ਤੁਰਕੀ ਅਤੇ ਗ੍ਰੀਸ ‘ਚ ਸ਼ਕਤੀਸ਼ਾਲੀ ਭੂਚਾਲ ਕਾਰਨ ਹੁਣ ਤਕ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ, ਜਦਕਿ ਸੈਂਕੜੇ ਹੋਰ ਜ਼ਖ਼ਮੀ ਹੋਏ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਗ੍ਰੀਸ ਦੇ ਸ਼ਹਿਰ ਕਾਰਲੋਵਸੀ ਤੋਂ 14 ਕਿਲੋਮੀਟਰ ਦੂਰ 7.0 ਦੀ ਤੀਬਰਤਾ ਵਾਲਾ ਭੂਚਾਲ ਆਇਆ।
ਤੁਰਕੀ ਅਤੇ ਗ੍ਰੀਸ ਦੋਹਾਂ ਦੇਸ਼ਾਂ ਦੇ ਕਈ ਹਿੱਸਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਤੁਰਕੀ ਦੇ ਇਜ਼ਮਿਰ ਸ਼ਹਿਰ ‘ਚ ਵਧੇਰੇ ਨੁਕਸਾਨ ਹੋਇਆ ਹੈ, ਜਿੱਥੇ ਕਿ ਵੱਡੀ ਗਿਣਤੀ ‘ਚ ਉੱਚੀਆਂ ਇਮਾਰਤਾਂ ਹਨ।
ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ ਅਨੁਸਾਰ ਰਿਕਟਰ ਪੈਮਾਨੇ ‘ਤੇ ਭੁਚਾਲ ਦੀ ਤੀਬਰਤਾ 7.0 ਮਾਪੀ ਗਈ ਹੈ ਅਤੇ ਇਸ ਨੇ ਤੁਰਕੀ, ਅਥੈਂਸ ਅਤੇ ਗ੍ਰੀਸ ਨੂੰ ਪ੍ਰਭਾਵਿਤ ਕੀਤਾ ਹੈ।
ਇਜਮਿਰ ਦੇ ਮੇਅਰ ਟੰਕ ਸੋਇਰ ਅਨੁਸਾਰ ਸੂਬੇ ‘ਚ ਲਗਭਗ 20 ਤੋਂ ਜ਼ਿਆਦਾ ਇਮਾਰਤਾਂ ਦੇ ਡਿਗਣ ਦੀ ਖ਼ਬਰ ਹੈ। ਇਜਮਿਰ ਦੇ ਗਵਰਨਰ ਨੇ ਦੱਸਿਆ ਕਿ 70 ਲੋਕਾਂ ਨੂੰ ਮਲਬੇ ‘ਚੋਂ ਸੁਰੱਖਿਅਤ ਕੱਢਿਆ ਗਿਆ ਹੈ। ਘੱਟੋ-ਘੱਟ 25-30 ਸੈਕੰਡ ਤਕ ਭੂਚਾਲ ਦੇ ਝਟਕੇ ਲਗਾਤਾਰ ਲੱਗਦੇ ਰਹੇ।
ਸਿਹਤ ਮੰਤਰੀ ਫਹਿਰੇਟਿਨ ਕੋਕਾ ਨੇ ਟਵੀਟ ਕੀਤਾ, ‘ਬਦਕਿਸਮਤੀ ਨਾਲ, ਸਾਡੇ ਚਾਰ ਨਾਗਰਿਕਾਂ ਨੇ ਭੁਚਾਲ ਵਿੱਚ ਆਪਣੀ ਜਾਨ ਗੁਆ ਦਿੱਤੀ ਹੈ,ਤੁਰਕੀ ਦੇ ਤੱਟਵਰਤੀ ਰਿਜੋਰਟ ਸ਼ਹਿਰ ਇਜਮਿਰ ਦੀਆਂ ਇਮਾਰਤਾਂ ਢਹਿ ਜਾਣ ਕਾਰਨ 120ਤੋਂ ਵੱਧ ਲੋਕੀ ਜ਼ਖਮੀ ਹੋਏ ਨੇ।’