ਵੀਡੀਉ : ਮੋਦੀ ਦੇ ਘਰ ਅੱਗੇ ਮਰਨ ਵਰਤ ਤੇ ਬੈਠੇ ਕੈਪਟਨ-ਸੁਖਬੀਰ ਬਾਦਲ

ਸ੍ਰੀ ਮੁਕਤਸਰ ਸਾਹਿਬ, 4 ਨਵੰਬਰ-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦਿੱਲੀ ਵਿੱਚ ਰਸਮੀ ਧਰਨੇ ਦੇਣ ਦੀ ਥਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਕਰ ਪ੍ਰਧਾਨ ਮੰਤਰੀ ਦੇ ਘਰ ਅੱਗੇ ਮਰਨ ਵਰਤ ’ਤੇ ਬੈਠਣ ਤਾਂ ਕੇਂਦਰ ਸਰਕਾਰ ਮਿੰਟੋ-ਮਿੰਟੀ ਸਾਰੇ ਮਸਲੇ ਹੱਲ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਜਿਹੇ ਕੰਮਾਂ ਵਾਸਤੇ ਹੁੰਦਾ ਹੈ, ਨਾ ਕਿ ਸੈਰ ਕਰਨ ਲਈ। ਜੇ ਕੈਪਟਨ ਮਰਨ ਵਰਤ ’ਤੇ ਬੈਠਣ ਤਾਂ ਅਕਾਲੀ ਦਲ ਵੀ ਇਸ ਦੀ ਹਮਾਇਤ ਕਰੇਗਾ।

ਸ੍ਰੀ ਬਾਦਲ ਨੇ ਇਹ ਟਿੱਪਣੀ ਅੱਜ ਇਥੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਵਾਂਗ ਜੇ ਪੰਜਾਬ ਸਰਕਾਰ ਵੀ ਪੂਰੇ ਸੂਬੇ ਨੂੰ ਮੰਡੀ ਐਲਾਨ ਦਿੰਦੀ ਤਾਂ ਗਵਰਨਰ ਨੇ ਸੋਧ ਬਿੱਲਾਂ ’ਤੇ ਸਹੀ ਪਾ ਦੇਣੀ ਸੀ। ਉਨ੍ਹਾਂ ਵਿਅੰਗ ਕੀਤਾ ਕਿ ਉਹ ਮੁੱਖ ਮੰਤਰੀ ਕਾਹਦਾ, ਜਿਹੜਾ ਰਾਸ਼ਟਰਪਤੀ ਨੂੰ ਹੀ ਨਾ ਮਿਲ ਸਕੇ। ਉਨ੍ਹਾਂ ਕਾਂਗਰਸ ਪਾਰਟੀ ਨੂੰ ਅਪੀਲ ਕੀਤੀ ਕਿ ਅਜਿਹੇ ਮੁੱਖ ਮੰਤਰੀ ਨੂੰ ਪਾਰਟੀ ’ਚੋਂ ਹੀ ਕੱਢ ਦੇਣਾ ਚਾਹੀਦਾ ਹੈ।

ਕੈਪਟਨ ਸਰਕਾਰ ਹਰ ਫਰੰਟ ’ਤੇ ਫੇਲ੍ਹ: ਸੁਖਬੀਰ

ਮੂਨਕ (ਕਰਮਵੀਰ ਸੈਣੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਦੇਹਲਾਂ ਸੀਹਾਂ ਵਿੱਚ ਨਤਮਸਤਕ ਹੋਣ ਮਗਰੋਂ ਅਕਾਲੀ ਵਰਕਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਨਜ਼ਰ ਆ ਰਹੀ ਹੈ। ਉਨ੍ਹਾਂ ਢੀਂਡਸਾ ਪਰਿਵਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜੇ ਢੀਂਡਸਾ ਨੂੰ ਕੇਂਦਰ ਸਰਕਾਰ ਵੱਲੋਂ ਲਏ ਗਏ ਖੇਤੀ ਵਿਰੋਧੀ ਫ਼ੈਸਲਿਆਂ ’ਤੇ ਰੋਸ ਹੈ ਤਾਂ ਉਨ੍ਹਾਂ ਨੇ ਰਾਜ ਸਭਾ ਵਿੱਚ ਅਸਤੀਫਾ ਕਿਉਂ ਨਹੀਂ ਦਿੱਤਾ।