ਭਾਜਪਾ ਨੇ ਪੰਜਾਬ ਨਾਲ ਧੋਖਾ ਕੀਤਾ-ਮਜੀਠੀਆ

ਭਵਾਨੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਧੂਰੀ ਵਿਖੇ ਗਗਨਜੀਤ ਸਿੰਘ ਬਰਨਾਲਾ ਦੀ ਰਿਹਾਇਸ਼ ਵਿਖੇ ਪਹੁੰਚੇ, ਜਿਥੇ ਉਨ੍ਹਾਂ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ। ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦਾ ਗਠਨ ਇਸ ਕਰਕੇ ਹੋਇਆ ਸੀ ਤਾਂਕਿ ਕਾਂਗਰਸ ਦਾ ਏਕਾਅਧਿਕਾਰ ਟੁੱਟ ਸਕੇ ਅਤੇ ਰਾਜ ਪੱਧਰੀ ਛੋਟੀਆਂ ਪਾਰਟੀਆਂ ਵੀ ਆਪਣੇ ਰਾਜਾਂ ਦਾ ਭਲਾ ਕਰ ਸਕਣ ਪਰ ਭਾਜਪਾ ਨੇ ਖੇਤੀ ਆਰਡੀਨੈਂਸ ਲਿਆ ਕੇ ਪੰਜਾਬ ਨਾਲ ਧੋਖਾ ਕੀਤਾ ਹੈ, ਜਿਸ ਕਾਰਨ ਅਕਾਲੀ ਦਲ ਨੇ ਭਾਜਪਾ ਨਾਲ ਆਪਣਾ 30 ਸਾਲ ਪੁਰਾਣਾ ਰਿਸ਼ਤਾ ਤੋੜ ਦਿੱਤਾ ਹੈ, ਜਦੋਂ ਕਿ ਸੱਤਾ ਦੇ 4 ਸਾਲ ਹਾਲੇ ਹੋਰ ਪਏ ਹਨ ਪਰ ਕਿਸਾਨਾਂ ਦੇ ਹਿੱਤਾਂ ਖਾਤਿਰ ਅਕਾਲੀ ਦਲ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ।

ਉਨ੍ਹਾਂ ਨੇ ਪੰਜਾਬ ਕਾਂਗਰਸ ਦੁਆਰਾ ਮਤੇ ਪਾਉਣ ਨੂੰ ਧੋਖਾ ਦੱਸਦਿਆਂ ਕਿਹਾ ਕਿ ਕਾਂਗਰਸ ਵੀ ਭਾਜਪਾ ਨਾਲ ਮਿਲੀ ਹੋਈ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਇਹ ਬਿੱਲ ਪਾਸ ਕਰਵਾਏ ਗਏ ਹਨ। ਰਾਹੁਲ ਗਾਂਧੀ ਜੋ ਕਿਸਾਨੀ ਦੇ ਹਿੱਤਾਂ ਲਈ ਪੰਜਾਬ ਆਏ ਸਨ, ਪਰ ਜਦੋਂ ਇਹ ਬਿੱਲ ਲੋਕ ਸਭਾ ਵਿੱਚ ਪਾਸ ਉਦੋਂ ਉਹ ਕਿੱਥੇ ਸਨ। ਉਸ ਸਮੇਂ ਉਨ੍ਹਾਂ ਨੇ ਕਿਉਂ ਨਹੀਂ ਆਵਾਜ ਚੁੱਕੀ। ਪੰਜਾਬ ਦੇ ਐਮਪੀ ਉੱਥੇ ਗੈਰਹਾਜ਼ਰ ਸਨ।

ਬਿਕਰਮ ਮਜੀਠੀਆ ਨੇ ਇਹ ਵੀ ਕਿਹਾ ਪੰਜਾਬ ਇੱਕ ਖੇਤੀ ਪ੍ਰਧਾਨ ਰਾਜ ਹੈ ਅਤੇ ਜੇ ਇੱਥੇ ਖੇਤੀ ਨਹੀਂ ਹੁੰਦੀ, ਤਾਂ ਹਰ ਵਿਅਕਤੀ ਪ੍ਰਭਾਵਤ ਹੋਵੇਗਾ, ਇਸ ਲਈ ਸਾਡਾ ਮੁੱਖ ਉਦੇਸ਼ ਖੇਤੀਬਾੜੀ ਨੂੰ ਬਚਾਉਣਾ ਹੈ ਅਤੇ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਗੱਲ ਨਾ ਕਰਨਾ ਕਿਸਾਨਾਂ ਦੇ ਨਾਲ ਪੰਜਾਬ ਦਾ ਵੀ ਅਪਮਾਨ ਹੈ।