ਟਰੰਪ ਨੇ ਬਾਈਡਨ ਨੂੰ ਅੱਗੇ ਵਧਦਾ ਦੇਖ ਕੇ ਫਿਰ ਲਗਾਇਆ ਘਪਲੇ ਦੇ ਦੋਸ਼

ਵਾਸ਼ਿੰਗਟਨ, 6 ਨਵੰਬਰ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਬਿਨਾਂ ਕਿਸੇ ਪ੍ਰਮਾਣ ਦੇ ਦਾਅਵਾ ਕੀਤਾ ਹੈ ਕਿ ਵੈਧ ਮਤਾਂ ਦੀ ਗਿਣਤੀ ਦੇ ਹਿਸਾਬ ਨਾਲ ਰਾਸ਼ਟਰਪਤੀ ਚੋਣਾਂ ਵਿਚ ਉਹੀ ਜੇਤੂ ਰਹਿਣਗੇ। ਦੋ ਦਿਨ ਦੀ ਚੁੱਪੀ ਦੇ ਬਾਅਦ ਫਿਰ ਤੋਂ ਇਹ ਸ਼ਿਕਾਇਤ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਦੋ ਮਹੱਤਵਪੂਰਨ ਰਾਜਾਂ ਜਾਰਜੀਆ ਤੇ ਪੈਨਸਲਵੇਨੀਆ ‘ਚ ਪੋਸਟਲ ਮਤਾਂ (ਡਾਕ ਦੁਆਰਾ ਵੋਟ) ਦੀ ਜਾਰੀ ਗਿਣਤੀ ਦੇ ਨਾਲ ਉਨ੍ਹਾਂ ਦੀ ਬੜ੍ਹਤ ਘਟਦੀ ਜਾ ਰਹੀ ਹੈ।

ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ‘ਚ ਪ੍ਰੈਸ ਕਾਨਫ਼ਰੰਸ ‘ਚ ਇਕ ਵਾਰ ਫਿਰ ਆਪਣੀ ਜਿੱਤ ਦਾ ਦਾਅਵਾ ਕਰਦੇ ਹੋਏ ਇਹ ਦੋਸ਼ ਲਗਾਇਆ ਕਿ ਗੈਰ ਕਾਨੂੰਨੀ ਵੋਟਾਂ ਨਾਲ ਉਨ੍ਹਾਂ ਦੇ ਪੱਖ ਵਿਚ ਆਏ ਚੋਣ ਨਤੀਜਿਆਂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਵਿਸ਼ਲੇਸ਼ਕਾਂ ਅਨੁਸਾਰ ਉਨ੍ਹਾਂ ਦੇ ਇਸ ਦਾਅਵੇ ਦੀ ਕੋਈ ਜਾਇਜ਼ ਬੁਨਿਆਦ ਨਹੀਂ ਹੈ। ਰਾਸ਼ਟਰਪਤੀ ਟਰੰਪ ਜਿਨ੍ਹਾਂ ਪੋਸਟਲ ਮਤਾਂ (ਡਾਕ ਦੁਆਰਾ ਵੋਟ) ਦੀ ਗਿਣਤੀ ਵੱਲ ਇਸ਼ਾਰਾ ਕਰ ਰਹੇ ਹਨ, ਉਹ ਅਵੈਧ ਨਹੀਂ ਹੈ। ਉਨ੍ਹਾਂ ਦੀ ਗਿਣਤੀ ਬਾਅਦ ‘ਚ ਇਸ ਲਈ ਹੋ ਰਹੀ ਹੈ, ਕਿਉਂਕਿ ਕਈ ਅਮਰੀਕੀ ਸੂਬਿਆਂ ਵਿਚ ਇਹੀ ਪ੍ਰਬੰਧ ਹਨ।