ਅਮਰੀਕੀ ਰਾਸ਼ਟਰਪਤੀ ਚੋਣਾਂ – ਬਾਈਡਨ ਜਿੱਤ ਦੇ ਨੇੜੇ

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਈਡਨ ਜਿੱਤ ਦੇ ਬੇਹੱਦ ਨੇੜੇ ਹਨ ਜਦਕਿ ਰਾਸ਼ਟਰਪਤੀ ਡੋਨਾਲਡ ਟਰੰਪ ਪਛੜਦੇ ਹੋਏ ਨਜ਼ਰ ਆ ਰਹੇ ਹਨ | ਹੁਣ ਤੱਕ ਜੋ ਬਾਈਡਨ 264 ਇਲੈਕਟਰੋਲ ਵੋਟਾਂ ਲੈ ਕੇ ਅੱਗੇ ਚਲ ਰਹੇ ਹਨ | ਉਨ੍ਹਾਂ ਨੂੰ ਵਾਈਟ ਹਾਊਸ ਪਹੁੰਚਣ ਲਈ ਸਿਰਫ਼ 6 ਵੋਟਾਂ ਦੀ ਲੋੜ ਹੈ ਜਦੋਂ ਕਿ ਰਾਸ਼ਟਰਪਤੀ ਟਰੰਪ 214 ਇਲੈਕਟਰੋਲ ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਚੱਲ ਰਹੇ ਹਨ | ਖ਼ਬਰ ਲਿਖੇ ਜਾਣ ਤੱਕ ਪੈਨਸਿਲਵਾਨੀਆ, ਐਰੀਜ਼ੋਨਾ ਤੇ ਨੇਵਾਡਾ ਵਿਚ ਬਾਈਡਨ ਅੱਗੇ ਜਾ ਰਹੇ ਹਨ ਜਿਨਾਂ ਦੇ ਕ੍ਰਮਵਾਰ 11 ਤੇ 6 ਇਲੈਕਟਰੋਲਰ ਵੋਟ ਹਨ | ਇਨ੍ਹਾਂ ਰਾਜਾਂ ਵਿਚ ਬਾਈਡਨ ਦੇ ਜਿੱਤਣ ਦੀ ਸੰਭਾਵਨਾ ਹੈ | ਜੇਕਰ ਇਹ ਸੰਭਾਵਨਾ ਜਿੱਤ ਵਿਚ ਬਦਲ ਜਾਂਦੀ ਹੈ ਤਾਂ ਉਹ ਰਾਸ਼ਟਰਪਤੀ ਬਣਨ ਲਈ ਲੋੜੀਂਦੀਆਂ 270 ਵੋਟਾਂ ਪ੍ਰਾਪਤ ਕਰ ਲੈਣਗੇ | ਜਾਰਜੀਆ ਵਿਚ ਰਾਸ਼ਟਰਪਤੀ ਟਰੰਪ ਤੇ ਜੋ ਬਾਈਡਨ ਬਰਾਬਰ ਚਲ ਰਹੇ ਹਨ | ਪੈਨਸਿਲਵਾਨੀਆ ਦੀਆਂ ਵੋਟਾਂ ਦੀ ਗਿਣਤੀ ‘ਚ ਦੇਰੀ ਹੋ ਸਕਦੀ ਹੈ ਇਸ ਲਈ ਅਧਿਕਾਰਤ ਤੌਰ ‘ਤੇ ਨਤੀਜਾ ਐਲਾਨਣ ਵਿਚ ਦੇਰੀ ਹੋ ਸਕਦੀ ਹੈ | ਅੱਜ ਫਿਰ ਜੋ ਬਾਈਡਨ ਨੇ ਕਿਹਾ ਕਿ ਜਦੋਂ ਵੀ ਵੋਟਾਂ ਦੀ ਗਿਣਤੀ ਮੁਕੰਮਲ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਤੇ ਕਮਲਾ ਹੈਰਿਸ ਨੂੰ ਜੇਤੂ ਐਲਾਨਿਆ ਜਾਵੇਗਾ | ਉਨ੍ਹਾਂ ਕਿਹਾ ਸਾਨੂੰ ਚੋਣ ਕਮਿਸ਼ਨ ‘ਤੇ ਪੂਰਾ ਭਰੋਸਾ ਹੈ ਤੇ ਇਹ ਪ੍ਰਕ੍ਰਿਆ ਬਿਲਕੁਲ ਠੀਕ ਢੰਗ ਨਾਲ ਚੱਲ ਰਹੀ ਹੈ | ਉਨ੍ਹਾਂ ਸਾਰੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ | ਉਨ੍ਹਾਂ ਆਪਣੇ ਸਮਰਥਕਾਂ ਨੂੰ ਸਬਰ ਨਾਲ ਰਹਿਣ ਲਈ ਧੰਨਵਾਦ ਵੀ ਕੀਤਾ | ਉਨ੍ਹਾਂ ਕਿਹਾ ਕਿ ਹਰ ਇਕ ਵੋਟ ਦੀ ਗਿਣਤੀ ਹੋਣੀ ਚਾਹੀਦੀ ਹੈ ਤੇ ਹਰ ਵੋਟਰ ਦਾ ਸਨਮਾਨ ਹੋਣਾ ਚਾਹੀਦਾ ਹੈ | ਆਪਣੀ ਸੰਭਾਵੀ ਹਾਰ ਨੂੰ ਵੇਖਦਿਆਂ ਇਕ ਵਾਰ ਫਿਰ ਰਾਸ਼ਟਰਪਤੀ ਟਰੰਪ ਨੇ ਵੋਟਾਂ ਵਿਚ ਹੇਰਾਫੇਰੀ ਦੇ ਦੋਸ਼ ਲਗਾਏ | ਜਦੋਂਕਿ ਡੈਮੋਕ੍ਰੇਟਿਕ ਹਲਕਿਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ | ਰਿਪਬਲੀਕਨ ਤੇ ਡੈਮੋਕ੍ਰੈਟਿਕ ਸਮਰਥਕਾਂ ਵਲੋਂ ਵੱਖ-ਵੱਖ ਰਾਜਾਂ ਵਿਚ ਪ੍ਰਦਰਸ਼ਨ ਕਰਨ ਦੀਆਂ ਰਿਪੋਰਟਾਂ ਹਨ | ਰਾਸ਼ਟਰਪਤੀ ਟਰੰਪ ਨੂੰ ਅੱਜ ਉਸ ਵੇਲੇ ਜ਼ੋਰਦਾਰ ਝਟਕਾ ਲੱਗਾ ਜਦੋਂ ਉਨ੍ਹਾਂ ਦੀ ਲੀਗਲ ਟੀਮ ਵਲੋਂ ਮਿਸ਼ੀਗਨ ਅਤੇ ਜਾਰਜੀਆ ਵਿਚ ਚੋਣਾਂ ‘ਚ ਧਾਂਦਲੀਆਂ ਕਾਰਨ ਗਿਣਤੀ ਰੋਕਣ ਲਈ ਅਦਾਲਤ ‘ਚ ਕੱਲ੍ਹ ਕੇਸ ਫਾਈਲ ਕੀਤਾ ਸੀ, ਉਹ ਅੱਜ ਅਦਾਲਤ ਨੇ ਖਾਰਜ ਕਰ ਦਿੱਤਾ, ਜਿਸ ਨਾਲ ਟਰੰਪ ਖੇਮੇ ‘ਚ ਮਾਯੂਸੀ ਛਾਈ ਹੋਈ ਹੈ |


