ਮਾਮਲਾ ਅਕਸ਼ੈ ਕੁਮਾਰ ਵਲੋਂ ਯੂਟਿਊਬਰ ’ਤੇ ਕੀਤੇ 500 ਕਰੋੜ ਦੇ ਮਾਣਹਾਨੀ ਦੇ ਕੇਸ ਦਾ

ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਊਸ ਵਿਰੁੱਧ ਝੂਠੀਆਂ ਅਫ਼ਵਾਹਾਂ ਫੈਲਾਊਣ ਵਾਲੇ ਇੱਕ ਯੂ-ਟਿਊਬਰ ਖ਼ਿਲਾਫ਼ 500 ਕਰੋੜ ਦੀ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਰਾਸ਼ਿਦ ਸਿੱਦੀਕੀ ਨਾਂ ਦੇ ਇਸ ਯੂ-ਟਿਊਬਰ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਅਕਸ਼ੈ ਖ਼ਿਲਾਫ਼ ਕਈ ਗੰਭੀਰ ਦੋਸ਼ ਲਗਾਏ ਹਨ। ਸਿੱਦੀਕੀ ਨੂੰ ਹਾਲ ਹੀ ਵਿੱਚ ਇਸੇ ਮਾਮਲੇ ਸਬੰਧੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕੁਰੇ ਅਤੇ ਊਨ੍ਹਾਂ ਦੇ ਪੁੱਤਰ ਮੰਤਰੀ ਆਦਿੱਤਿਆ ਠਾਕੁਰੇ ਨੂੰ ਫਸਾਊਣ ਅਤੇ ਝੂਠੀਆਂ ਖ਼ਬਰਾਂ ਫ਼ੈਲਾਊਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਯੂ-ਟਿਊਬਰ ਨੇ ਅਨੇਕਾਂ ਅਦਾਕਾਰਾਂ ਖ਼ਿਲਾਫ਼ ਝੂਠੀਆਂ ਖ਼ਬਰਾਂ ਫ਼ੈਲਾਊਣ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਕੀਤੀ। ਊਸ ਨੇ ਆਪਣੀਆਂ ਵੀਡੀਓ’ਜ਼ ਵਿੱਚ ਕਈ ਥਾਈਂ ਅਕਸ਼ੈ ਦਾ ਨਾਂ ਲੈ ਕੇ ਊਸ ਖ਼ਿਲਾਫ਼ ਗੰਭੀਰ ਦੋਸ਼ ਲਗਾਏ।

ਸਿੱਦੀਕੀ ਅਨੁਸਾਰ ਅਕਸ਼ੈ ਸੁਸ਼ਾਂਤ ਸਿੰਘ ਦੀ ਫ਼ਿਲਮ ‘ਐੱਮਐੱਸ ਧੋਨੀ, ਦਿ ਅਨਟੋਲਡ ਸਟੋਰੀ’ ਦੀ ਸਫ਼ਲਤਾ ਤੋਂ ਖ਼ੁਸ਼ ਨਹੀਂ ਸਨ। ਊਸ ਨੇ ਦੋਸ਼ ਲਗਾਏ ਕਿ ਅਕਸ਼ੈ ਨੇ ਸੁਸ਼ਾਂਤ ਮਾਮਲੇ ਸਬੰਧੀ ਆਦਿੱਤਿਆ ਠਾਕੁਰੇ ਅਤੇ ਮੁੰਬਈ ਪੁਲੀਸ ਨਾਲ ਕਈ ਗੁਪਤ ਮੀਟਿੰਗਾਂ ਕੀਤੀਆਂ। ਸਿੱਦਕੀ ਨੇ ਅਕਸ਼ੈ ’ਤੇ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚਕਰਵਰਤੀ ਨੂੰ ਕੈਨੇਡਾ ਭੇਜਣ ਵਿੱਚ ਮਦਦ ਕਰਨ ਦੇ ਵੀ ਦੋਸ਼ ਲਗਾਏ ਸਨ। ਰਾਸ਼ਿਦ ਬਿਹਾਰ ਦਾ ਰਹਿਣ ਵਾਲਾ ਹੈ ਤੇ ਪੇਸ਼ੇ ਵਜੋਂ ਸਿਵਲ ਇੰਜਨੀਅਰ ਹੈ। ਊਹ ਯੂ-ਟਿਊਬ ’ਤੇ ਐੱਫਐੱਫ ਨਿਊਜ਼ ਨਾਂ ਦਾ ਚੈਨਲ ਚਲਾਊਂਦਾ ਹੈ। ਊਸ ਨੇ ਯੂ-ਟਿਊਬ ’ਤੇ ਵੀਡੀਓ ਪਾ ਕੇ ਚਾਰ ਮਹੀਨਿਆਂ ’ਚ 15 ਲੱਖ ਰੁਪਏ ਕਮਾਏ ਸਨ।

