ਇੰਗਲੈਂਡ ਵਲੋਂ ਦੁਬਾਰਾ ਲਾਕ ਡਾਊਨ ਦਾ ਐਲਾਨ

ਲੰਡਨ-ਯੂ. ਕੇ. ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਇੱਕ ਵਾਰ ਫਿਰ ਕਹਿਰ ਮਚਾ ਦਿੱਤਾ ਹੈ। ਜਿਸ ਨਾਲ ਸਰਕਾਰ ਨੂੰ ਹੱਥਾਂ ਪੈਰਾ ਦੀ ਪੈ ਗਈ ਹੈ। ਯੂ. ਕੇ. ‘ਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਨਾਲ-ਨਾਲ ਹਸਪਤਾਲਾਂ ‘ਚ ਕੋਰੋਨਾ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ ਸਰਕਾਰ ਨੇ ਦੂਜੀ ਰਾਸ਼ਟਰੀ ਤਾਲਾਬੰਦੀ ਦਾ ਐਲਾਨ ਕੀਤਾ ਹੈ। ਭਾਵੇਂ ਯੂ. ਕੇ. ਦਾ ਵੱਡਾ ਹਿੱਸਾ ਪਹਿਲਾਂ ਹੀ ਸਰਕਾਰ ਵਲੋਂ ਬਣਾਏ ਤੀਜੇ ਪੜਾਅ ਵਿਚ ਦਾਖਲ ਹੋ ਚੁੱਕਿਆ ਹੈ ਪਰ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਅੱਜ ਦੇਸ਼ ਨੂੰ ਸੰਬੋਧਨ ਕਰਦਿਆਂ ਇੰਗਲੈਂਡ ‘ਚ 2 ਦਸੰਬਰ ਤੱਕ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਜ਼ਰੂਰੀ ਸਮਾਨ ਵਾਲੀਆਂ ਦੁਕਾਨਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ, ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

ਰੈਸਟੋਰੈਂਟ, ਪੱਬ, ਜਿੰਮ ਆਦਿ ਬੰਦ ਰਹਿਣਗੇ। ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਆਪਣੀ ਕੈਬਨਿਟ ਦੇ ਸੀਨੀਅਰ ਨੇਤਾਵਾਂ ਖਜ਼ਾਨਾ ਮੰਤਰੀ ਰਿਸ਼ੀ ਸੁਨਾਕ, ਮਾਈਕਲ ਗੋਵ ਅਤੇ ਸਿਹਤ ਮੰਤਰੀ ਮੈਟ ਹਨਕੁੱਕ ਸਮੇਤ ਕਈ ਹੋਰ ਮੰਤਰੀਆਂ ਨਾਲ ਤਾਲਾਬੰਦੀ ਬਾਰੇ ਵਿਚਾਰਾਂ ਕੀਤੀਆਂ, ਲੇਕਨ ਆਰਥਿਕ ਤੰਗੀਆਂ ਨਾਲ ਜੂਝ ਰਹੇ ਬਰਤਾਨੀਆ ਨੂੰ ਲੈ ਕੇ ਸਰਕਾਰ ਲਈ ਫੈਸਲਾ ਲੈਣਾ ਅਸਾਨ ਨਹੀਂ ਸੀ। ਨਵੇਂ ਨਿਯਮ ਵੀਰਵਾਰ ਤੋਂ ਲਾਗੂ ਹੋਣਗੇ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇਸ਼ ਵਾਸੀਆਂ ਨੂੰ ਯੂ. ਕੇ. ਮੁਤਾਬਿਕ ਸ਼ਾਮੀ 4 ਵਜੇ ਸੰਬੋਧਨ ਕਰਨ ਵਾਲੇ ਸਨ, ਪਰ ਬਾਅਦ ਵਿੱਚ ਉਹਨਾ ਸ਼ਾਮੀਂ 6:45 ਵਜੇ ਦੇ ਕਰੀਬ ਸੰਬੋਧਨ ਕੀਤਾ ਅਤੇ ਨਵੀਆਂ ਨੀਤੀਆਂ ਤੋਂ ਜਾਣੂ ਕਰਵਾਇਆ।

ਸਰਕਾਰ ਦੇ ਸਲਾਹਕਾਰਾਂ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਨਾਲੋਂ ਵੀ ਗੰਭੀਰ ਹੋ ਸਕਦੀ ਹੈ, ਉਹਨਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਜੇ ਸਥਿਤੀ ‘ਤੇ ਕਾਬੂ ਨਾ ਪਾਇਆ ਗਿਆ ਤਾਂ ਇੰਗਲੈਂਡ ਦੇ ਹਸਪਤਾਲ 17 ਦਸੰਬਰ ਤੱਕ ਕੋਰੋਨਾ ਮਰੀਜ਼ਾਂ ਨਾਲ ਭਰ ਸਕਦੇ ਹਨ। ਕੁਝ ਅਧਿਐਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਰੋਜ਼ਾਨਾ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਗਿਣਤੀ 4000 ਤੱਕ ਵੀ ਪਹੁੰਚ ਸਕਦੀ ਹੈ। ਯੂ. ਕੇ. ਵਿਚ ਬੀਤੇ 24 ਘੰਟਿਆਂ ‘ਚ ਕੋਰੋਨਾ ਪ੍ਰਭਾਵਿਤ 326 ਮਰੀਜ਼ਾਂ ਦੀ ਮੌਤ ਹੋਈ ਅਤੇ 21915 ਨਵੇਂ ਪਾਜ਼ੀਟਵ ਮਾਮਲੇ ਸਾਹਮਣੇ ਆਏ ਹਨ।