ਲੱਦਾਖ ’ਚ ਭਾਰਤ ਤੇ ਚੀਨ ਦੀਆਂ ਫੌਜਾਂ ਆਹਮੋ-ਸਾਹਮਣੇ, ਹਾਲਾਤ ਤਣਾਅਪੂਰਣ

ਨਵੀਂ ਦਿੱਲੀ: ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਪੂਰਬੀ ਲੱਦਾਖ ’ਚ ‘ਅਸਲ ਕੰਟਰੋਲ ਰੇਖਾ’ (LAC) ਲਾਗੇ ਹਾਲਾਤ ਤਣਾਅਪੂਰਣ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡਾ ਸਟੈਂਡ ਸਪੱਸ਼ਟ ਹੈ। ਅਸੀਂ ‘ਅਸਲ ਕੰਟਰੋਲ ਰੇਖਾ’ ’ਚ ਕੋਈ ਤਬਦੀਲੀ ਪ੍ਰਵਾਨ ਨਹੀਂ ਕਰਾਂਗੇ। ਜਨਰਲ ਰਾਵਤ ਨੇ ਦੱਸਿਆ ਕਿ ਚੀਨ ਦੀ ਫ਼ੌਜ ਨੂੰ ਲੱਦਾਖ ’ਚ ਕੀਤੀ ਗਈ ਆਪਣੀ ਕਾਰਵਾਈ ਦੇ ਵਿਰੋਧ ’ਚ ਭਾਰਤੀ ਰੱਖਿਆ ਬਲਾਂ ਦੇ ਮਜ਼ਬੂਤ ਪ੍ਰਤੀਕਰਮ ਕਾਰਨ ਹੁਣ ਅਣਕਿਆਸੇ ਨਤੀਜੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਹੱਦ ਉੱਤੇ ਝੜਪਾਂ ਤੇ ਬਿਨਾ ਭੜਕਾਹਟ ਫ਼ੌਜੀ ਕਾਰਵਾਈ ਦੇ ਵੱਡੇ ਸੰਘਰਸ਼ ਵਿੱਚ ਤਬਦੀਲ ਹੋਣ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਾਕਿਸਤਾਨ ਬਾਰੇ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਲਗਾਤਾਰ ਲੁਕਵੀਂ ਜੰ ਗ ਲੜਦਾ ਰਿਹਾ ਹੈ ਤੇ ਭਾਰਤ ਵਿਰੁੱਧ ਉਹ ਘਟੀਆ ਕਿਸਮ ਦੀ ਬਿਆਨਬਾਜ਼ੀ ਕਰ ਰਿਹਾ ਹੈ; ਜਿਸ ਕਾਰਨ ਭਾਰਤ ਤੇ ਪਾਕਿਸਤਾਨ ਦੇ ਸਬੰਧ ਹੋਰ ਵੀ ਖ਼ਰਾਬ ਹੋ ਗਏ ਹਨ।

ਚੀਨ ਨਾਲ ਸਰਹੱਦ ਉੱਤੇ ਤਣਾਅ ਦੌਰਾਨ ਪੂਰਬੀ ਲੱਦਾਖ ’ਚ ‘ਅਸਲ ਕੰਟਰੋਲ ਰੇਖਾ’ ਉੱਤੇ ਤਾਇਨਾਤ ਜਵਾਨਾਂ ਨੂੰ ਭਿਆਨਕ ਠੰਢ ਵਿੱਚ ਵਰਤਣ ਵਾਲੇ ਕੱਪੜੇ ਦਿੱਤੇ ਗਏ ਹਨ। ਇਹ ਕੱਪੜੇ ਅਮਰੀਕਾ ਤੋਂ ਖ਼ਰੀਦੇ ਗਏ ਹਨ, ਤਾਂ ਜੋ ਸਖ਼ਤ ਠੰਢ ਵਿੱਚ ਵੀ ਜਵਾਨ ਚੌਕਸ ਰਹਿਣ। ਗਰਮ ਕੱਪੜਿਆਂ ਨਾਲ ਜਵਾਨਾਂ ਨੂੰ ਐਸਆਈਜੀ ਅਸਾਲਟ ਰਾਈ ਫ਼ਲ ਦਿੱਤੀ ਗਈ ਹੈ। ਫ਼ੌਜੀ ਅਧਿਕਾਰੀਆਂ ਨੇ ਕਿਹਾ ਹੈ ਕਿ ਬੇਹੱਦ ਠੰਢ ਦੇ ਮੌਸਮ ਵਿੱਚ ਚੁਣੌਤੀਆਂ ਨਾਲ ਨਿਪਟਣ ਲਈ ਜਵਾਨਾਂ ਨੂੰ ਖ਼ਾਸ ਕੱਪੜੇ ਤੇ ਹ ਥਿ ਆ ਰ ਦਿੱਤੇ ਗਏ ਹਨ।

