਕੰਪਨੀ ਨੇ ਮਹਿੰਗੇ ਭਾਅ ਦੇ ਉੱਤੋਂ ਖੱਲਾਂ ਖ਼ਰੀਦਣੀਆਂ ਸ਼ੁਰੂ ਕੀਤੀਆ। ਜਾਨਵਰਾਂ ਦੀ ਖੱਲ ਜਾਂ ਛੋਈ ਉਸ ਭਾਅ ਖਰੀਦਣੀ ਆਮ ਬੰਦੇ ਦੇ ਵੱਸ ਚ ਨਾਂ ਰਹੀ ਤੇ ਚਮਰੰਗ ਰੋਡ ਦੇ ਪਿਤਾਪੁਰਖੀ ਕਾਰੋਬਾਰੀਆਂ ਹੱਥੋਂ ਚਮੜਾ ਖੁੱਸ ਕੇ ਸਿੱਧਾ ਕਲਕੱਤੇ ਜਾਣ ਲੱਗ ਪਿਆ। ਫੇਰ ਜੇ ੳੁਨ੍ਹਾਂ ਬੂਟ ਬਣਾਉਣੇ ਤੇ ਉਹ ਕਲਕੱਤਿਓਂ ਚਮੜਾ ਮੰਗਾਉਂਦੇ । ਅੱਜ ਤਕਰੀਬਨ ਇਹ ਹਾਲਤ ਹੈ ਕਿ ਉਨ੍ਹਾਂ ਦਾ ਜੁੱਤੀਆਂ ਦਾ ਕਾਰੋਬਾਰ ਤਕਰੀਬਨ ਖ਼ਤਮ ਹੋ ਗਿਆ । ਬਣੀਆਂ ਬਣਾਈਆਂ ਜੁੱਤੀਆਂ ਵੇਚਦੇ ਆ ਜਾਂ ਧੰਦਾ ਛੱਡ ਗਏ। ਲੋਕ ਮਹਿੰਗੀਆਂ ਮਹਿੰਗੀਆਂ ਚਮੜੇ ਦੀਆਂ ਜੁੱਤੀਆਂ ਪਾਉਣ ਨੂੰ ਮਜਬੂਰ ਨੇ ਜਦਕਿ ਉਹ ਜੁੱਤੀਆਂ ਚਮੜੇ ਦੀਆਂ ਅੰਮ੍ਰਿਤਸਰ ਸਸਤੀਆਂ ਬਣਦੀਆਂ ਸਨ। ਹੁਣ ਜੇ ਚਾਹ ਕੇ ਵੀ ਉਹ ਦੁਬਾਰਾ ਉਹ ਕਾਰੋਬਾਰ ਸ਼ੁਰੂ ਕਰਨ ਤਾਂ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦੀ ਅਗਲੀ ਪੁਸ਼ਤ ਨੂੰ ਚਮੜੇ ਦੇ ਨਾਲ ਸਬੰਧਿਤ ਜੋ ਪਿਤਾਪੁਰਖੀ, ਵਿਰਾਸਤੀ ਜਾਣਕਾਰੀਆਂ ਤੇ ਅਕਲਾਂ ਸਨ ਉਹ ਸਾਰੀਆਂ ਭੁੱਲ ਗਈਆਂ ਨੇ। ਜੁੱਤੀਆਂ ਬਣਾਉਣ ਦੀ ਮੁਹਾਰਤ ਵੀ ਖਤਮ ਹੋ ਗਈ। ਇਧਰ ਗਊ ਮਾਤਾ ਵੀ ਚਮੜੀ ਲਾਹੁਣ ਵਾਲਿਆ ਤੇ ਖਤਰੇ ਬਣ ਗਏ ਤੇ ਮਰੇ ਜਾਨਵਰ ਦੀ ਖੱਲ ਲਾਹੁਣ ਵਾਲੇ ਵੀ ਧੰਦਾ ਛੱਡ ਗਏ।