ਕਾਨੂੰਨੀ ਵੋਟਾਂ ਦੀ ਗਿਣਤੀ ਹੁੰਦੀ ਤਾਂ ਆਸਾਨੀ ਨਾਲ ਜਿੱਤ ਜਾਂਦਾ- ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਚ ਦੋ ਦਿਨਾਂ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਦੋਸ਼ ਲਗਾਇਆ ਕਿ ਡੈਮੋਕ੍ਰੇਟਸ ‘ਗੁੰਡਾਗਰਦੀ’ ਕਰ ਕੇ ਗ਼ੈਰ-ਕਾਨੂੰਨੀ ਵੋਟਾਂ ਦੀ ਵਰਤੋਂ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇ ਕਾਨੂੰਨੀ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ ਤਾਂ ਉਹ ਚੋਣ ਆਸਾਨੀ ਨਾਲ ਜਿੱਤ ਜਾਣਗੇ | ਉਨ੍ਹਾਂ ਵਾਰ-ਵਾਰ ਕਿਹਾ ਕਿ ਵੋਟਾਂ ਦੀ ਗਿਣਤੀ ਰੋਕੀ ਜਾਵੇ ਕਿਉਂਕਿ ਵੋਟਾਂ ਵਿਚ ਧਾਂਦਲੀ ਹੋਈ ਹੈ | ਟਰੰਪ ਇਹ ਗੱਲ ਉਦੋਂ ਕਹਿ ਰਹੇ ਹਨ, ਜਦੋਂ ਅੰਤਿਮ ਨਤੀਜੇ ਦਾ ਐਲਾਨ ਹੋਣ ਵਾਲਾ ਹੈ | ਜਦੋਂ ਟਰੰਪ ਨੇ ਆਪਣਾ 17 ਸੀਟਾਂ ਦਾ ਭਾਸ਼ਣ ਖ਼ਤਮ ਕੀਤਾ ਤਾਂ ਉਹ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਗ਼ੈਰ ਹੀ ਅੰਦਰ ਚਲੇ ਗਏ |

