ਇਕ ਮੌਕਾ ਸਾਨੂੰ ਵੀ ਦਿਉ, ਪੰਜ ਸਾਲਾਂ ਵਿੱਚ ‘ਸੋਨੇ ਦਾ ਬੰਗਾਲ’ ਬਣਾ ਦਿਆਂਗੇ- ਅਮਿਤ ਸ਼ਾਹ

ਕੋਲਕਾਤਾ- ਪੱਛਮੀ ਬੰਗਾਲ ਦੇ ਦੋ ਰੋਜ਼ਾ ਦੌਰੇ ’ਤੇ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਦਾ ਇਕੋ ਇਕ ਟੀਚਾ ਵਿਕਾਸ ਦੇ ਇਸ ਨਵੇਂ ਯੁੱਗ ਵਿੱਚ ਬੰਗਾਲ ਨੂੰ ਮਜ਼ਬੂਤ ਬਣਾਉਣਾ ਹੈ ਜਦੋਂਕਿ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਭਤੀਜੇ ਨੂੰ ਅਗਲਾ ਮੁੱਖ ਮੰਤਰੀ ਬਣਾਉਣ ’ਤੇ ਹੀ ਅੱਖ ਰੱਖੀ ਹੋਈ ਹੈ।

ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਉਹ ਮਮਤਾ ਬੈਨਰਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਸਾਲ 2018 ਮਗਰੋਂ ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਨੂੰ ਸੂਬੇ ਦੇ ਅਪਰਾਧ ਨਾਲ ਜੁੜੇ ਅੰਕੜੇ ਕਿਉਂ ਨਹੀਂ ਭੇਜੇੇ। ਉਨ੍ਹਾਂ ਪੱਛਮੀ ਬੰਗਾਲ ਦੇ ਲੋਕਾਂ ਨੂੰ ਕਿਹਾ ਕਿ ‘ਉਹ (ਸੂਬੇ ਦੇ) ਵਿਕਾਸ ਲਈ ਮੋਦੀ ਸਰਕਾਰ ਨੂੰ ਇਕ ਮੌਕਾ ਦੇਣ।

ਉਨ੍ਹਾਂ ਕਿਹਾ, ‘ਤੁਸੀਂ ਕਾਂਗਰਸ, ਖੱਬੀਆਂ ਪਾਰਟੀਆਂ ਤੇ ਤ੍ਰਿਣਮੂਲ ਕਾਂਗਰਸ ਨੂੰ ਮੌਕਾ ਦਿੱਤਾ। ਇਕ ਮੌਕਾ ਸਾਨੂੰ ਵੀ ਦਿਉ। ਅਸੀਂ ਪੰਜ ਸਾਲਾਂ ਵਿੱਚ ‘ਸੋਨੇ ਦਾ ਬੰਗਾਲ’ ਬਣਾਉਣ ਦਾ ਵਾਅਦਾ ਕਰਦੇ ਹਾਂ।’

ਪੱਛਮੀ ਬੰਗਾਲ ਵਿੱਚ ਅਗਲੇ ਸਾਲ ਅਪਰੈਲ-ਮਈ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਸ਼ਾਹ ਦੀ ਇਸ ਫੇਰੀ ਦਾ ਮੁੱਖ ਮੰਤਵ ਸੂਬੇ ਵਿੱਚ ਭਾਜਪਾ ਦੇ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਤੇ ਇਸ ਦੀ ਨਵੇਂ ਸਿਰਿਓਂ ਕਾਇਆ ਕਲਪ ਕਰਨਾ ਹੈ।