ਏਦਾਂ ਈ ਪਿੰਡ ਦੇ ਜੁਲਾਹੇ, ਖੱਡੀਆਂ ਲਾ ਕੇ ਬੈਠੇ ਸਨ। ਲੋਕ ਘਰਾਂ ਦੇ ਵਿਚੋਂ ਪੁਰਾਣੀ ਉਨ ਇਕੱਠੀ ਕਰ ਕੇ ਉਨ੍ਹਾਂ ਤੋਂ ਲੋਈਆਂ ਸ਼ਾਲ ਬਣਵਾਂ ਦਿੰਦੇ। ਜੋ ਸਸਤੇ ਹੁੰਦੇ ਤੇ ਨਿੱਘੇ ਹੁੰਦੇ ਕਿਉਂਕਿ ਉਨ ਦੇ ਬਣੇ ਹੁੰਦੇ। ਹੁਣ ਉਨ੍ਹਾਂ ਨਾਲੋਂ ਕਈ ਗੁਣਾਂ ਮਹਿੰਗੀਆਂ ਲੋਈਆਂ ਨੇ ਤੇ ਉਹ ਵੀ ਨਿਕੰਮੀਆਂ ਪਾਉਣ ਨੂੰ ਮਜਬੂਰ ਆਂ । ਰੈਡੀਮੇਡ ਕੱਪੜਿਆ ਨੇ ਦਰਜੀ ਖਤਮ ਕਰਤੇ ਤੇ ਅੰਗਰੇਜੀ ਦਵਾਈਆਂ ਨੇ ਹਕੀਮ। ਗੁੜ ਕੱਢਣਾ, ਚੁੰਭੇ ਬਣਾਉਣੇ ਤਕਰੀਬਨ ਲੋਕ ਵਿਸਾਰ ਬੈਠੇ ਆ।

ਏਦਾਂ ਕੰਪਨੀਆਂ ਹੌਲੀ ਹੌਲੀ ਸਾਰਾ ਕੁਝ ਆਪਣੇ ਹੱਥਾਂ ਵਿੱਚ ਲਈ ਜਾ ਰਹੀਆ ਹਨ। ਉਨ੍ਹਾਂ ਨੇ ਲੋਕਾਂ ਦੇ ਆਪਣੇ ਕਿੱਤੇ ਖ਼ਤਮ ਕਰਕੇ ਸਾਰਿਆਂ ਨੂੰ ਆਪਣੇ ਕਾਮੇ ਬਣਾਉਣਾ ਹੈ । ਤੇ ਫੇਰ ਮਨ ਮਰਜ਼ੀ ਦੇ ਰੇਟ ਥੱਲੇ ਆਪਣਾ ਸੌਦਾ ਵੇਚਣਾ ਏ ।

