ਅਡਾਨੀ ਗਰੁੱਪ ਨੇ 50 ਸਾਲਾਂ ਲਈ ਲੀਜ਼ ‘ਤੇ ਲਿਆ ਮੰਗਲੌਰ ਹਵਾਈ ਅੱਡਾ

ਨਵੀਂ ਦਿੱਲੀ: ਇੰਡੀਅਨ ਏਅਰਪੋਰਟ ਅਥਾਰਟੀ (ਏ.ਏ.ਆਈ.) ਨੇ ਮੰਗਲੌਰ ਅੰਤਰਰਾਸ਼ਟਰੀ ਹਵਾਈ ਅੱਡਾ ਅਧਿਕਾਰਤ ਤੌਰ ‘ਤੇ ਅਡਾਨੀ ਗਰੁੱਪ ਨੂੰ 50 ਸਾਲਾਂ ਲਈ ਲੀਜ਼ ’ਤੇ ਦੇ ਦਿੱਤਾ ਹੈ। 14 ਫਰਵਰੀ, 2020 ਨੂੰ ਲਾਗੂ ਕੀਤੇ ਗਏ ਰਿਆਇਤੀ ਸਮਝੌਤੇ ਤਹਿਤ ਇਹ ਲੀਜ਼ ਕੀਤੀ ਗਈ ਹੈ।

ਇਸ ਪ੍ਰਾਪਤੀ ਦੇ ਨਾਲ, ਅਡਾਨੀ ਗਰੁੱਪ ਨੇ ਹੁਣ ਦੇਸ਼ ਦੇ ਛੇ ਵੱਡੇ ਹਵਾਈ ਅੱਡਿਆਂ ’ਤੇ ਅਪਣਾ ਅਧਿਕਾਰ ਜਮਾ ਲਿਆ ਹੈ। ਇਨ੍ਹਾਂ ਵਿਚ ਲਖਨਊ, ਅਹਿਮਦਾਬਾਦ, ਤਿਰੂਵਨੰਤਪੁਰਮ, ਜੈਪੁਰ, ਗੁਹਾਟੀ ਅਤੇ ਮੰਗਲੌਰ ਦੇ ਹਵਾਈ ਅੱਡੇ ਸ਼ਾਮਲ ਹਨ।

 

ਲਖਨਊ ਏਅਰਪੋਰਟ ਵੀ 50 ਸਾਲਾਂ ਲਈ ਅਡਾਨੀ ਗਰੁੱਪ ਦੇ ਹੱਥਾਂ ਵਿਚ

ਲਖਨਊ ਦੇ ਚੌਧਰੀ ਚਰਣ ਸਿੰਘ ਏਅਰਪੋਰਟ ਲਈ ਅਡਾਨੀ ਗਰੁੱਪ ਦੇ ਨਾਲ ਹੋਏ ਸਮਝੌਤੇ ਮੁਤਾਬਕ ਸ਼ੁਰੂਆਤੀ ਤਿੰਨ ਸਾਲ ਤੱਕ ਅਡਾਨੀ ਸਮੂਹ ਦੇ ਅਧਿਕਾਰੀ ਏਅਰਪੋਰਟ ਪ੍ਰਸ਼ਾਸਨ ਨਾਲ ਕੰਮ ਕਰਨਗੇ। ਸੁਰੱਖਿਆ ਵਿਵਸਦਾ ਦੀ ਕਮਾਨ ਪਹਿਲਾਂ ਦੀ ਤਰ੍ਹਾਂ ਹੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਜਵਾਨ ਸੰਭਾਲਣਗੇ।

ਫਾਇਰ ਫਾਈਟਿੰਗ ਸਿਸਟਮ ਅਤੇ ਇੰਜੀਨੀਅਰਿੰਗ ਸੇਵਾਵਾਂ ਵੀ ਅਡਾਨੀ ਸਮੂਹ ਦੇ ਅਧਿਕਾਰੀ ਸੰਭਾਲਣਗੇ। ਦੱਸਿਆ ਜਾ ਰਿਹਾ ਹੈ ਕਿ ਏਅਰਪੋਰਟ ‘ਤੇ ਕਿਸੇ ਵੀ ਸਹੂਲਤ ਦੀ ਫੀਸ ਹਾਲੇ ਨਹੀਂ ਵਧਾਈ ਜਾਵੇਗੀ। ਜਾਣਕਾਰੀ ਮੁਤਾਬਕ ਲਖਨਊ ਹਵਾਈਅੱਡੇ ‘ਤੇ ਦਿੱਲੀ ਦੀ ਤਰਜ਼ ‘ਤੇ ਮੁਫ਼ਤ ਪਿਕ ਐਂਡ ਡਰਾਪ ਸੇਵਾ ਵੀ ਮੁਹੱਈਆ ਕਰਵਾਈ ਜਾ ਸਕਦੀ ਹੈ।