ਕੇਂਦਰੀ ਮੰਤਰੀ ਦਾ ਦਾਅਵਾ: ਕਿਸਾਨ ਅੰਦੋਲਨ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ

ਕੇਂਦਰੀ ਮੰਤਰੀ ਰਾਵਸਾਹਬ ਦਾਨਵੇ ਦਾ ਦਾਅਵਾ ਹੈ ਕਿ ਖੇਤੀ ਕਾਨੂੰਨ ‘ਚ ਬਦਲਾਅ ਦੀ ਮੰਗ ਨੂੰ ਲੈਕੇ ਦੇਸ਼ ‘ਚ ਚੱਲ ਰਹੇ ਕਿਸਾਨ ਅੰਦੋਲਨ ਦੇ ਪਿੱਛੇ ਪਾਕਿਸਤਾਨ ਤੇ ਚੀਨ ਦਾ ਹੱਥ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਸੋਧ ਕਾਨੂੰਨ (CAA) ਤੇ ਨੈਸ਼ਨਲ ਰਜਿਸਟਰ ਆਫ ਸਿਟੀਜਨਸ (NRC) ਲਈ ਵੀ ਭਟਕਾਇਆ ਗਿਆ ਸੀ ਪਰ ਉਹ ਸਫ਼ਲ ਨਹੀਂ ਹੋ ਸਕਿਆ।

ਉਨ੍ਹਾਂ ਕਿਹਾ ਹੁਣ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਖੇਤੀਬਾੜੀ ਦਾ ਨੁਕਸਾਨ ਹੋਵੇਗਾ। ਦਾਨਵੇ ਨੇ ਇਹ ਗੱਲਾਂ ਉਸ ਸਮੇਂ ਕਹੀਆਂ ਜਦੋਂ ਉਹ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਦੇ ਬਦਨਾਪੁਰ ਤਾਲੁਕਾ ਦੇ ਕੋਲਟੇ ਤਕਲੀ ਸਥਿਤ ਸਿਹਤ ਕੇਂਦਰ ਦਾ ਉਦਘਾਟਨ ਕਰਨ ਗਏ ਸਨ। ਉਨ੍ਹਾਂ ਕਿਹਾ ਵਿਰੋਧ ਪ੍ਰਦਰਸ਼ਨ ਕਿਸਾਨ ਲੋਕ ਨਹੀਂ ਕਰ ਰਹੇ। ਇਸ ਪਿੱਛੇ ਪਾਕਿਸਤਾਨ ਤੇ ਚੀਨ ਦਾ ਹੱਥ ਹੈ।

ਚੀਨ ਤੇ ਪਾਕਿਸਤਾਨ ਦੀ ਸਾਜ਼ਿਸ਼

ਰਾਵਸਾਹਿਬ ਨੇ ਅੱਗੇ ਕਿਹਾ, ‘ਪਹਿਲਾਂ ਇਸ ਦੇਸ਼ ਨੂੰ ਮੁਸਲਮਾਨਾਂ ਨੇ ਭੜਕਾਇਆ ਸੀ। ਉਨ੍ਹਾਂ ਨੂੰ ਕੀ ਕਿਹਾ ਗਿਆ, ਐਨਆਰਸੀ ਆਏਗਾ, ਸੀਏਏ ਆ ਰਿਹਾ ਹੈ ਤੇ ਮੁਸਲਮਾਨਾਂ ਨੂੰ ਅਗਲੇ ਛੇ ਮਹੀਨੇ ਦੇ ਅੰਦਰ ਦੇਸ਼ ਛੱਡ ਕੇ ਜਾਣਾ ਹੋਵੇਗਾ। ਕੀ ਇਕ ਵੀ ਮੁਸਲਮਾਨ ਦੇਸ਼ ਛੱਡ ਕੇ ਗਿਆ ? ਉਨ੍ਹਾਂ ਦੇ ਯਤਨ ਸਫ਼ਲ ਨਹੀਂ ਹੋ ਸਕੇ ਤੇ ਹੁਣ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਨੁਕਸਾਨ ਹੋਵੇਗਾ। ਇਹ ਹੋਰ ਦੇਸ਼ਾਂ ਦੀ ਸਾਜ਼ਿਸ਼ ਹੈ।