ਕਿਸਾਨਾਂ ਲਈ ਹੋਟਲਾਂ ਤੇ ਢਾਬੇ ਮਾਲਕਾਂ ਵੱਲੋਂ ਮੁਫਤ ਰਹਿਣ ਤੇ ਖਾਣ ਦਾ ਪ੍ਰਬੰਧ

ਕਿਸਾਨ, ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ਦੇ ਹਿੱਸੇ ਵਜੋਂ ਪੰਜਾਬ, ਹਰਿਆਣਾ ਅਤੇ ਯੂ ਪੀ ਤੋਂ ਵੱਡੀ ਗਿਣਤੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਹੈ।

ਇਸ ਦੌਰਾਨ ਹਰਿਆਣਾ-ਦਿੱਲੀ ਬਾਰਡਰ ਉਤੇ ਕਈ ਹੋਟਲ ਤੇ ਢਾਬੇ ਮਾਲਕਾਂ ਨੇ ਕਿਸਾਨਾਂ ਨੂੰ ਮੁਫਤ ਰਹਿਣ ਤੇ ਖਾਣ ਪੀਣ ਦੀ ਪੇਸ਼ਕਲ਼ ਕੀਤੀ ਹੈ। ਕੁੰਡਲੀ ਬਾਰਡਰ ਉਤੇ ਸੁਧੀਰ ਹੋਟਲ ਦੇ ਮਾਲਕ ਨੇ ਕਿਸਾਨਾਂ ਨੂੰ ਮੁਫਤ ਰਹਿਣ ਲਈ ਥਾਂ ਦਿੱਤੀ ਹੈ। ਖਾਸ ਕਰ ਕਿਸਾਨ ਬੀਬੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਮੂਰਥਲ ਦੇ ਪ੍ਰਸਿੱਧ ਅਮਰੀਕ ਸੁਖਦੇਵ ਢਾਬੇ ਨੇ ਪੰਜਾਬ ਤੋਂ ਦਿੱਲੀ ਆਉਣ ਵਾਲੇ ਕਿਸਾਨਾਂ ਦੀ ਸਹਾਇਤਾ ਲਈ ਆਪਣੇ ਬੂਹੇ ਖੋਲ੍ਹ ਦਿੱਤੇ ਹਨ। ਮੁਰਥਲ ਢਾਬਾ ਵਜੋਂ ਜਾਣਿਆ ਜਾਂਦਾ ਇਹ ਢਾਬਾ ਤਿੰਨ ਦਿਨਾਂ ਤੋਂ ਕਿਸਾਨਾਂ ਨੂੰ ਲੰਗਰ ਛਕਾ ਰਿਹਾ ਹੈ।

ਮੁਰਥਲ ਦੇ ਅਮਰੀਕ ਸੁਖਦੇਵ ਢਾਬੇ ਵਿੱਚ ਕਿਸਾਨਾਂ ਵੱਲੋਂ ਖਾਧੇ ਜਾ ਰਹੇ ਲੰਗਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਨੂੰ ਇੰਡੀਅਨ ਯੂਥ ਕਾਂਗਰਸ ਨੇ ਫੇਸਬੁੱਕ ‘ਤੇ ਅਪਲੋਡ ਕੀਤਾ ਹੈ। ਇਸ ਵਿਚ ਕਿਸਾਨ ਢਾਬੇ ਦੇ ਅੰਦਰ ਬੈਠ ਕੇ ਖਾਣਾ ਖਾ ਰਹੇ ਹਨ। ਇਸ ਵੀਡੀਓ ਦੇ ਨਾਲ ਕੈਪਸ਼ਨ ਲਿਖਿਆ ਗਿਆ ਹੈ, ‘ਕਿਸਾਨਾਂ ਨਾਲ ਭਾਰਤ। ਇਹ ਸਾਡਾ ਭਾਰਤ ਹੈ, ਸਲਾਮ…. ਅਮਰੀਕ ਸੁਖਦੇਵ ਢਾਬਾ ਦਿੱਲੀ-ਹਰਿਆਣਾ ਸਰਹੱਦ ‘ਤੇ ਮੁਰਥਲ ਵਿਖੇ ਕਿਸਾਨਾਂ ਨੂੰ ਮੁਫਤ ਖਾਣਾ ਮੁਹੱਈਆ ਕਰਵਾ ਰਿਹਾ ਹੈ।