ਸਿੱਖਾਂ ਅਤੇ ਕਿਸਾਨ ਅੰਦੋਲਨ ਬਾਰੇ ਸੁਬਰਾਮਨੀਅਨ ਸਵਾਮੀ ਦੀ ਮੋਦੀ ਨੂੰ ਸਲਾਹ

ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਦੀ ਇਹ ਗੱਲ-ਬਾਤ ਸੁਣੋ, ਜਿਸ ਵਿੱਚ ਉਹ ਫਿਕਰ ਜਤਾ ਰਿਹਾ ਕਿ ਭਾਰਤ ਕਿਤੇ ਸਿੱਖ ਨਾ ਗਵਾ ਲਵੇ।ਇਸਤੋਂ ਸਮਝ ਜਾਣਾ ਚਾਹੀਦਾ ਕਿ ਸਿੱਖ ਅਤੇ ਖ਼ਾਲਸਈ ਨਿਸ਼ਾਨ ਇਸ ਮੋਰਚੇ ਦੇ ਰੱਖਿਅਕ ਹਨ, ਮੋਰਚੇ ਲਈ ਖਤਰਾ ਨਹੀਂ। ਇਨ੍ਹਾਂ ਨੂੰ ਪਿਆਰ ਸਤਿਕਾਰ ਨਾਲ ਲਾਗੇ ਰੱਖਣ ਦੀ ਲੋੜ ਹੈ, ਦੁਰਕਾਰਨ ਦੀ ਲੋੜ ਨਹੀਂ।

ਗੰਭੀਰ ਸੋਚ ਰੱਖਣ ਵਾਲ਼ਿਆਂ ਲਈ:ਸਿੱਖ ਅਤੇ ਖਾਲਸਈ ਨਿਸ਼ਾਨ ਕਿਸਾਨ ਮੋਰਚੇ ਲਈ ਖਤਰਾ ਜਾਂ ਕਿਸਾਨ ਮੋਰਚੇ ਦੇ ਰੱਖਿਅਕ?

ਜਦੋਂ ਇਹ ਗੱਲ ਸਪੱਸ਼ਟ ਹੈ ਕਿ ਸਿੱਖ ਜਜ਼ਬੇ ਨੇ ਬੈਰੀਕੇਡ ਤੋੜੇ ਤੇ ਦਿੱਲੀ ਦੇ ਬਾਰਡਰ ਤੇ ਪਹੁੰਚੇ ਤਾਂ ਸਿਵਾਏ ਕੁਝ ਭਗਤਾਂ ਦੇ ਤੇ ਨਫ਼ਰਤ ਨਾਲ ਭਰੇ ਲੋਕਾਂ ਦੇ ਪੰਜਾਬ ਦੇ ਸਾਰੇ ਵਰਗਾਂ ਵੱਲੋਂ ਇਸ ਪ੍ਰੋਟੈਸਟ ਨੂੰ ਭਰਵੀਂ ਹਮਾਇਤ ਮਿਲ ਰਹੀ ਹੈ। ਅਸੀਂ ਪਹਿਲਾਂ ਵੀ ਲਿਖ ਚੁੱਕੇ ਹਾਂ ਜੋ ਪੰਜਾਬ ਦੇ ਬਹੁਤ ਸਾਰੇ ਹਿੰਦੂ ਤੇ ਦਲਿਤ ਵੀਰ ਹਿੰਦੂਤਵੀਆਂ ਦੀ ਲੋਕਾਂ ਨੂੰ ਵੰਡਣ ਦੀ ਸਾਜ਼ਿਸ਼ ਨੂੰ ਫੇਲ੍ਹ ਕਰ ਰਹੇ ਹਨ। ਉਹ ਖੁੱਲ੍ਹ ਕੇ ਇਸ ਅੰਦੋਲਨ ਨਾਲ ਖਡ਼੍ਹੇ ਹਨ। ਸਿੱਖ ਪਛਾਣ, ਸਿੱਖ ਬੋਲਿਆਂ, ਸਿੱਖ ਮੁਹਾਵਰੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਇਆ ਸਿਵਾਏ ਕੁਝ ਕੁ ਲੋਕਾਂ ਦੇ।

ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੀਤੇ ਜਾ ਰਹੇ ਪ੍ਰਾਪੇਗੰਡੇ ਦੇ ਬਾਵਜੂਦ ਸਰਕਾਰ ਇਸ ਨੂੰ ਸਿੱਖਾਂ ਦਾ ਮੁੱਦਾ ਨਹੀਂ ਬਣਨ ਦੇਣਾ ਚਾਹੁੰਦੀ।
ਇਹ ਸਿੱਖ ਪਛਾਣ ਹੀ ਹੈ, ਜਿਹੜੀ ਦਿੱਲੀ ਦੇ ਬਾਰਡਰ ‘ਤੇ ਸਖਤੀ ਹੋਣ ਤੋਂ ਰੋਕ ਰਹੀ ਹੈ ਕਿਉਂਕਿ ਸਰਕਾਰ ਸਿੱਖਾਂ ਅਤੇ ਸਿੱਖ ਪਛਾਣ ਨਾਲ ਸਿੱਧੀ ਟੱਕਰ ਨਹੀਂ ਚਾਹੁੰਦੀ। ਜੇ ਇਹ ਅੰਦੋਲਨ ਇੰਨੇ ਦਿਨ ਕੱਟ ਗਿਆ ਹੈ ਤਾਂ ਜਿੱਥੇ ਇੱਕ ਪਾਸੇ ਸਿੱਖ ਜਜ਼ਬਾ ਹੈ, ਦੂਜੇ ਪਾਸੇ ਸਰਕਾਰ ਦਾ ਸਿੱਖਾਂ ਨਾਲ ਸਿੱਧੇ ਟਕਰਾਅ ਤੋਂ ਬਚਾਅ ਕਰਨਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੱਖਾਂ ਨਾਲ ਸੰਬੰਧਾਂ ‘ਤੇ ਕਿਤਾਬਚੇ ਨੂੰ ਦੋ ਕਰੋੜ ਲੋਕਾਂ ਤੱਕ ਪਹੁੰਚਾਉਣਾ ਵੀ ਇਸੇ ਗੱਲ ਨੂੰ ਪ੍ਰਗਟਾਉਂਦਾ ਹੈ ਕਿ ਉਹ ਸਿੱਖਾਂ ਨਾਲ ਨਹਿਰੂ – ਗਾਂਧੀ ਟੱਬਰ ਅਤੇ “ਸੈਕੂਲਰ” ਕਾਂਗਰਸ ਵਾਂਗ ਸਿੱਧਾ ਟਕਰਾਅ ਨਹੀਂ ਕਰਨਾ ਚਾਹੁੰਦੇ, ਭਾਵੇਂ ਕੇਂਦਰ ਦੀ ਨੀਤੀ ਵਿੱਚ ਵੈਸੇ ਕੋਈ ਬਹੁਤਾ ਫ਼ਰਕ ਨਹੀਂ ਹੈ।ਬਾਹਰਲੇ ਮੁਲਕਾਂ ਤੋਂ ਵੀ ਜੇ ਦਬਾਅ ਬਣਿਆ ਹੈ ਤਾਂ ਮੁਜ਼ਾਹਰੇ ਰੈਲੀਆਂ ਕਰਕੇ ਦਬਾਅ ਬਣਾਉਣ ਵਾਲੇ ਸਿੱਖ ਹੀ ਹਨ। ਤੇ ਇਹ ਵੀ ਸੱਚ ਹੈ ਕਿ ਮੋਰਚੇ ਨੂੰ ਜਥੇਬੰਦ ਕਿਸਾਨ ਯੂਨੀਅਨਾਂ ਨੇ ਹੀ ਕੀਤਾ, ਜਿਨ੍ਹਾਂ ‘ਚ ਕਾਮਰੇਡ ਵੀ ਸ਼ਾਮਲ ਹਨ।

