ਸੰਗਤ ਬਾਦਲ ਪਰਿਵਾਰ ਨੂੰ ਗੁਰੂ ਘਰਾਂ ‘ਚੋਂ ਬਾਹਰ ਕਰਕੇ ਪਿੰਡਾਂ ‘ਚ ਬਾਦਲ-ਮਜੀਠੀਆ ਪਰਿਵਾਰਾਂ ਦਾ ਬਾਈਕਾਟ ਕਰੇ- ਭਾਈ ਰਣਜੀਤ ਸਿੰਘ

ਮਾਮਲਾ ਗੁੰਮ ਹੋਏ ਹੱਥ ਲਿਖਤ ਪਾਵਨ ਸਰੂਪਾਂ ਅਤੇ ਇਤਿਹਾਸਕ ਹੁਕਮਨਾਮਿਆਂ ਦਾ –
ਪੰਥਕ ਅਕਾਲੀ ਲਹਿਰ ਵਲੋਂ ਸ੍ਰੀ ਦਰਬਾਰ ਸਾਹਿਬ ਸਾਹਮਣੇ ਧਰਨਾ


ਪੰਥਕ ਅਕਾਲੀ ਲਹਿਰ ਵਲੋਂ ਸਾਕਾ ਨੀਲਾ ਤਾਰਾ ਤੋਂ ਬਾਅਦ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਕਥਿਤ ਤੌਰ ‘ਤੇ ਗੁੰਮ ਹੋਏ ਪੁਰਾਤਨ ਸਰੂਪਾਂ ਤੇ ਹੁਕਮਨਾਮਿਆਂ ਅਤੇ 2016 ਵਿਚ ਲਾਪਤਾ ਹੋਏ 328 ਪਾਵਨ ਸਰੂਪਾਂ ਦਾ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗਵਾਲ ਤੋਂ ਹਿਸਾਬ ਮੰਗਣ ਲਈ ਸੰਸਥਾ ਦੇ ਮੁਖੀ ਅਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਿਚ ਅੱਜ ਗੁ: ਬੁਰਜ ਅਕਾਲੀ ਬਾਬਾ ਫ਼ੂਲਾ ਸਿੰਘ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਰੋਸ ਮਾਰਚ ਕੱਢੇ ਜਾਣ ਉਪਰੰਤ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਡਿਉੂੜੀ ਦੇ ਸਾਹਮਣੇ ਪਲਾਜ਼ਾ ਵਿਖੇ ਕਰੀਬ ਸਾਢੇ ਤਿੰਨ ਘੰਟੇ ਰੋਸ ਧਰਨਾ ਦਿੱਤਾ ਗਿਆ | ਭਾਈ ਰਣਜੀਤ ਸਿੰਘ ਨੇ ਧਰਨੇ ਵਿਚ ਸ਼ਾਮਿਲ ਸੰਗਤ ਨੂੰ ਸੰਬੋਧਨ ਕਰਦਿਆਂ ਲਾਪਤਾ ਕੀਤੇ ਪਾਵਨ ਸਰੂਪਾਂ ਲਈ ਬਾਦਲ ਪਰਿਵਾਰ, ਭਾਈ ਲੌਾਗੋਵਾਲ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਬਾਦਲ ਪਰਿਵਾਰ ਨੂੰ ਗੁਰੂ ਘਰਾਂ ‘ਚੋਂ ਬਾਹਰ ਕਰਨ ਅਤੇ ਪਿੰਡਾਂ ਵਿਚ ਬਾਦਲ-ਮਜੀਠੀਆ ਪਰਿਵਾਰਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਦੋ ਸੌ ਦੇ ਕਰੀਬ ਹੱਥ ਲਿਖਤ ਪਾਵਨ ਗ੍ਰੰਥ, 28 ਅਸਲ ਹੁਕਮਨਾਮੇ ਤੇ 2 ਅਸਲ ਜਨਮ ਸਾਖੀਆਂ, ਜੋ ਸਾਡੀ ਕੌਮ ਦਾ ਸਰਮਾਇਆ ਹਨ ਤੇ ਜੋ ਫੌਜ ਦੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਨੂੰ ਸੀ.ਬੀ.ਆਈ. ਨੇ ਵਾਪਸ ਕਰ ਦਿੱਤੇ ਗਏ ਸਨ, ਉਹ ਅੱਜ ਗੁੰਮ ਹਨ, ਜਿਸ ਦਾ ਹਿਸਾਬ ਸਿੱਖ ਪੰਥ ਨੂੰ ਦੇਣਾ ਪਵੇਗਾ | ਉਨ੍ਹਾਂ ਦੋਸ਼ ਲਾਇਆ ਕਿ 328 ਲਾਪਤਾ ਪਾਵਨ ਸਰੂਪ ਮਾਮਲੇ ਵਿਚ ਵੀ ਈਸ਼ਰ ਸਿੰਘ ਤੋਂ ਕਰਵਾਈ ਜਾਂਚ ਰਿਪੋਰਟ ਨੂੰ ਵੀ ਬਾਦਲ ਪਰਿਵਾਰ ਨੂੰ ਬਚਾਉਣ ਲਈ ਬਦਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਕਮਿਸ਼ਨ ਤੋਂ ਪੜਤਾਲ ਸੰਨ 2012 ਤੋਂ 2015 ਤੱਕ ਕਰਵਾਈ ਗਈ ਜਦੋਂ ਕਿ ਇਹ ਪੜਤਾਲ ਸੰਨ 2016 ਤੋਂ 2020 ਤੱਕ ਹੋਣੀ ਚਾਹੀਦੀ ਸੀ |

ਉਨ੍ਹਾਂ ਦੋਸ ਲਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਗੁਰੂ ਗ੍ਰੰਥ ਸਾਹਿਬ ਭਵਨ ਦੀ ਪ੍ਰੈਸ ਵਿਚ 12 ਲੱਖ ਰੁਲਦੇ ਪਏ ਪਾਵਨ ਅੰਗਾਂ ਦੀਆਂ ਤਸਵੀਰਾਂ ਵੀ ਉਨ੍ਹਾਂ ਪਾਸ ਹਨ ਜੋ ਬਹੁਤ ਵੱਡੀ ਬੇਅਦਬੀ ਹੈ | ਉਨ੍ਹਾਂ ਕਿਹਾ ਕਿ ਪੰਥ ਇਹ ਵੀ ਹਿਸਾਬ ਮੰਗਦਾ ਹੈ ਕਿ ਕੈਨੇਡਾ ਵਿਖੇ ਛਾਪੇ ਗਏ ਪਾਵਨ ਸਰੂਪਾਂ ਦੀ ਇਜ਼ਾਜ਼ਤ ਕਿਸ ਨੇ ਦਿੱਤੀ | ਇਸ ਮੌਕੇ ਪੁਲਿਸ ਵਲੋਂ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦੇ ਖਦਸ਼ੇ ਨੂੰ ਲੈ ਕੇ ਘੰਟਾ ਘਰ ਡਿਊੜੀ ਨੇੜੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਧਰਨੇ ‘ਚ ਸ਼ੋ੍ਰਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਭਾਈ ਮੋਹਕਮ ਸਿੰਘ, ਸਰਬਜੀਤ ਸਿੰਘ ਘੁੰਮਣ, ਸਤਨਾਮ ਸਿੰਘ ਮਨਾਵਾਂ, ਹਰਿਆਣਾ ਤੋਂ ਸ਼ੋ੍ਰਮਣੀ ਕਮੇਟੀ ਮੈਂਬਰ ਬਾਬਾ ਤਰਲੋਕ ਸਿੰਘ ਤੇ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਸਮੇਤ ਹੋਰ ਹਾਜ਼ਰ ਸਨ | ਇਕ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸ਼ਬਦ ਕੀਰਤਨ ਚੱਲਦਾ ਰਿਹਾ ਤੇ ਦੂਜੇ ਪਾਸੇ ਬਾਦਲ ਪਰਿਵਾਰ ਮੁਰਦਾਬਾਦ ਦੇ ਨਾਅਰੇ ਲੱਗਦੇ ਰਹੇ ਤੇ ਧਾਰਮਿਕ ਆਗੂਆਂ ਦੇ ਭਾਸ਼ਣ ਹੁੰਦੇ ਰਹੇ |

ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਦੇ ਦੋਸ਼ਾਂ ਨੂੰ ਨਕਾਰਿਆ
ਇਸੇ ਦੌਰਾਨ ਸ਼ੋ੍ਰਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਵਲੋਂ ਧਰਨੇ ਦੌਰਾਨ ਸ਼੍ਰੋਮਣੀ ਕਮੇਟੀ ‘ਤੇ ਲਗਾਏ ਦੋਸ਼ਾਂ ਨੂੰ ਬੇ-ਬੁਨਿਆਦ ਕਰਾਰ ਦਿੰਦਿਆਂ ਕਿਹਾ ਹੈ ਕਿ ਭਾਈ ਰਣਜੀਤ ਸਿੰਘ ਝੂਠੀ ਬਿਆਨਬਾਜ਼ੀ ਕਰਕੇ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਸ਼੍ਰੋਮਣੀ ਕਮੇਟੀ ਦਾ ਕੰਮਕਾਜ ਬਿਲਕੁਲ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਹੈ | ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਕੌਮ ਅੰਦਰ ਦੁਬਿਧਾ ਅਤੇ ਫੁੱਟ ਪਾਉਣ ਦਾ ਯਤਨ ਨਾ ਕਰਨ ਕਿਉਂਕਿ ਇਹ ਕੌਮ ਦੇ ਭਲੇ ਵਿਚ ਨਹੀਂ | ਉਨ੍ਹਾਂ ਕਿਹਾ ਕਿ ਝੂਠੀ ਬਿਆਨਬਾਜ਼ੀ ਕਰਕੇ ਸੰਗਤ ਨੂੰ ਗੁੰਮਰਾਹ ਕਰਨਾ ਕੌਮਪ੍ਰਸਤੀ ਨਹੀਂ ਹੈ |ਉਨ੍ਹਾਂ ਆਖਿਆ ਕਿ ਪਬਲੀਕੇਸ਼ਨ ਵਿਭਾਗ ਵਿਚੋਂ ਪਾਵਨ ਸਰੂਪਾਂ ਦੀ ਭੇਟਾ ਗਬਨ ਕਰਨ ਵਾਲੇ ਅਤੇ ਇਸ ਨਾਲ ਸਬੰਧਤ ਹੋਰ ਮੁਲਾਜ਼ਮਾਂ ‘ਤੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਜਾਂਚ ਰਿਪੋਰਟ ਵੈੱਬਸਾਈਟ ‘ਤੇ ਉਪਲੱਬਧ ਹੈ |