ਸੰਨੀ ਦਿਉਲ ਪੰਜਾਬ ਦਾ ਗ਼ੱਦਾਰ ਹੈ – ਜੱਸ ਬਾਜਵਾ

ਪੰਜਾਬੀ ਗਾਇਕ ਜੱਸ ਬਾਜਵਾ ਕਿਸਾਨਾਂ ਨੂੰ ਸਮਰਥਨ ਦੇਣ ਲਈ ਸਿੰਘੂ ਬਾਰਡਰ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਪੁੱਜੇ। ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਮਸ਼ਹੂਰ ਅਦਾਕਾਰ ਸੰਨੀ ਦਿਉਲ ਨੇ ਪੰਜਾਬ ਨਾਲ ਧੋਖਾ ਕੀਤਾ ਹੈ ਤੇ ਉਹ ਪੰਜਾਬ ਦੇ ਗ਼ੱਦਾਰ ਹਨ। ਇਸ ਮੌਕੇ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਖੂਬ ਨਿਸ਼ਾਨਾ ਵਿਨ੍ਹਿਆ।

ਸਿੰਘੂ ਬਾਰਡਰ ‘ਤੇ ਲਗਾਏ ਧਰਨੇ ‘ਚ ਆਮ ਲੋਕਾਂ ਤੋਂ ਇਲਾਵਾ ਨਾਮੀ ਪੰਜਾਬੀ ਗਾਇਕਾਂ ਤੇ ਹੋਰਨਾਂ ਵਰਗਾਂ ਦੇ ਲੋਕਾਂ ਵਲੋਂ ਆਉਣਾ ਜਾਰੀ ਹੈ | ਅੱਜ ਕਿਸਾਨਾਂ ਦੀ ਹਮਾਇਤ ਲਈ ਨਾਮਵਰ ਪੰਜਾਬੀ ਗਾਇਕ ਤੇ ਫ਼ਿਲਮੀ ਅਦਾਕਾਰ ਗਿੱਪੀ ਗਰੇਵਾਲ, ਉੱਘੇ ਕਾਮੇਡੀਅਨ ਗੁਰਪ੍ਰੀਤ ਘੁੱਗੀ, ਸੂਫੀ ਗਾਇਕ ਸਰਦਾਰ ਅਲੀ ਅਤੇ ਗੀਤਕਾਰ ਗੁਰਮਿੰਦਰ ਕੈਂਡੋਵਾਲ ਉਚੇਚੇ ਤੌਰ ‘ਤੇ ਪੁੱਜੇ | ਜਿੱਥੇ ਗਿੱਪੀ ਗਰੇਵਾਲ ਨੇ ਖਾਲਸਾ ਏਡ ਸੰਸਥਾ ਦੇ ਲਗਾਏ ਸੇਵਾ ਪੰਡਾਲ ‘ਚ ਸੇਵਾ ਕੀਤੀ ਉੱਥੇ ਹੀ ਲੰਗਰ ‘ਚ ਜਾ ਕੇ ਰੋਟੀਆਂ
ਪਕਾ ਰਹੀਆਂ ਬੀਬੀਆਂ ਨਾਲ ਗੱਲਬਾਤ ਵੀ ਕੀਤੀ | ਦੂਜੇ ਪਾਸੇ ਧਰਨੇ ‘ਚ ਪਹੁੰਚੇ ਹਾਸਰਸ ਗੁਰਪ੍ਰੀਤ ਘੁੱਗੀ, ਸਰਦਾਰ ਅਲੀ ਤੇ ਗੁਰਮਿੰਦਰ ਕੈਂਡੋਵਾਲ ਨੇ ਸਟੇਜ ਤੋਂ ਸੰਬੋਧਨ ਕਰਨ ਸਮੇਂ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ |

ਧਰਨੇ ‘ਚ ਪਹੁੰਚੇ ਹਰਿਆਣਾ ਦਾ ਸਭ ਤੋਂ ਲੰਬੇ ਤੇ ਸਭ ਤੋਂ ਛੋਟੇ ਨੌਜਵਾਨ
ਇੱਥੇ ਹਰਿਆਣਾ ਦੇ ਸਭ ਤੋਂ ਲੰਬੇ ਨੌਜਵਾਨ ਜੀਤੂ ਮੌੜ (7.5 ਫੁੱਟ ਲੰਬਾ) ਅਤੇ ਪੋੋਲਾ ਮਲਿਕ (3 ਫੁੱਟ ਲੰਬਾ) ਚਰਚਾ ਦਾ ਵਿਸ਼ਾ ਬਣੇ ਰਹੇ ਤੇ ਇੱਥੇ ਪਹੁੰਚੇ ਲੋਕਾਂ ਨੇ ਉਨ੍ਹ•ਾਂ ਨਾਲ ਖੂਬ ਸੈਲਫੀਆਂ ਕਰਵਾਈਆਂ | ‘ਅਜੀਤ’ ਨਾਲ ਗੱਲਬਾਤ ਕਰਦਿਆਂ ਜੀਤੂ ਮੌੜ ਅਤੇ ਪੋਲਾ ਮਲਿਕ ਨੇ ਕਿਹਾ ਕਿ ਅਸੀਂ ਵੀ ਕਿਸਾਨਾਂ ਦੇ ਪੁੱਤਰ ਹਾਂ ਤੇ ਸਾਨੂੰ ਕਿਸਾਨੀ ਨਾਲ ਹੋ ਰਹੇ ਧੱਕੇ ਦਾ ਦਰਦ ਹੈ |

ਖਾਲਸਿਆਂ ਨੇ ਗਤਕੇ ਦੇ ਜ਼ੌਹਰ ਦਿਖਾਏ
ਦਿੱਲੀ ਸਰਹੱਦ ਨੂੰ ਜਾਂਦੇ ਰਸਤੇ ‘ਤੇ ਕੀਤੀ ਸਖ਼ਤ ਨਾਕਾਬੰਦੀ ਦੇ ਬਿਲਕੁੱਲ ਵਿਚਕਾਰ ਇੰਟਰਨੈਸ਼ਨਲ ਦਸਮੇਸ਼ ਗੱਤਕਾ ਅਕੈਡਮੀ ਦੇ ਨੌਜਵਾਨਾਂ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ |

ਅੰਗਹੀਣਾਂ ਨੇ ਭਰਿਆ ਨਵਾਂ ਜੋਸ਼
ਕਿਸਾਨੀ ਧਰਨੇ ‘ਚ ਪੰਜਾਬ ਤੋਂ ਪਹੁੰਚੇ ਅੰਗਹੀਣ ਵਿਅਕਤੀਆਂ ਨੇ ਜਿੱਥੇ ਕਿਸਾਨਾਂ ‘ਚ ਨਵਾਂ ਜੋਸ਼ ਭਰਿਆ ਉੱਥੇ ਹੀ ਉਨ•੍ਹਾਂ ਵਲੋਂ ਸੰਘਰਸ਼ ਕਰ ਰਹੇ ਕਿਸਾਨ ਭਰਾਵਾਂ ਨੂੰ ਮੀਂਹ ਦੇ ਬਚਾਅ ਲਈ ਰੇਨ ਕੋਟ ਤੇ ਹੋਰ ਸਾਮਾਨ ਵੀ ਵੰਡਿਆ ਗਿਆ | ‘ਅਜੀਤ’ ਨਾਲ ਗੱਲਬਾਤ ਕਰਦਿਆਂ ਹੈਂਡੀਕੈਪਡ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰੀਕ ਸਿੰਘ ਅਤੇ ਗੀਤਕਾਰ ਬਿੱਲਾ ਲਸੋਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਅੰਗਹੀਣ ਬਣਾਉਣਾ ਚਾਹੁੰਦੇ ਹਨ |