ਈ. ਡੀ. ਸਾਹਮਣੇ ਪੇਸ਼ ਨਹੀਂ ਹੋਣਗੇ ਰਣਇੰਦਰ ਸਿੰਘ

ਫੇਮਾ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਅੱਜ ਕੂਲ ਰੋਡ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦਫ਼ਤਰ ‘ਚ ਪੇਸ਼ ਨਹੀਂ ਹੋਣਗੇ। ਰਣਇੰਦਰ ਸਿੰਘ ਦੇ ਵਕੀਲ ਜੈਵੀਰ ਸ਼ੇਰਗਿੱਲ ਮੁਤਾਬਕ ਉਹ ਸਿਹਤ ਕਾਰਨਾਂ ਕਰਕੇ ਈ. ਡੀ. ਦਫ਼ਤਰ ‘ਚ ਪੇਸ਼ ਨਹੀਂ ਹੋਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਣਇੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ ‘ਚ 27 ਅਕਤੂਬਰ ਨੂੰ ਜਲੰਧਰ ਸਥਿਤ ਦਫ਼ਤਰ ‘ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ।

ਰਾਜਧਾਨੀ ਦਿੱਲੀ ‘ਚ ਵੀਰਵਾਰ ਨੂੰ ਰੇਲ ਭਵਨ ਅੱਗੇ ਪੰਜਾਬ ਦਾ ਸਿਆਸੀ ਪਾਰਾ ਉਸ ਵੇਲੇ ਚੜ੍ਹਦਾ ਨਜ਼ਰ ਆਇਆ, ਜਦੋਂ ਪੰਜਾਬ ‘ਚ ਰੇਲ ਸੇਵਾਵਾਂ ਬੰਦ ਹੋਣ ਦੇ ਮੁੱਦੇ ‘ਤੇ ਸੂਬੇ ਦੀ ਨੁਮਾਇੰਦਗੀ ਕਰਨ ਵਾਲੇ ਆਗੂ ਤਿੰਨ ਧਿਰਾਂ ਬਣ ਕੇ ਵੱਖਰੇ-ਵੱਖਰੇ ਤੌਰ ‘ਤੇ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਮਿਲੇ | ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ‘ਚੋਂ ਦੋ ਧਿਰਾਂ ਕਾਂਗਰਸ ਦੇ ਹੀ ਸੰਸਦ ਮੈਂਬਰਾਂ, ਲੋਕ ਸਭਾ ਅਤੇ ਰਾਜ ਸਭਾ ਦੀਆਂ ਵੀ ਸਨ, ਜਦਕਿ ਤੀਜੀ ਧਿਰ ਵਜੋਂ ਭਾਜਪਾ ਆਗੂਆਂ ਨੇ ਵੀ ਰੇਲ ਮੰਤਰੀ ਅੱਗੇ ਆਪਣਾ ਪੱਖ ਰੱਖਿਆ | ਰੇਲ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤਾਂ ਦੇ ਦੌਰ ‘ਚ ‘ਠੰਢੀ-ਤੱਤੀ’ ਗੱਲਬਾਤ ਦੇ ਲੰਮੇ ਸਿਲਸਿਲੇ ਤੋਂ ਬਾਅਦ ਕੋਈ ਫੌਰੀ ਨਤੀਜਾ ਸਾਹਮਣੇ ਨਹੀਂ ਆਇਆ ਅਤੇ ਰੇਲ ਮੰਤਰੀ ਨੇ ਫਿਲਹਾਲ ਇਸ ਮਾਮਲੇ ਨੂੰ ਪ੍ਰਸ਼ਾਸਨਿਕ ਪੱਧਰ ‘ਤੇ ਨਿਪਟਾਉਣ ਦਾ ਭਰੋਸਾ ਹੀ ਦਿਵਾਇਆ ਹੈ | ਰੇਲ ਮੰਤਰੀ ਵਲੋਂ ਸੁਝਾਏ ਅਮਲ ਤਹਿਤ ਰੇਲਵੇ ਬੋਰਡ ਦੇ ਚੇਅਰਮੈਨ, ਰੇਲਵੇ ਪ੍ਰੋਟੈਕਸ਼ਨ ਬੋਰਡ ਦੇ ਡੀ.ਜੀ ਅਤੇ ਪੰਜਾਬ ਦੇ ਮੁੱਖ ਸਕੱਤਰ ਇਸ ਮਾਮਲੇ ‘ਤੇ ਤਵਸੀਲੀ ਚਰਚਾ ਕਰਨਗੇ ਅਤੇ ਜੇਕਰ ਚਰਚਾ ਤੋਂ ਬਾਅਦ ਰੇਲਵੇ ਬੋਰਡ ਦੇ ਚੇਅਰਮੈਨ ਸੁਰੱਖਿਆ ਪੱਖੋਂ ਸੰਤੁਸ਼ਟ ਨਜ਼ਰ ਆਏ ਤਾਂ ਹੀ ਪੰਜਾਬ ‘ਚ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਕੀਤੀ ਜਾ ਸਕਦੀ ਹੈ |

ਮੁੱਖ ਮੰਤਰੀ ਦੀ ਚਿੱਠੀ ਲੈ ਕੇ ਗਏ
ਪੰਜਾਬ ਕਾਂਗਰਸ ਦੇ ਅੱਠ ਲੋਕ ਸਭਾ ਸੰਸਦ ਮੈਂਬਰਾਂ ਪ੍ਰਨੀਤ ਕੌਰ, ਮਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ, ਡਾ: ਅਮਰ ਸਿੰਘ, ਚੌਧਰੀ ਸੰਤੋਖ ਸਿੰਘ, ਮੁਹੰਮਦ ਸਦੀਕ ਅਤੇ ਜਸਬੀਰ ਸਿੰਘ ਡਿੰਪਾ ਨੇ ਰੇਲ ਮੰਤਰੀ ਨਾਲ ਮੁਲਾਕਾਤ ਕੀਤੀ | ਸੰਸਦ ਮੈਂਬਰਾਂ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਲਿਖੀ ਗਈ ਚਿੱਠੀ ਰੇਲ ਮੰਤਰੀ ਨੂੰ ਸੌਾਪੀ, ਜਿਸ ‘ਚ ਉਨ੍ਹਾਂ ਭਰੋਸਾ ਦਿਵਾਇਆ ਸੀ ਕਿ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰਨ ਤੋਂ ਬਾਅਦ ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਰਹੇਗੀ | ਤਕਰੀਬਨ 2 ਘੰਟੇ ਚੱਲੀ ਇਸ ਮੀਟਿੰਗ ‘ਚ ਗੋਇਲ ਨੇ ਹਰ ਸੰਸਦ ਮੈਂਬਰ ਦੀ ਗੱਲ ਸੁਣੀ | ਹਲਕਿਆਂ ਮੁਤਾਬਿਕ ਸੰਸਦ ਮੈਂਬਰਾਂ ਦੀ ਗੱਲ ਸੁਣਨ ਤੋਂ ਬਾਅਦ ਗੋਇਲ ਨੇ ਆਪਣਾ ਪੱਖ ਰੱਖਦੇ ਹੋਏ ਕੇਂਦਰ ਵਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਦਾ ਪੰਜਾਬ ਵਲੋਂ ਕੀਤੇ ਜਾ ਰਹੇ ਵਿਰੋਧ ਦੀ ਨੁਕਤਾਚੀਨੀ ਕੀਤੀ |