ਕਿਸਾਨੀ ਤਕਰੀਬਨ ਏਸੇ ਈ ਰਾਹ ਪਊਗੀ ।ਛੋਟੀਆਂ ਜ਼ਮੀਨਾਂ ਵਾਲੇ ਕਿਸਾਨ ਬਚਤ ਨਾਂ ਹੋਣ ਕਰਕੇ ਹੌਲੀ ਹੌਲੀ ਆਪਣੀਆਂ ਜ਼ਮੀਨਾਂ ਵੇਚਣ ਡਹੇ ਨੇ । ਨੌਕਰੀ ਪੇਸ਼ਾ ਵੀ ਜ਼ਮੀਨਾਂ ਨੂੰ ਬੋਝ ਸਮਝਦੇ ਨੇ ਤੇ ਦੇ ਵਿੱਚੋਂ ਆਮਦਨ ਨਾ ਹੋਣ ਕਰਕੇ ਜ਼ਮੀਨਾਂ ਨੂੰ ਵੇਚ ਕੇ ਖੁਸ਼ ਨੇ। ਕੁਝ ਜਮੀਨਾਂ ਵੇਚ ਬਾਹਰਲੇ ਮੁਲਕ ਤੁਰਨ ਡਹੇ ਆ। ਇਸ ਤਰਾਂ ਵਸੋਂ ਦਾ ਬਹੁਤ ਵੱਡਾ ਹਿੱਸਾ ਕਿਸਾਨੀ ਤੋਂ ਮੁਨਕਰ ਹੋ ਰਿਹਾ ਹੈ । ਏਦਾਂ ਨਵੇਂ ਵੱਡੇ ਫਾਰਮ ਵਿਕਸਤ ਹੋਣਗੇ ਜਿਨ੍ਹਾਂ ਵਿਚ ਕੰਪਨੀਆਂ ਆਪਣਾ ਮਨ ਚਾਹਿਆ ਉਗਵਾਇਆ ਕਰਨਗੀਆਂ। ਤੇ ਉਹ ਸਾਰੀ ਪੈਦਾਵਾਰ ਕੰਪਨੀਆਂ ਕੋਲੋਂ ਜਾ ਕੇ ਪੈਕ ਹੋ ਕੇ ਵਾਪਸ ਆਇਆ ਕਰੂਗੀ, ਮਨਮਰਜ਼ੀ ਦੇ ਰੇਟ ਤੇ। ਕੰਪਨੀਆਂ ਤੈਅ ਕਰਨਗੀਆਂ ਕਿ ਅਸੀਂ ਕੀ ਖਾਵਾਂਗੇ । ਜਦੋਂ ਕੰਪਨੀਆਂ ਕਨੌਲਾ ਤੇਲ ਈ ਵੇਚਣਗੀਆਂ, ਸੂਰਜਮੁਖੀ ਤੇਲ ਵੇਚਣਗੀਆਂ ਤੇ ਸਰ੍ਹੋਂ ਦਾ ਤੇਲ ਮਿਲਿਆ ਈ ਨਾ ਕਰੂ। ਕੋਈ ਕਿਸਾਨ ਆਪਣੇ ਤੌਰ ਤੇ ਉਗਾਅ ਵੀ ਨਾ ਸਕਦਾ ਹੋਇਆ । ਫੇਰ ਲੱਭਿਉ ਸਾਗ ਤੇ ਹੋਰ ਖਾਣੇ । ਕਿਸਾਨ ਕਿੰਨਾ ਮਜਬੂਰ ਹੋਊਗਾ ਇਹ ਜਾਨਣ ਲਈ “ਭੂੱਬਲ” ਨਾਵਲ ਖਰੀਦ ਕੇ ਪੜਿਉ। ਬੀਜਾਂ ਤੇ ਕੰਪਨੀਆ ਦਾ ਕਬਜਾ ਹੋ ਈ ਚੱਲਿਆ ਏ।

ਸਾਡਾ ਰਹਿਣ ਸਹਿਣ, ਵਰਤ ਵਿਹਾਰ, ਸਾਡੇ ਕੱਪੜੇ ਲੀੜੇ, ਮੰਜੇ ਬਿਸਤਰੇ ਸਭ ਕੰਪਨੀਆਂ ਦੇਣਗੀਆਂ। ਇਹ ਬਹੁਤੇ ਮੁਲਕਾਂ ਚ ਵਾਪਰ ਚੁੱਕਿਆ ਆ। ਕੰਪਨੀਆ ਨੇ ਕਿਸਾਨ ਦੀ ਆਤਮ-ਨਿਰਭਰਤਾ ਤੇ ਅਜ਼ਾਦੀ ਖੋਹਣੀ ਆ। ਉਹਨਾਂ ਦੇ ਨਿਕੇ ਨਿੱਕੇ ਸਮਰਾਜ ਤੋੜਨੇ ਆ। 1857 ਤੋਂ ਪਹਿਲਾਂ ਇੱਕ ਕੰਪਨੀ ਪੂਰੇ ਹਿੰਦੋਸਤਾਨ ਦੀ ਮਾਲਕ ਸੀ ਤੇ ਫੌਜਾਂ ਰੱਖਦੀ ਸੀ। ਗਾਂਹ ਵੀ ਅਜਿਹੀ ਉਮੀਦ ਕਰਨੀ ਚਾਹੀਦੀ ਏ।