ਯੂ-ਟਿਊਬਰ ਰਾਸ਼ਿਦ ਸਿੱਦੀਕੀ ਨੇ ਅਕਸ਼ੈ ਕੁਮਾਰ ਦੇ ਮਾਣਹਾਨੀ ਨੋਟਿਸ ਦਾ ਵਿਰੋਧ ਕੀਤਾ ਹੈ | ਨਾਲ ਹੀ 500 ਕਰੋੜ ਦਾ ਮੁਆਵਜ਼ਾ ਦੇਣ ਤੋਂ ਇਨਕਾਰ ਕੀਤਾ ਹੈ | ਰਾਸ਼ਿਦ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਵੀਡੀਓ ‘ਚ ਅਪਮਾਨਜਨਕ ਕੁਝ ਨਹੀਂ ਸੀ | ਉਨ੍ਹਾਂ ਅਕਸ਼ੈ ਨੂੰ ਮਾਣਹਾਨੀ ਦਾ ਨੋਟਿਸ ਵਾਪਸ ਲੈਣ ਦੀ ਵੀ ਅਪੀਲ ਕੀਤੀ ਹੈ | ਅਜਿਹਾ ਨਾ ਕਰਨ ‘ਤੇ ਉਹ ਅਭਿਨੇਤਾ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਗੱਲ ਕਰ ਰਹੇ ਹਨ | ਰਾਸ਼ਿਦ ਸਿੱਦੀਕੀ ਨੇ ਸ਼ੁੱਕਰਵਾਰ ਨੂੰ ਆਪਣੇ ਵਕੀਲ ਜੇ.ਪੀ. ਜਾਇਸਵਾਲ ਦੇ ਜ਼ਰੀਏ ਜਵਾਬ ਦਿੰਦੇ ਹੋਏ ਕਿਹਾ ਕਿ ਅਕਸ਼ੈ ਕੁਮਾਰ ਦੁਆਰਾ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ | ਇਹ ਦੋਸ਼ ਮੈਨੂੰ ਪ੍ਰੇਸ਼ਾਨ ਕਰਨ ਲਈ ਲਗਾਏ ਗਏ ਹਨ | ਜਵਾਬ ‘ਚ ਕਿਹਾ ਗਿਆ ਹੈ ਕਿ ਹਰ ਭਾਰਤੀ ਨਾਗਰਿਕ ਦੇ ਕੋਲ ਵਿਚਾਰਾਂ ਦੇ ਪ੍ਰਗਟਾਵੇ ਦੇ ਅਧਿਕਾਰ ਸੁਰੱਖਿਅਤ ਹਨ |

ਰਾਸ਼ਿਦ ਦੁਆਰਾ ਅਪਲੋਡ ਕੀਤੇ ਗਏ ਵੀਡੀਓ ‘ਚ ਕੁਝ ਵੀ ਅਪਮਾਨਜਨਕ ਨਹੀਂ ਹੈ | ਉਸ ਨੂੰ ਨਿਰਪੱਖਤਾ ਦੇ ਦਿ੍ਸ਼ਟੀਕੋਣ ਨਾਲ ਦੇਖਿਆ ਜਾਂਦਾ ਹੈ | ਇਸ ‘ਚ ਕਿਹਾ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਬਾਅਦ ਸਿੱਦੀਕੀ ਸਹਿਤ ਕਈ ਸੁਤੰਤਰ ਪੱਤਰਕਾਰਾਂ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਉਠਾਇਆ, ਕਿਉਂਕਿ ਕਈ ਪ੍ਰਭਾਵਸ਼ਾਲੀ ਲੋਕ ਸ਼ਾਮਿਲ ਸਨ ਅਤੇ ਮੰਨੇ ਪ੍ਰਮੰਨੇ ਮੀਡੀਆ ਚੈਨਲ ਸਹੀ ਜਾਣਕਾਰੀ ਨਹੀਂ ਦੇ ਰਹੇ ਸਨ | ਜਵਾਬ ‘ਚ ਕਿਹਾ ਗਿਆ ਕਿ ਰਾਸ਼ਿਦ ਸਿੱਦੀਕੀ ਦੁਆਰਾ ਵੀਡੀਓ ‘ਚ ਦਿੱਤੀ ਗਈ ਜਾਣਕਾਰੀ ਪਹਿਲਾਂ ਤੋਂ ਹੀ ਜਨਤਕ ਹੈ ਅਤੇ ਉਸ ਨੇ ਦੂਸਰੇ ਚੈਨਲਾਂ ‘ਚ ਚੱਲੀ ਖ਼ਬਰ ਦੇ ਆਧਾਰ ‘ਤੇ ਵੀਡੀਓ ‘ਚ ਆਪਣੀ ਗੱਲ ਰੱਖੀ | ਰਾਸ਼ਿਦ ਦੇ ਵਕੀਲ ਨੇ 2 ਮਹੀਨੇ ਤੋਂ ਜ਼ਿਆਦਾ ਵਕਤ ਬੀਤ ਜਾਣ ਦੇ ਬਾਅਦ ਅਕਸ਼ੈ ਦੁਆਰਾ ਮਾਣਹਾਨੀ ਦਾ ਨੋਟਿਸ ਭੇਜਣ ‘ਤੇ ਵੀ ਸਵਾਲ ਉਠਾਏ ਹਨ |