Breaking News
Home / ਪੰਜਾਬ / ਸ਼ੇਰਾਂ ਦੀ ਕੌਮ ਐ ਪੰਜਾਬੀ, ਦਿੱਲੀ ਦੀਆਂ ਗੋਡਣੀਆਂ ਲਵਾ ਦੇਆਂਗੇ- ਦੀਪ ਸਿੱਧੂ

ਸ਼ੇਰਾਂ ਦੀ ਕੌਮ ਐ ਪੰਜਾਬੀ, ਦਿੱਲੀ ਦੀਆਂ ਗੋਡਣੀਆਂ ਲਵਾ ਦੇਆਂਗੇ- ਦੀਪ ਸਿੱਧੂ

ਇਨ੍ਹੀਂ ਦਿਨੀਂ ਪੰਜਾਬ ਦੇ ਰਾਜਨੀਤਕ ਹਲਕਿਆਂ ਵਿੱਚ ਇਕ ਦਿਲਚਸਪ ਸਵਾਲ ਕੀਤਾ ਜਾ ਰਿਹਾ ਹੈ ਕਿ ਸ਼ੰਭੂ ਮੋਰਚੇ ਦਾ ਚਲ ਰਹੇ ਕਿਸਾਨ ਅੰਦੋਲਨ ਨਾਲ ਕੀ ਰਿਸ਼ਤਾ ਹੈ?ਕੀ ਇਹ ਆਪਸੀ ਸਹਿਯੋਗ ਦਾ ਰਿਸ਼ਤਾ ਹੈ ਜਾਂ ਸ਼ਰੀਕ ਦਾ?ਜਾਂ ਇਹ ਵਿਚਾਰਧਾਰਿਕ ਵੱਖਰੇਵਿਆਂ ਦੇ ਮਿਲਾਪ ਦਾ ਇੱਕ ਜਸ਼ਨ ਹੈ? ਜਾਂ ਰਾਜਨੀਤਕ ਪਾਰਟੀਆਂ ਤੇ ਸਿਆਸਤਦਾਨਾਂ ਤੋਂ ਤੰਗ ਆਏ ਲੋਕਾਂ ਦਾ ਆਪਣੇ ਦੁੱਖੜੇ ਸਾਂਝੇ ਕਰਨ ਦਾ ਸਾਂਝਾ ਮੰਚ ਹੈ?ਉਹ ਕਿਹੜਾ ਮੋੜ ਹੈ ਜਿੱਥੇ ਕਿਸਾਨ ਅੰਦੋਲਨ ਅਤੇ ਸ਼ੰਭੂ ਮੋਰਚਾ ਵਿੱਛੜਦੇ ਤੇ ਮਿਲਦੇ ਹਨ?

