ਸ਼ਾਹਰੁਖ ਜਮਾਲ ਨੇ ਮੌਜੂਦਾ ਕਿਸਾਨੀ ਸੰਘਰਸ਼ ਦੇ ਹਵਾਲੇ ਨਾਲ ਲਿਬਰਲਾਂ ਅਤੇ ਸਿੱਖਾਂ ਦੇ ਆਪਸੀ ਸੰਬੰਧਾਂ ਬਾਰੇ ਬਹੁਤ ਕਮਾਲ ਦਾ ਲਿਖਿਆ ਹੈ

ਸ਼ਾਹਰੁਖ ਜਮਾਲ ਨੇ ਮੌਜੂਦਾ ਕਿਸਾਨੀ ਸੰਘਰਸ਼ ਦੇ ਹਵਾਲੇ ਨਾਲ ਲਿਬਰਲਾਂ ਅਤੇ ਸਿੱਖਾਂ ਦੇ ਆਪਸੀ ਸੰਬੰਧਾਂ ਬਾਰੇ ਬਹੁਤ ਕਮਾਲ ਦਾ ਲਿਖਿਆ ਹੈ, ਕਿਰਪਾ ਕਰਕੇ ਧਿਆਨ ਦਿਓ:

“ਲਿਬਰਲਾਂ ਨੇ ਝੱਟ ਹੀ ਟਪੂਸੀ ਮਾਰ ਕੇ ਐਲਾਨ ਕਰ ਦਿੱਤਾ ਸੀ ਕਿ (ਕਿਸਾਨਾਂ ਦੇ) ਵਿਰੋਧ ਪ੍ਰਦਰਸ਼ਨਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਵਿਚੋਂ ਬਹੁਤ ਸਾਰਿਆਂ ਲਈ ਧਰਮ ਨਾਲ ਦੂਰ-ਦੁਰਾਡੇ ਦਾ ਵਾਸਤਾ ਰੱਖਣ ਵਾਲ਼ੀ ਹਰ ਚੀਜ਼ ‘ਬੇਤੁਕੀ’ ਤੇ ‘ਪਿਛਾਂਹਖਿਚੂ ਹੁੰਦੀ ਹੈ। ਇਸ ਲਈ ਉਹ ਸਮਝਦੇ ਹਨ ਕਿ ਧਰਮ ਨਾਲ ਜੁੜੀ ਹਰ ਚੀਜ਼ ਨੂੰ ਛੱਡ ਦੇਣਾ ਚਾਹੀਦਾ ਹੈ। ਜਦੋਂ ਵੀ ਭਾਰਤ ਵਿਚ ਧਾਰਮਿਕ ਘੱਟਗਿਣਤੀਆਂ ਦੀ ਗੱਲ ਆਉਂਦੀ ਹੈ ਤਾਂ ਇਸੇ ਸੋਚ ਉੱਤੇ ਚਲਦੇ ਹੋਏ ਉਹ ਗੱਲਬਾਤ ਨੂੰ ਧਰਮ ਤੋਂ ਪਾਸੇ ਲੈ ਜਾਂਦੇ ਹਨ ਅਤੇ ਜਾਣੇ ਜਾਂ ਅਣਜਾਣੇ ਵਿਚ ਫਾਸ਼ੀਵਾਦੀਆਂ ਦੇ ਏਜੰਡੇ ਨੂੰ ਲੁਕਵੇਂ ਰੂਪ ਵਿਚ ਅੱਗੇ ਵਧਦਾ ਰਹਿਣ ਵਿਚ ਸਹਾਇਕ ਹੁੰਦੇ ਹਨ।

