Breaking News
Home / ਪੰਜਾਬ / ਖਾਲਿਸਤਾਨ ਦੇ ਨਾਅਰੇ ਲਾਉਣ ਦਾ ਮਾਮਲਾ-ਵਕੀਲ ਹਾਕਮ ਸਿੰਘ ਦਾ ਸਪੱਸ਼ਟੀਕਰਨ

ਖਾਲਿਸਤਾਨ ਦੇ ਨਾਅਰੇ ਲਾਉਣ ਦਾ ਮਾਮਲਾ-ਵਕੀਲ ਹਾਕਮ ਸਿੰਘ ਦਾ ਸਪੱਸ਼ਟੀਕਰਨ

ਵਾਹਿਗੁਰੂ ਜੀ ਕਾ ਖਾਲਸਾ
ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ॥
ਪਰਸੋਂ ਸ਼ੰਭੂ ਮੋਰਚੇ ਤੇ ਜੋ ਵਾਪਰਿਆ ਉਸ ਬਾਰੇ ਫੇਸਬੁੱਕ ‘ਤੇ ਬਹੁਤ ਸਾਰੇ ਮਿੱਤਰਾਂ ਨੇ ਇਤਰਾਜ਼ ਜਤਾਇਆ ਹੈ। ਹਾਲਾਂਕਿ ਬਹੁਤ ਸਾਰੇ ਮਿੱਤਰ ‘ਫੇਕ’ ਹਨ। ਪਤਾ ਹੈ ