ਜਿਵੇਂ ਅਮਰੀਕਾ ਨੇ ਇਰਾਨ ਦੀ ਨਾਕਾਬੰਦੀ ਕੀਤੀ ਉਸੇ ਤਰਾਂ ਕੇਂਦਰ ਪੰਜਾਬ ਨਾਲ ਕਰ ਰਿਹੈ- ਸੁਨੀਲ ਜਾਖੜ

ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਪ੍ਰਤੀ ਅਪਨਾਏ ਜਾ ਰਹੇ ਵਤੀਰਾ ਦਾ ਤਿੱਖਾ ਵਿਰੋਧ ਕਰਦੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨੂੰ ਸਬਕ ਸਿਖਾਉਣ ਵਾਲੀ ਨੀਤੀ ਨਾਲ ਕੰਮ ਕਰ ਰਹੀ ਹੈ। ਅੱਜ ਅਜਨਾਲਾ ਹਲਕੇ ਦੇ ਪਿੰਡ ਚਮਿਆਰੀ ਅਤੇ ਅਟਾਰੀ ਹਲਕੇ ਦੇ ਪਿੰਡ ਗੁਰੂਵਾਲੀ ਵਿਚ ਕਿਸਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਵੱਲੋਂ ਥੋਪੇ ਗਏ ਕਾਨੂੰਨ ਕੇਵਲ ਪੰਜਾਬ ਦੇ ਕਿਸਾਨਾਂ ਲਈ ਹੀ ਨਹੀਂ ਬਲਕਿ ਦੇਸ਼ ਦੀ ਕਿਰਸਾਨੀ ਲਈ ਘਾਤਕ ਹਨ। ਉਨਾਂ ਕਿਹਾ ਕਿ ਇਸ ਨਾਲ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬਿਆਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਬੇਜ਼ਮੀਨੇ ਕਰਕੇ ਉਨਾਂ ਦੀਆਂ ਜਮੀਨਾਂ ਖੋਹ ਕੇ ਵੱਡੇ ਘਰਾਣਿਆਂ ਨੂੰ ਦੇਣ ਦੀਆਂ ਸਾਜਿਸ਼ਾਂ ਰਚੀਆਂ ਗਈਆਂ ਹਨ, ਜਿੰਨਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਉਤੇ ਉਸੇ ਤਰਾਂ ਆਰਥਿਕ ਪਾਬੰਦੀਆਂ ਲਗਾ ਰਹੀ ਹੈ, ਜਿਵੇਂ ਕਿ ਅਮਰੀਕਾ ਆਪਣੇ ਵਿਰੋਧੀ ਦੇਸ਼ਾਂ ਕਿਊਬਾ, ਇਰਾਨ ਵਗੈਰਾ ਉਤੇ ਲਗਾਉਂਦਾ ਹੈ। ਉਨਾਂ ਕਿਹਾ ਕਿ ਪਹਿਲਾਂ ਜੀ. ਐਸ ਟੀ ਦਾ 9500 ਕਰੋੜ ਰੁਪਏ ਬਕਾਇਆ ਅਤੇ ਹੁਣ ਦਿਹਾਤੀ ਵਿਕਾਸ ਫੰਡ ਦਾ 1100 ਕਰੋੜ ਰੁਪਏ ਫੰਡ ਰੋਕ ਕੇ ਪੰਜਾਬ ਦੇ ‘ਗੋਡੇ’ ਲਵਾਉਣ ਵਾਲੀ ਚਾਲ ਚੱਲੀ ਜਾ ਰਹੀ ਹੈ।

ਉਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਸੰਘਰਸ਼ ਤੋਂ ਲੈ ਕੇ ਹੁਣ ਤੱਕ ਦੁਸ਼ਮਣ ਤਾਕਤਾਂ ਨਾਲ ਲੋਹਾ ਲੈਂਦੇ ਆ ਰਹੇ ਪੰਜਾਬ ਦੇ ਜਵਾਨ ਨੂੰ ਚੀਨੀ ਸਰਹੱਦ ਉਤੇ ਦੁਸ਼ਮਣਾਂ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ ਅਤੇ ਇਥੇ ਉਸਦੇ ਮਾਪੇ ਦਿੱਲੀ ਦੀਆਂ ਘਾਤਕ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨਾਂ ਕਿਹਾ ਕਿ ਜਿੱਥੇ ਦੁਸ਼ਮਣ ਦੇਸ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਥਾਂ ਮੋਦੀ ਸਰਕਾਰ ਗੱਲਬਾਤ ਨਾਲ ਮਸਲੇ ਦਾ ਹੱਲ ਕਰਨ ਲਈ ਹਾੜੇ ਕੱਢ ਰਿਹਾ ਹੈ, ਉਥੇ ਆਪਣੇ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ ਅਤੇ ਉਨਾਂ ਦੀ ਬਾਂਹ ਮਰੋੜੀ ਜਾ ਰਹੀ ਹੈ।