ਜੇ ਕਿਤੇ ਕਿਸਾਨ ਇਕੱਲੇ ਲਾਲ ਝੰਡਿਆਂ ਥੱਲੇ ਅੰਦੋਲਨ ਕਰ ਰਹੇ ਹੁੰਦੇ, ਪਹਿਲੀ ਤਾਂ ਗੱਲ ਇਹ ਹੈ ਕਿ ਉਹ ਦਿੱਲੀ ਪਹੁੰਚਦੇ ਨਾ ਤੇ ਜੇ ਪਹੁੰਚ ਵੀ ਜਾਂਦੇ ਤਾਂ ਹੁਣ ਨੂੰ ਕਦੋਂ ਦੇ ਉੱਥੋਂ ਖਦੇੜਿਆ ਹੁੰਦਾ, ਉਨ੍ਹਾਂ ਦੇ ਖ਼ਿਲਾਫ਼ ਨੈਕਸਲਾਈਟ ਹੋਣ ਦਾ ਪ੍ਰਚਾਰ ਕਰ ਕੇ। ਲਾਲ ਅਤੇ ਹਰੇ ਝੰਡਿਆਂ ਦਾ ਖ਼ਾਲਸਾਈ ਝੰਡੇ ਥੱਲੇ ਹੀ ਬਚਾਅ ਹੋ ਰਿਹਾ ਹੈ।
ਦੂਜੇ ਪਾਸੇ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਕਾਮਰੇਡਾਂ/ਕਿਸਾਨ ਯੂਨੀਅਨਾਂ ਨੇ ਲਹਿਰ ਖੜ੍ਹੀ ਕੀਤੀ ਤੇ ਸਿੱਖੀ ਸਪਿਰਟ ਉਸਨੂੰ ਅੱਗੇ ਲੈ ਗਈ। ਦੋਵਾਂ ਦਾ ਵਡਮੁੱਲਾ ਯੋਗਦਾਨ ਹੈ। ਮੋਰਚੇ ਦੀ ਚੜ੍ਹਦੀ ਕਲਾ ਇਸੇ ਸਾਂਝ ‘ਚ ਹੀ ਹੈ, ਇਸ ਲਈ ਇਸ ਸਾਂਝ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਸਰਕਾਰ ਦਾ ਹੁਣ ਵੀ ਸਾਰਾ ਜ਼ੋਰ ਇਸ ਨੂੰ ਕਿਸੇ ਤਰ੍ਹਾਂ ਖੱਬੇ ਪੱਖੀਆਂ ਅਤੇ ਨੈਕਸਲਾਈਟਾਂ ਦੇ ਕੰਟਰੋਲ ਵਾਲਾ ਕਰਾਰ ਦੇਣ ‘ਤੇ ਲੱਗਾ ਹੋਇਆ ਤਾਂ ਕਿ ਉਹ ਇਸ ਨੂੰ ਖ਼ਤਮ ਕਰ ਸਕਣ।

ਇਕ ਗੱਲ ਇਹ ਵੀ ਸਮਝਣ ਵਾਲੀ ਹੈ ਕਿ ਇਹ ਅੰਦੋਲਨ ਦੀ ਰੂਹ ਤਾਂ ਸਿੱਖ ਤੇ ਸਿੱਖੀ ਹਨ ਪਰ ਇਸ ਨੂੰ ਸਮਰਥਨ ਸਾਰੇ ਦੇ ਰਹੇ ਹਨ। ਕੋਈ ਵੀ ਚੰਗੀ ਸੋਚ ਵਾਲਾ ਵਿਅਕਤੀ ਇਸ ਦੇ ਟਕਰਾਅ ਵਿੱਚ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਇਸ ਵਿਚਲੀ ਸਿੱਖ ਰੂਹ ਸਿੱਖ ਜਜ਼ਬੇ ਅਤੇ ਸਿੱਖ ਬੋਲਿਆਂ ਤੋਂ ਕੋਈ ਸਮੱਸਿਆ ਹੈ। ਅਸਲ ਚ ਤਾਂ ਸਿੱਖੀ ਫਲਸਫਾ ਹੀ ਸਰਬਸਾਂਝੀਵਾਲਤਾ ਦਾ ਹੈ।

ਕਾਮਰੇਡਾਂ ਦਾ ਬਹੁਤਾ ਹਿੱਸਾ ਵੀ ਇਸ ਗੱਲ ਨੂੰ ਪ੍ਰਵਾਨ ਕਰ ਚੁੱਕਾ ਹੈ ਉਨ੍ਹਾਂ ਨੂੰ ਵੀ ਹੁਣ ਸਮਝ ਪੈ ਚੁੱਕੀ ਹੈ ਕਿਉਂ ਦਿੱਲੀ ਕਿਸ ਆਸਰੇ ਪਹੁੰਚੇ ਨੇ ਤੇ ਇਸ ਅੰਦੋਲਨ ਨੂੰ ਤਾਕਤ ਕਿੱਥੋਂ ਮਿਲ ਰਹੀ ਹੈ। ਉਨ੍ਹਾਂ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਜਿਹੜਾ ਸਿੱਖਾਂ ਪ੍ਰਤੀ ਆਰੀਆ ਸਮਾਜੀਆਂ ਵਰਗੀ ਨਫ਼ਰਤ ਰੱਖਦਾ ਹੈ ਉਹ ਹੀ ਸਿੱਖ ਪਛਾਣ ਤੋਂ ਔਖਾ ਹੈ। ਇਹੀ ਹਿੱਸਾ ਪਹਿਲਾਂ ਜੱਟ ਸਿੱਖਾਂ ਅਤੇ ਦਲਿਤਾਂ ਵਿੱਚ ਟਕਰਾਅ ਪੈਦਾ ਕਰਦਾ ਰਿਹਾ ਹੈ ਅਤੇ ਭਾਂਡਾ ਸਿੱਖਾਂ ਸਿਰ ਭੰਨਦਾ ਰਿਹਾ ਹੈ। ਕਿਸਾਨ ਆਗੂਆਂ ਨੂੰ ਬੇਨਤੀ ਹੈ ਕਿ ਅਜਿਹੀ ਸੋਚ ਤੋਂ ਦੂਰੀ ਬਣਾਉਣ, ਇਨ੍ਹਾਂ ਦੀਆਂ ਸਲਾਹਾਂ ‘ਚ ਨਾ ਆਉਣ।

ਹੁਣ ਜਦ ਕਿ ਇਸ ਅੰਦੋਲਨ ਵਿੱਚ ਸਿੱਖ ਤੱਤ ਅਤੇ ਕਾਮਰੇਡ ਇਕੱਠੇ ਚੱਲ ਰਹੇ ਨੇ ਹੁਣ ਕੁਝ ਵੀ ਅਜਿਹਾ ਨਹੀਂ ਕਰਨਾ ਚਾਹੀਦਾ, ਜਿਸ ਨਾਲ ਇਹ ਅੰਦੋਲਨ ਕਮਜ਼ੋਰ ਹੋਵੇ। ਕਾਮਰੇਡਾਂ ਨੇ ਇਸ ਨੂੰ ਜਥੇਬੰਦ ਕਰਨ ਵਿੱਚ ਯੋਗਦਾਨ ਪਾਇਆ, ਸਿੱਖ ਜਜ਼ਬੇ ਨੇ ਇਸ ਨੂੰ ਇੱਥੋਂ ਤੱਕ ਪੁਚਾਇਆ, ਇਸ ਸੁਮੇਲ ਨੂੰ ਨਿਸ਼ਾਨੇ ‘ਤੇ ਪਹੁੰਚਣ ਤੋਂ ਪਹਿਲਾਂ ਤੋਡ਼ਿਆ ਨਾ ਜਾਵੇ ।

ਉਪਰਲੇ ਬਿਆਨ ਨੂੰ ਤਸਦੀਕ ਕਰਦੀ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਦੀ ਇਹ ਗੱਲ-ਬਾਤ ਸੁਣੋ, ਜਿਸ ਵਿੱਚ ਉਹ ਫਿਕਰ ਜਤਾ ਰਿਹਾ ਕਿ ਭਾਰਤ ਕਿਤੇ ਸਿੱਖ ਨਾ ਗਵਾ ਲਵੇ।ਇਸਤੋਂ ਸਮਝ ਜਾਣਾ ਚਾਹੀਦਾ ਕਿ ਸਿੱਖ ਅਤੇ ਖ਼ਾਲਸਈ ਨਿਸ਼ਾਨ ਇਸ ਮੋਰਚੇ ਦੇ ਰੱਖਿਅਕ ਹਨ, ਮੋਰਚੇ ਲਈ ਖਤਰਾ ਨਹੀਂ। ਇਨ੍ਹਾਂ ਨੂੰ ਪਿਆਰ ਸਤਿਕਾਰ ਨਾਲ ਲਾਗੇ ਰੱਖਣ ਦੀ ਲੋੜ ਹੈ, ਦੁਰਕਾਰਨ ਦੀ ਲੋੜ ਨਹੀਂ।

I am more concerned about the fact that India must not loose Sikhs.There is a long history the way we are misbehaved to the Sikhs- Subramanian Swamy, MP

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ #Unpopular_Opinions