ਸੂਤਰਾਂ ਨੇ ਦੱਸਿਆ ਕਿ ਭਾਰਤੀ ਫ਼ੌਜ ਭਿਆਨਕ ਠੰਢ ਲਈ ਆਪਣੇ ਕੋਲ ਲਗਪਗ 60 ਹਜ਼ਾਰ ਫ਼ੌਜੀਆਂ ਦੇ ਹਿਸਾਬ ਨਾਲ ਖ਼ਾਸ ਕੱਪੜਿਆਂ ਦਾ ਸਟਾਕ ਰੱਖਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਸੈੱਟਾਂ ਵਿੱਚੋਂ ਲਗਪਗ 30,000 ਵਾਧੂ ਦੀ ਜ਼ਰੂਰਤ ਸੀ ਕਿਉਂਕਿ ਐਲਏਸੀ ਉੱਤੇ ਚੀਨ ਦੀ ‘ਪੀਪਲਜ਼ ਲਿਬਰੇਸ਼ਨ ਆਰਮੀ’ (PLA) ਦੇ ਹਮਲਾਵਰ ਰੁਖ਼ ਨੂੰ ਵੇਖਦਿਆਂ ਇਸ ਖੇਤਰ ਵਿੱਚ 90,000 ਦੇ ਲਗਪਗ ਫ਼ੌਜੀ ਤਾਇਨਾਤ ਹਨ।

ਭਿਆਨਕ ਠੰਢ ਦੇ ਮੌਸਮ ’ਚ ਪਹਿਨੇ ਜਾਣ ਵਾਲੇ ਇਨ੍ਹਾਂ ਕੱਪੜਿਆਂ ਦੀ ਹੰਗਾਮੀ ਖ਼ਰੀਦ ਨਾਲ ਭਾਰਤੀ ਫ਼ੌਜ ਨੂੰ ਕਾਫ਼ੀ ਮਦਦ ਮਿਲੇਗੀ। ਭਾਰਤ ਨੇ ਪੂਰਬੀ ਲੱਦਾਖ ’ਚ ਪੈਦਾ ਹੋਏ ਤਣਾਅ ਤੋਂ ਬਾਅਦ ਐਲਏਸੀ ਉੱਤੇ ਦੋ ਵਾਧੂ ਡਿਵੀਜ਼ਨਾਂ ਤਾਇਨਾਤ ਕੀਤੀਆਂ ਹਨ, ਜਿਨ੍ਹਾਂ ਨੂੰ ਮੈਦਾਨੀ ਤੇ ਪਹਾੜੀ ਖੇਤਰ ਤੋਂ ਸੱਦਿਆ ਗਿਆ ਹੈ। ਇਨ੍ਹਾਂ ਜਵਾਨਾਂ ਨੂੰ ਉਚਾਈ ਵਾਲੇ ਇਲਾਕਿਆਂ ’ਚ ਮੁਹਿੰਮਾਂ ਲਈ ਸਿਖਲਾਈ ਦਿੱਤੀ ਗਈ ਹੈ।