ਕੁੱਝ ਬਹੁਤੇ ਸਿਆਣੇ ਸ਼ੰਭੂ ਮੋਰਚੇ ਨੂੰ ਲੰਦਨ ਦੀ ਹਾਈਡ ਪਾਰਕ ਦੇ ਇਕ ਪਾਸੇ ਬਣੇ ਉਸ ਇਤਿਹਾਸਕ “ਸਪੀਕਰ ਕਾਰਨਰ” ਨਾਲ ਜੋੜਦੇ ਹਨ ਜਿੱਥੇ ਦੁਨੀਆਂ ਦੇ ਕਿਸੇ ਵੀ ਵਿਅਕਤੀ ਨੂੰ ਕੁਝ ਵੀ ਬੋਲਣ ਦੀ ਖੁੱਲ ਹਾਸਿਲ ਹੈ, ਜਿੱਥੇ ਪੱਛਮ ਦੇ ਲੋਕ ਹੁੱਭ ਕੇ ਇਹ ਦਾਅਵਾ ਕਰਦੇ ਹਨ ਕਿ ਇਹ ਨੁੱਕਰ ਜਮਹੂਰੀਅਤ ਅਤੇ ਖੁੱਲ੍ਹ ਕੇ ਬੋਲਣ ਦੀ ਇਕ ਪਿਆਰੀ ਤੇ ਇਤਿਹਾਸਕ ਯਾਦਗਾਰ ਹੈ। ਦਿਲਚਸਪ ਗੱਲ ਹੈ ਕਿ ਸਪੀਕਰ ਕਾਰਨਰ ਵਿੱਚ ਦੁਨੀਆ ਦੀਆਂ ਜਿਹੜੀਆਂ ਉੱਘੀਆਂ ਹਸਤੀਆਂ ਆਈਆਂ, ਉਨ੍ਹਾਂ ਵਿੱਚ ਕਾਰਲ ਮਾਰਕਸ, ਲੈਨਿਨ ਅਤੇ ਔਰਵਿਲ ਸ਼ਾਮਲ ਹਨ। ਵੈਸੇ ਦੁਨੀਆਂ ਦੇ ਹੋਰ ਕਈ ਮੁਲਕਾਂ ਨੇ ਵੀ ਆਪਣੇ ਆਪਣੇ ਦੇਸ਼ ਵਿੱਚ ਇਹੋ ਜਿਹੇ ਸਪੀਕਰ ਕਾਰਨਰ ਕਾਇਮ ਕੀਤੇ ਹੋਏ ਹਨ ,ਪਰ ਭਾਰਤ ਨੇ ਇਹੋ ਜਿਹਾ ਕੇਂਦਰ ਕਾਇਮ ਕਰਨ ਦੀ ਖੁੱਲ੍ਹ ਦਿਲੀ ਅਜੇ ਵਿਖਾਉਣੀ ਹੈ।

ਉਂਝ ਸ਼ੰਭੂ ਮੋਰਚੇ ਨੂੰ ਸਪੀਕਰ ਕਾਰਨਰ ਦਾ ਇੰਨ ਬਿੰਨ ਰੂਪ ਅਜੇ ਨਹੀਂ ਕਿਹਾ ਜਾ ਸਕਦਾ, ਪਰ ਇਥੇ ਕੁਝ ਹੱਦਾਂ ਵਿੱਚ ਰਹਿ ਕੇ ਆਪਣੀ ਗੱਲ ਕਹਿਣ ਦੀ ਖੁੱਲ੍ਹ ਦਿੱਤੀ ਹੋਈ ਹੈ। ਜੇ ਸੱਚ ਪੁੱਛੋ ਤਾਂ ਸ਼ੰਭੂ ਮੋਰਚਾ ਅਸਲ ਵਿਚ ਕਿਸਾਨ ਅੰਦੋਲਨ ਦੀ ਹੀ ਦੇਣ ਹੈ ਪਰ ਇਸਨੂੰ ਕਿਸਾਨ ਅੰਦੋਲਨ ਨਾਲੋਂ ਕੁਝ ਵੱਖਰਾ, ਨਿਵੇਕਲਾ ਤੇ ਮੌਲਿਕ ਰੂਪ ਦੇਣ ਵਿੱਚ ਵੱਡਾ ਹੱਥ ਦੀਪ ਸਿੱਧੂ ਦਾ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ 36 ਵਰ੍ਹਿਆਂ ਦਾ ‘ਜ਼ੋਰਾ ਦਸ ਨੰਬਰੀਆ’ ਫ਼ਿਲਮ ਦਾ ਇਹ ਪ੍ਰਸਿੱਧ ਨਾਇਕ ਉਂਝ ਵਕੀਲ ਵੀ ਹੈ, ਮਾਡਲ ਵੀ ਰਿਹਾ ਹੈ, ਬਾਸਕਿਟਬਾਲ ਦਾ ਰਾਸ਼ਟਰੀ ਪੱਧਰ ਦਾ ਖਿਡਾਰੀ ਵੀ ਹੈ,ਰੈਂਪ ਉਤੇ ਵੀ ਤੁਰਿਆ ਤੇ ਜਿੱਤਿਆ ਹੈ। ਬਰਤਾਨੀਆ ਦੀ ਇਕ ਲਾਅ ਫਰਮ ਨਾਲ ਵੀ ਜੁੜਿਆ ਹੈ ਅਤੇ ਸਹਾਰਾ ਇੰਡੀਆ ਦਾ ਕਨੂੰਨੀ ਸਲਾਹਕਾਰ ਵੀ ਰਿਹਾ ਹੈ ਅਤੇ ਅੱਜਕਲ ਬਣ ਠਣ ਕੇ ਸੋਸ਼ਲ ਮੀਡੀਏ ‘ਤੇ ਅਕਸਰ ਹੀ ਵਾਇਰਲ ਹੁੰਦਾ ਹੈ।

ਵੈਸੇ ਉਹ ਇਹੋ ਜਿਹੇ ਗੁਣ ਤੇ ਸਿਫਤਾਂ ਕਰਕੇ ਹੀ ਨਹੀਂ ਉੱਭਰਿਆ ਸਗੋਂ ਦੋ ਮਹਤਵਪੂਰਨ ਗਲਾਂ,ਜਾਂ ਦੋ ਸੰਕਲਪ,ਜਾਂ ਦੋ ਨਵੇਂ ਵਿਚਾਰ ਬੁਲੰਦ ਕਰਕੇ ਸੁਰਖੀਆਂ ਵਿਚ ਹੈ। ਇਨ੍ਹਾਂ ਵਿੱਚੋਂ ਇਕ ਦਾ ਰਿਸ਼ਤਾ ਉਸਦੇ ਆਪਣੇ ਲਫ਼ਜ਼ਾਂ ਵਿੱਚ ਖੁਦਮੁਖਤਿਆਰੀ’ ਨਾਲ ਹੈ ਜਦਕਿ ਦੂਜਾ ਹੋਂਦ ਜਾਂ ਵਜੂਦ ਨਾਲ ਜੁੜਿਆ ਹੈ। ਦਿਲਚਸਪ ਗੱਲ ਇਹ ਹੈ ਕੇ ਹਵਾ ਵਿੱਚ ਉੱਡ ਰਹੇ ਇਨ੍ਹਾਂ ਦੋਵਾਂ ਸ਼ਬਦਾਂ ਦੀ ਅਜੇ ਉਹੋ ਜਿਹੀ ਸਿਧਾਂਤਕ ਵਿਆਖਿਆ ਨਹੀਂ ਹੋਈ, ਜਿਸ ਨਾਲ ਸਭ ਧਿਰਾਂ ਦੀ ਸਰਬ ਸਹਿਮਤੀ ਹੋਵੇ । ਉਂਜ ਸ਼ੰਭੂ ਮੋਰਚੇ ‘ਤੇ ਇਨ੍ਹਾਂ ਸ਼ਬਦਾਂ ਦਾ ਜ਼ਿਕਰ ਹਰ ਰੋਜ਼ ਛਿੜਦਾ ਹੈ, ਦੀਪ ਸਿਧੂ ਇਨ੍ਹਾਂ ਸ਼ਬਦਾਂ ਕਰਕੇ ਕੁਝ ਹਲਕਿਆਂ ਵਿਚ ਵਿਵਾਦਗ੍ਰਸਤ ਵੀ ਬਣ ਗਿਆ ਹੈ, ਵਿਸ਼ੇਸ਼ ਕਰਕੇ ਕਿਸਾਨ ਅੰਦੋਲਨ ਲਈ ਹੁਣ ਉਹ ‘ਆਪਣਾ’ ਨਹੀਂ ਰਿਹਾ।