ਕਈ ਚੈਨਲਾਂ ਨੇ ਟਰੰਪ ਦੀ ਪ੍ਰੈੱਸ ਕਾਨਫ਼ਰੰਸ ਦਾ ਪ੍ਰਸਾਰਨ ਰੋਕਿਆ

ਜਦੋਂ ਰਾਸ਼ਟਰਪਤੀ ਟਰੰਪ ਵਾਈਟ ਹਾਊਸ ਵਿਚ ਪ੍ਰੈੱਸ ਕਾਨਫ਼ਰੰਸ ਕਰ ਰਹੇ ਸਨ, ਉਸ ਸਮੇਂ ਟਰੰਪ ਦੀਆਂ ਗੱਲਾਂ ਸੁਣਦੇ ਕਈ ਟੀ.ਵੀ. ਚੈਨਲਾਂ ਨੇ ਟਰੰਪ ਦੀ ਲਾਈਵ ਕਵਰੇਜ ਬੰਦ ਕਰ ਦਿੱਤੀ | ਇਨ੍ਹਾਂ ਟੀ.ਵੀ. ਚੈਨਲਾਂ ਵਿਚ ਐਮ. ਐਸ. ਐਨ. , ਬੀ. ਸੀ. ਨੈੱਟਵਰਕ, ਐਨ. ਬੀ. ਸੀ. ਅਤੇ ਏ. ਬੀ. ਸੀ. ਸ਼ਾਮਿਲ ਹਨ | ਸੀ. ਐਨ. ਐਨ. ਦੇ ਐਾਕਰ ਜੈਕ ਟੇਪਰ ਨੇ ਕਿਹਾ ਅਸੀਂ ਪਹਿਲੀ ਵਾਰ ਆਪਣੇ ਰਾਸ਼ਟਰਪਤੀ ਨੂੰ ਇਹ ਝੂਠ ਬੋਲਦੇ ਸੁਣਿਆ ਕਿ ਚੋਣਾਂ ਵਿਚ ਧਾਂਦਲੀ ਹੋਈ ਹੈ ਜੋ ਬਿਨਾਂ ਕਿਸੇ ਸੂਬਤ ਦੇ ਕਹਿ ਰਹੇ ਹਨ ਤੇ ਬਿਨਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਤੋਂ ਹੀ ਉਹ ਚਲੇ ਗਏ |

120 ਸਾਲਾਂ ‘ਚ ਪਹਿਲੀ ਵਾਰ ਇਤਿਹਾਸਕ ਪੋਲਿੰਗ ਹੋਈ
ਅਮਰੀਕਾ ਦੇ 120 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਏਨੀਆਂ ਵੋਟਾਂ ਪਈਆਂ ਜੋ ਇਕ ਇਤਿਹਾਸ ਬਣ ਗਿਆ | ਚੋਣ ਮਾਹਿਰਾਂ ਨੇ ਕਿਹਾ ਕਿ ਇਸ ਸਾਲ 239 ਮਿਲੀਅਨ ਲੋਕ ਵੋਟ ਪਾਉਣ ਦੇ ਯੋਗ ਸਨ, ਜਿਨ੍ਹਾਂ ‘ਚੋਂ 160 ਮਿਲੀਅਨ ਲੋਕਾਂ ਨੇ ਵੋਟ ਪਾਈ | ਇਹ ਅੰਕੜਾ ਅਜੇ ਹੋਰ ਵੀ ਵਧ ਸਕਦਾ ਹੈ | 3 ਨਵੰਬਰ ਨੂੰ ਹੋਈਆਂ ਚੋਣਾਂ ਵਿਚ 66.9 ਫ਼ੀਸਦੀ ਵੋਟਾਂ ਪਈਆਂ ਜੋ 1900 ਤੋਂ ਬਾਅਦ ਦਾ ਸਭ ਤੋਂ ਵੱਧ ਮਤਦਾਨ ਹੈ |


20 ਜਨਵਰੀ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ
ਅਮਰੀਕਾ ਦਾ ਨਵਾਂ ਬਣਨ ਵਾਲਾ ਰਾਸ਼ਟਰਪਤੀ 20 ਜਨਵਰੀ ਨੂੰ ਵਾਸ਼ਿੰਗਟਨ ਡੀ.ਸੀ. ਅਮਰੀਕਾ ਦੀ ਰਾਜਧਾਨੀ ਵਿਚ ਸਹੁੰ ਚੁੱਕੇਗਾ ਜੋ ਹਰ ਵਾਰ 20 ਜਨਵਰੀ ਨੂੰ ਹੀ ਸਹੁੰ ਚੁੱਕ ਸਮਾਗਮ ਹੁੰਦਾ ਹੈ, ਜਿਸ ਵਿਚ ਕਈ ਖ਼ਾਸ ਮਹਿਮਾਨ ਸ਼ਾਮਿਲ ਹੁੰਦੇ ਹਨ |