ਉਹ ਧਰਮ ਬਾਰੇ ਆਪਣਾ ਖਿਆਲ ਧੱਕੇ ਨਾਲ ਘੱਟਗਿਣਤੀਆਂ ਉੱਤੇ ਥੋਪਦੇ ਹਨ ਅਤੇ ਜਦੋਂ ਉਸ ਭਾਈਚਾਰੇ ਵਿਚੋਂ ਕੋਈ ਉਹਨਾਂ ਦੇ ਕਹੇ ਅਨੁਸਾਰ ਨਹੀਂ ਚੱਲਦਾ ਤਾਂ ਉਸ ਨੂੰ ਗਰਮ-ਖਿਆਲੀ, ਦਹਿਸ਼ਤਗਰਦਾਂ ਦਾ ਹਮਦਰਦ ਅਤੇ ਅਜਿਹਾ ਕਈ ਕੁਝ ਹੋਰ ਕਹਿਣ ਲੱਗ ਜਾਂਦੇ ਹਨ। ਜਦੋਂ ਥਰੂਰ ਵਰਗਿਆਂ ਨੂੰ ਲਾ ਇਲਾਹਾ ਨਾਲ ਸਮੱਸਿਆ ਹੁੰਦੀ ਹੈ ਤਾਂ … ਇਹ ਵੀ ਕਹਿਣ ਲੱਗ ਜਾਂਦੇ ਹਨ ਕਿ ਇਹ ਨਾਅਰਾ ਸਿਰਫ ਇਸ ਕਰਕੇ ਸਮੱਸਿਆਜਨਕ ਹੈ ਕਿ ਇਹ ਬਹੁਗਿਣਤੀ ਭਾਈਚਾਰੇ ਦੀਆਂ ਸਿੱਖਿਆਵਾਂ ਨਾਲ ਮੇਲ ਨਹੀਂ ਖਾਂਦਾ, ਜਿਹਨਾਂ ਦੀਆਂ ਸਮੂਹਿਕ ਭਾਵਨਾਵਾਂ ਹੀ ਇਹ ਪਰਭਾਸ਼ਤ ਕਰਦੀਆਂ ਹਨ ਕਿ ਘੱਟਗਿਣਤੀ ਭਾਈਚਾਰਿਆਂ ਨਾਲ ਸੰਬੰਧਤ ਸਾਡੇ ਸਾਰਿਆਂ ਲਈ ‘ਰਾਸ਼ਟਰਵਾਦ’ ਕੀ ਹੋਣਾ ਚਾਹੀਦਾ ਹੈ। ਇਸੇ ਲਈ ਉਹਨਾਂ ਨੂੰ ਹਮੇਸ਼ਾ ਹੀ ਸਿੱਖੀ ਨਾਲ ਵੀ ਸਮੱਸਿਆ ਹੁੰਦੀ ਹੈ। ਸਿੱਖੀ ਨੂੰ ਭਾਰਤੀ ਸੰਵਿਧਾਨ ਵੱਲੋਂ ਵੱਖਰੇ ਧਰਮ ਦੀ ਵੀ ਮਾਨਤਾ ਨਹੀਂ ਦਿੱਤੀ ਜਾਂਦੀ। ਇਹ ਹਿੰਦੂ ਧਰਮ ਦੇ ਥੱਲੇ ਆਉਂਦਾ ਹੈ, ਅਤੇ ਸਿੱਖਾਂ ਦੀਆਂ ਬਹੁਤ ਸਾਰੀਆਂ ਮੰਗਾਂ ਵਿਚੋਂ ਇਕ ਇਹ ਹੈ ਕਿ ਉਹਨਾਂ ਦੇ ਅਕੀਦੇ ਨੂੰ ਵੱਖਰਾ ਰੁਤਬਾ ਦਿੱਤਾ ਜਾਵੇ।


ਇਹ ਗੱਲ ਬੇਤੁਕੀ ਲੱਗਦੀ ਹੈ ਜਦੋਂ ਉਹ ਸਿੱਖਾਂ ਦੇ ਪ੍ਰਵਚਨ ਨੂੰ ਹਾਈਜੈਕ ਕਰਨ ਲਈ ਅਜਿਹੇ ਪ੍ਰਵਚਨ ਲਿਆਉਂਦੇ ਹਨ ਜਦੋਂ ਕਿ ਬਹੁਤ ਸਾਰੇ ਸਿੱਖ ਵਿਸਥਾਰ ਵਿਚ ਇਸ ਗੱਲ ਬਾਰੇ ਲਿਖ ਰਹੇ ਹਨ ਕਿ ਇਹ ਸਾਰਾ ਕੁਝ ਸਰਕਾਰ ਦੇ ਸਿੱਖ ਵਿਰੋਧੀ ਵਤੀਰੇ ਦੇ ਲੰਮੇ, ਬਹੁਤ ਲੰਮੇ ਇਤਿਹਾਸ ਨਾਲ ਬਹੁਤ ਡੂੰਘਾਈ ਵਿਚ ਜੁੜਿਆ ਹੋਇਆ ਹੈ (ਅਤੇ ੧੯੮੪ ਦੀ ਨਸਲਕੁਸ਼ੀ ਵੀ ਇਸੇ ਨਫਰਤ ਦਾ ਇਕ ਹਿੱਸਾ ਹੈ)। ਇਹ ਗੱਲ ਆਜ਼ਾਦ ਭਾਰਤ ਦੀ ਉਸਾਰੀ ਤੱਕ ਪਿੱਛੇ ਜਾਂਦੀ ਹੈ। ਇੱਥੋਂ ਤੱਕ ਕਿ ਮੇਰੇ ਕੋਲ ਵੀ ਬਹੁਤ ਸਾਰੀ ਅਜਿਹੀ ਜਾਣਕਾਰੀ ਪਹੁੰਚ ਰਹੀ ਹੈ ਜਿਹੜੀ ਸਿੱਖਾਂ ਵੱਲੋਂ ਅਜੇ ਵੀ ਹੰਢਾਏ ਜਾ ਰਹੇ ਸਿੱਧੇ ਅਤੇ ਲੁਕਵੇਂ ਪੱਖਪਾਤ ਨਾਲ ਸੰਬੰਧਤ ਹੈ।