ਇੱਦਾਂ ਨਿੱਕੇ ਲੈਵਲ ਦੇ ਧੰਦੇ ਬੰਦ ਹੋ ਜਾਣਗੇ ਤੇ ਇਹ ਇਹ ਲੋਕ ਆਪਣੀ ਕਿਰਤ ਕੰਪਨੀਆਂ ਨੂੰ ਵੱਡੇ ਕਾਰਖਾਨਿਆਂ ਚ ਮਜਦੂਰ ਬਣਕੇ ਵੇਚਣ ਲਈ ਮਜਬੂਰ ਹੋਣਗੇ। ਲੱਕੜ ਦੇ ਕੰਮ ਦੇ ਵਿੱਚ ਦਰਵਾਜ਼ੇ, ਫਰਨੀਚਰ ਤੇ ਹੋਰ ਸਮਾਨ ਰੈਡੀਮੇਡ ਆਉਣਾਂ ਸ਼ੁਰੂ ਹੋ ਗਿਆ ਏ। ਪਿਤਾਪੁਰਖੀ ਸਮਝ ਵਾਲੇ ਤਰਖਾਣ ਖ਼ਤਮ ਹੋਣ ਦੇ ਨਾਲ ਹੀ ਇਕ ਵੱਡੀ ਵਿਰਾਸਤ ਤੋਂ ਵਾਂਝੇ ਹੋ ਜਾਵਾਂਗੇ। ਪੁਰਾਣੀ ਸਿੱਖ ਸ਼ਿਲਪਕਾਰੀ ਤੇ ਇਮਾਰਤਸਾਜ਼ੀ ਅੱਗੇ ਈ ਖਤਮ ਹੋ ਗਈ ਆ।

ਜੇਕਰ ਕਿਸਾਨ ਸਾਡੇ ਸਾਰਿਆਂ ਲਈ ਆਪਣੀ ਕਿਸਾਨੀ ਬਚਾ ਰਹੇ ਨੇ ਤੇ ਬਾਕੀ ਕਿੱਤਿਆਂ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਪਿਤਾਪੁਰਖੀ ਹੁਨਰ ਨੂੰ ਹਮੇਸ਼ਾਂ ਲਈ ਅਮਰ ਕਰਨ ਤੇ ਆਪਣੀ ਵਿਰਾਸਤ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਹੰਭਲਾ ਮਾਰਨ। ਤਾਂ ਕਿ ਉਨ੍ਹਾਂ ਦੇ ਹੁਨਰ ਉੱਤੇ ਕੋਈ ਕੰਪਨੀ ਕਾਬਜ਼ ਹੋ ਕੇ ਬਾਕੀਆਂ ਨੂੰ ਇਸ ਤੋਂ ਮਹਿਰੂਮ ਨਾ ਕਰ ਦੇਵੇ। ਸਾਨੂੰ ਕੰਪਨੀਆ ਦੇ ਜੇਤੂ ਮੁਹਾਣ ਨੂੰ ਡੱਕਣਾ ਹੀ ਪੈਣਾ ਏ। ਲਾਮਬੰਦ ਹੋਣਾ ਸਮੇਂ ਦੀ ਲੋੜ ਆ। ਇਹ ਜੰਗ ਜਿਤਕੇ ਹੀ ਘਰ ਮੁੜਨਾ ਹੋਊਗਾ। ਬੇਸ਼ੱਕ ਪੰਜਾਬ ਦੇ ਮਸਲੇ ਹਿੰਦੋਸਤਾਨ ਦੇ ਬਸਤੀਵਾਦੀ ਰੁਝਾਨ ਕਰਕੇ ਹੋਰ ਵੀ ਵੱਧ ਨੇ ਤੇ ਇਕ ਵੱਡੀ ਰਾਜਨੀਤਿਕ ਲੜਾਈ ਦੀ ਮੰਗ ਕਰਦੇ ਆ ।

ਸਨਦੀਪ ਸਿੰਘ ਤੇਜਾ