ਕਿਸਾਨ ਅੰਦੋਲਨ ਲਈ ਵੀ ਇਹ ਨਵਾਂ ਰੁਝਾਨ ਇੱਕ ਤਰ੍ਹਾਂ ਨਾਲ ਨਵੀਂ ਗਲ ਹੀ ਸੀ ਕਿਉਂਕਿ ਦੋਵੇਂ ਸ਼ਬਦਾਂ ਨੂੰ ‘ਪੰਥ ਖ਼ਤਰੇ ਵਿਚ’ ਦਾ ਨਾਅਰਾ ਦੇ ਕੇ ਜਿਹੜੀ ਪਾਰਟੀ ਨੇ ਪੂਰੇ ਦਸ ਸਾਲ ਲਗਾਤਾਰ ਰਾਜ ਕੀਤਾ, ਉਸ ਨੇ ਵੀ ਰਾਜ ਭਾਗ ਸੰਭਾਲਣ ਪਿੱਛੋਂ ਤੁਰੰਤ ਇਨ੍ਹਾਂ ਦੋ ਸ਼ਬਦਾਂ ਨੂੰ ਭੁੱਲ ਜਾਣ ਤੇ ਭੁਲਾ ਦੇਣ ਦੀ ਮੁਹਿੰਮ ਵਿਚ ਵੀ ਸਰਗਰਮ ਹਿੱਸਾ ਪਾਇਆ। ਪਰ ਦੀਪ ਸਿੱਧੂ ਹੁਣ ਉਨ੍ਹਾਂ ਨੂੰ ਪਿੱਛੇ ਛੱਡ ਗਿਆ ਹੈ। ਵੈਸੇ ਅੱਗੇ ਅਤੇ ਪਿੱਛੇ ਵਾਲੇ ਰਾਜ਼ ਨੇ ਅਜੇ ਕਈ ਇਮਤਿਹਾਨਾਂ ਵਿਚੋਂ ਲੰਘਣਾ ਹੈ। ਕੁਝ ਵੀ ਹੋਵੇ ਪਰ ਦੀਪ ਸਿੱਧੂ ਨੇ ਬਰਗਾੜੀ ਮੋਰਚੇ ਦੀ ਹਾਰ ‘ਚੋਂ ਪੈਦਾ ਹੋਏ ਰਾਜਨੀਤਕ ਖਲਾਅ ਵਿਚ ਵੱਖਰੀ ਤਰ੍ਹਾਂ ਦੀ ਹਿਲਜੁਲ ਤਾਂ ਲਿਆਂਦੀ ਹੀ ਹੈ ਅਤੇ ਕਈ ਧਿਰਾਂ ਨੂੰ ਉਮੀਦ ਦੀ ਕਿਰਨ ਵੀ ਦਿੱਤੀ ਹੈ, ਹਾਲਾਂਕਿ ਇਸ ਹਕੀਕਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਾਜਨੀਤੀ ਦੀ ਤਿਰਛੀ ਨਜ਼ਰ ਅਤੇ ਨਜ਼ਰੀਆ ਇਸ ਨਵੇਂ ਵਰਤਾਰੇ ਦੇ ਭਵਿੱਖ ਬਾਰੇ ਅਜੇ ਕੁਝ ਵੀ ਕਹਿਣ ਤੋਂ ਖ਼ਾਮੋਸ਼ ਹੈ। ਇਨ੍ਹਾਂ ਹਲਕਿਆਂ ਨੇ ਬੜੀ ਸਾਵਧਾਨੀ ਨਾਲ ਆਪਣੇ ਫੈਸਲਿਆਂ ਨੂੰ ਢੁਕਵੇਂ ਸ਼ਬਦ ਅਜੇ ਨਹੀਂ ਦਿੱਤੇ। ਬਰਗਾੜੀ ਸੰਮੇਲਨ ਅਤੇ ਚਬਾ ਸੰਮੇਲਨ ਤੋਂ ਮਿਲੇ ਕੌੜੇ ਸਬਕ ਕੁਝ ਵੀ ਕਹਿਣ ਤੋਂ ਵਰਜਦੇ ਹਨ।

ਸ਼ੰਭੂ ਮੋਰਚੇ ਨੂੰ ਹੱਲਾ ਸ਼ੇਰੀ ਦੇਣ ਵਾਲੇ ਅਤੇ ਖੁੱਲ੍ਹ ਕੇ ਮੈਦਾਨ ਵਿਚ ਉਤਰਨ ਵਾਲੇ ਵਾਲੰਟੀਅਰਾਂ ਦੀ ਗਿਣਤੀ ਅਜੇ ਥੋੜ੍ਹੀ ਹੈ। ਪਰ ਬਾਹਰ ਖੜੇ ਸੱਚੇ ਹਮਦਰਦਾਂ ਦੀ ਗਿਣਤੀ ਹਜ਼ਾਰਾਂ ਵਿੱਚ ਵੀ ਹੋ ਸਕਦੀ ਹੈ ਤੇ ਲੱਖਾਂ ਵਿੱਚ ਵੀ। ਇਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਵੀ ਸ਼ੰਭੂ ਮੋਰਚੇ ਨਾਲ ਹਮਦਰਦੀ ਰੱਖਦੇ ਹਨ ਤੇ ਹਾਜ਼ਰੀ ਵੀ ਭਰਦੇ ਹਨ। ਰਾਜਨੀਤਿਕ ਪਾਰਟੀਆਂ ਦੇ ਕਈ ਨੁੰਮਾਇੰਦੇ ਵੀ ਮੋਰਚੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਪਰ ਮੋਰਚੇ ਦੇ ਵਲੰਟੀਅਰ ਅਜੇ ਇਹ ਸਪਸ਼ਟ ਨਹੀਂ ਹਨ ਕਿ ਉਨ੍ਹਾਂ ਦੀ ਸ਼ਮੂਲੀਅਤ ਮੋਰਚੇ ਨੂੰ ਤਾਕਤ ਦੇਣ ਵਿੱਚ ਸਹਾਈ ਹੋਵੇਗੀ ਜਾਂ ਨਹੀਂ। ਜਿਵੇਂ ਇੱਕ ਪੜਾਅ ਤੇ ਪ੍ਰਸਪਰ ਵਿਰੋਧੀ ਅਨਸਰਾਂ ਨੇ ਕੇਜਰੀਵਾਲ ਦੇ ਇਰਦ ਗਿਰਦ ਘੇਰਾ ਪਾ ਲਿਆ ਸੀ, ਇਸੇ ਤਰ੍ਹਾਂ ਕਿਸੇ ਹੱਦ ਤਕ ਦੀਪ ਸਿੱਧੂ ਦੇ ਆਲੇ ਦੁਆਲੇ ਨਾ ਚਾਹੁੰਦੇ ਹੋਏ ਵੀ ਇਸ ਤਰ੍ਹਾਂ ਦਾ ਘੇਰਾ ਬਣ ਰਿਹਾ ਜਾਪਦਾ ਹੈ।

ਕਰਮਜੀਤ ਸਿੰਘ 99150-91063

About admin

Check Also

ਗੋਦੀ ਮੀਡੀਆ ਦਾ ਮੁਕਾਬਲਾ ਕਿਵੇਂ ਕਰਨਾ ਚਾਹੀਦਾ ਪੰਜਾਬ ਦੇ ਕਿਸਾਨ ਆਗੂ ਥੋੜਾ ਬਹੁਤ ਰਿਕੇਸ਼ ਟਕੈਤ ਤੋਂ ਸਿੱਖ ਲੈਣ।

ਗੋਦੀ ਮੀਡੀਆ ਦਾ ਮੁਕਾਬਲਾ ਕਿਵੇਂ ਕਰਨਾ ਚਾਹੀਦਾ ਪੰਜਾਬ ਦੇ ਕਿਸਾਨ ਆਗੂ ਥੋੜਾ ਬਹੁਤ ਰਿਕੇਸ਼ ਟਕੈਤ …

%d bloggers like this: