ਕਿਸਾਨਾਂ ਨਾਲ ਗੱਲਬਾਤ ਲਈ ਕਾਹਲੀ ਪਈ ਕੇਂਦਰ ਸਰਕਾਰ

ਕਿਸਾਨਾਂ ਦਾ ਰੋਹ ਵੇਖ ਗੱਲਬਾਤ ਲਈ ਕਾਹਲੀ ਪਈ ਕੇਂਦਰ ਸਰਕਾਰ, ਪੰਜਾਬ ਭਾਜਪਾ ਆਗੂਆਂ ਵੱਲੋਂ ਕੇਂਦਰ ਕੋਲ ਪਹੁੰਚ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਰੋਹ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਕਾਹਲੀ ਪਈ ਜਾਪਦੀ ਹੈ। ਕੱਲ੍ਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕੇਂਦਰੀ ਮੰਤਰੀਆਂ ਦੇ ਫੋਨ ਆਉਣ ਤੋਂ ਬਾਅਦ ਵੀ ਕਿਸਾਨਾਂ ਦੀ ਅੜੀ ਪਿੱਛੋਂ ਕੇਂਦਰ ਸਰਕਾਰ ਦੀ ਸਿਰਦਰਦੀ ਹੋਰ ਵਧ ਗਈ ਹੈ। ਹਾਲਾਤ ਇਹ ਬਣ ਗਏ ਹਨ ਕਿ ਪੰਜਾਬ ਦੇ ਭਾਜਪਾ ਆਗੂ ਵੀ ਕੇਂਦਰ ਸਰਕਾਰ ਕੋਲ ਸਥਿਤੀ ਨੂੰ ਸੰਭਾਲਣ ਲਈ ਧਡ਼ਾ ਧੜ ਪਹੁੰਚ ਕਰਨ ਲੱਗੇ ਹਨ।

ਪੰਜਾਬ ਭਾਜਪਾ ਦੇ ਕੁਝ ਆਗੂਆਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕੇਂਦਰ ਸਰਕਾਰ 3 ਦਸੰਬਰ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਕਿਸਾਨਾਂ ਨਾਲ ਪਹਿਲੀ ਦਸੰਬਰ ਨੂੰ ਹੀ ਗੱਲਬਾਤ ਕਰ ਸਕਦੀ ਹੈ। ਇਸ ਬਾਰੇ ਕਦੇ ਵੀ ਐਲਾਨ ਹੋਣ ਦੀ ਸੰਭਾਵਨਾਂ ਹੈ।

ਦੱਸ ਦਈਏ ਕਿ ਕਿਸਾਨਾਂ ਨੇ ਦਿੱਲੀ ਨੂੰ ਚੁਫੇਰਿਓਂ ਘੇਰਾ ਪਾ ਲਿਆ ਹੈ। ਕਿਸਾਨਾਂ ਵੱਲੋਂ ਸਿੰਘੂ ਬਾਰਡਰ ਉਪਰ ਦਿੱਤੇ ਜਾ ਰਹੇ ਧਰਨੇ ਕਰ ਕੇ ਦਿੱਲੀ ਟਰੈਫਿਕ ਪੁਲਿਸ ਦੇ ਕੱਲ੍ਹ ਸਾਰਾ ਦਿਨ ਸਾਹ ਫੁੱਲੇ ਰਹੇ ਤੇ ਕਰਨਾਲ ਬਾਈਪਾਸ ਉਪਰ ਭਾਰੀ ਜਾਮ ਲੱਗ ਗਿਆ, ਜਿਸ ਦਾ ਅਸਰ ਆਜ਼ਾਦਪੁਰ ਤੱਕ ਪਿਆ। ਦਰਅਸਲ, ਦਿੱਲੀ ਪੁਲਿਸ ਵੱਲੋਂ ਹਜ਼ਾਰਾਂ ਕਿਸਾਨਾਂ ਦੇ ਟੀਕਰੀ ਤੇ ਸਿੰਘੂ ਵਿਚ ਧਰਨਾ ਲਾ ਕੇ ਬੈਠ ਜਾਣ ਮਗਰੋਂ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਰੋਹਿਣੀ ਤੋਂ ਆਉਣ ਵਾਲੇ ਵਾਹਨਾਂ ਤੇ ਉਧਰ ਜਾਣ ਵਾਲੀਆਂ ਗੱਡੀਆਂ ਦੀ ਸਖ਼ਤ ਨਿਗਰਾਨੀ ਕੀਤੀ ਗਈ। ਮੁਕਬਰਾ ਚੌਕ ਤੋਂ ਸੋਨੀਪਤ ਵੱਲ ਨੂੰ ਭਾਰੀ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ। ਇਸੇ ਕਰ ਕੇ ਜਾਮ ਵਾਲੀ ਹਾਲਤ ਬਣ ਗਈ ਤੇ ਲੋਕਾਂ ਦੀਆਂ ਗੱਡੀਆਂ ਲੰਮੀਆਂ ਕਤਾਰਾਂ ਵਿੱਚ ਖੜ੍ਹ ਗਈਆਂ।

ਦਿੱਲੀ ਟਰੈਫਿਕ ਪੁਲਿਸ ਨੇ ਟਵੀਟ ਕੀਤਾ ਕਿ ਆਜ਼ਾਦਪੁਰ ਅਤੇ ਬਾਹਰੀ ਰਿੰਗ ਰੋਡ ਤੋਂ ਸਿੰਘੂ ਬਾਰਡਰ ਤੱਕ ਟਰੈਫਿਕ ਦੀ ਆਗਿਆ ਨਹੀਂ ਹੈ। ਹਾਲਾਤ ਹੋ ਵਿਰੜ ਰਹੇ ਹਨ।