ਕਿਸਾਨੀ ਦਾ ਇਤਿਹਾਸ ਵੀ ਸਿੱਖੀ ਨਾਲ ਜੁੜਿਆ ਹੋਇਆ ਹੈ ਅਤੇ ਉਹਨਾਂ ਨੇ ਇਸ ਨੂੰ ਹਮੇਸ਼ਾ ਹੀ ਅਪਣਾ ਕੇ ਰੱਖਿਆ ਹੈ। ਉਹਨਾਂ ਦਾ ਇਸ ਮੁਲਕ ਵਿਚ ਵਿਰੋਧ ਦਾ ਇਕ ਆਪਣਾ ਇਤਿਹਾਸ ਹੈ ਜਿਹਦੇ ਕਰਕੇ ਉਹ ਏਨੇ ਜਥੇਬੰਦ ਹਨ ਕਿ ਵੱਖਰੀਆਂ ਰਾਜਨੀਤਕ ਵਿਚਾਰਧਾਰਾਵਾਂ ਵਾਲਿਆਂ ਨੂੰ ਸਟੇਜ ਅਤੇ ਆਪਣੇ ਪ੍ਰਵਚਨ ਨੂੰ ਹਾਈਜੈਕ ਨਹੀਂ ਕਰਨ ਦਿੰਦੇ। ਵਿਰੋਧ ਦਾ ਇਹ ਇਤਿਹਾਸ ਸਾਨੂੰ ਉਹਨਾਂ ਵਿਤਕਰਿਆਂ ਬਾਰੇ ਵੀ ਦੱਸਦਾ ਹੈ ਜਿਹੜੇ ਉਹਨਾਂ ਨੂੰ ਆਪਣੇ ਧਰਮ ਕਰਕੇ ਸਹਿਣੇ ਪਏ ਹਨ। ਇਹ ਸਾਡੇ ਸਭ ਲਈ, ਖਾਸ ਕਰਕੇ ਹੋਰਨਾਂ ਘੱਟਗਿਣਤੀ ਭਾਈਚਾਰਿਆਂ ਲਈ, ਬੇਹੱਦ ਜਰੂਰੀ ਹੈ ਕਿ ਅਸੀਂ ਸਿੱਖਾਂ ਦੇ ਸੰਘਰਸ਼ ਬਾਰੇ ਪੜ੍ਹੀਏ ਅਤੇ ਇਸ ਗੱਲ ਨੂੰ ਸਮਝੀਏ ਕਿ ਇਹਨਾਂ ਨਾਲ ਕਿਵੇਂ ਧੱਕੇਸ਼ਾਹੀ ਹੋਈ ਹੈ।


ਇੰਸਟਾਗਰਾਮ ਉੱਤੇ ਅਜਿਹੇ ਬਹੁਤ ਸਾਰੇ ਸਿੱਖ ਅਕਾਊਂਟ ਹਨ ਜਿਹੜੇ ਸਾਨੂੰ ਉਹਨਾਂ ਦੇ ਆਪਣੇ ਪ੍ਰਵਚਨਾਂ ਬਾਰੇ ਦੱਸਦੇ ਹਨ ਨਾ ਕਿ ਸਟੇਟ ਵੱਲੋਂ ਪ੍ਰਚਾਰੇ ਜਾ ਰਹੇ ਝੂਠਾਂ ਬਾਰੇ ਜਿਹੜੇ ਕਿ ਅਸੀਂ ਸਾਰਿਆਂ ਨੇ ਆਪਣੇ ਅੰਦਰ ਵਸਾਏ ਹੋਏ ਹਨ। ਸਿਰਫ ਲੰਗਰ ਅਤੇ ਸੇਵਾ ਹੀ ਸਿੱਖੀ ਨਹੀਂ, ਸਰਕਾਰ ਦੇ ਜ਼ੁਲਮ ਵਿਰੁੱਧ ਡਟ ਜਾਣਾ ਵੀ ਸਿੱਖਾਂ ਦੇ ਧਰਮ ਦਾ ਅਹਿਮ ਅੰਗ ਹੈ। ਕਈ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਆਉਂਦੀ। ਤੇ ਸਿੱਖ ਇਸ ਗੱਲ ਬਾਰੇ ਬੜੇ ਬੇਬਾਕ ਹਨ।”

_ਤਰਜ਼ਮਾ – ਪ੍ਰਭਸ਼ਰਨਬੀਰ ਸਿੰਘ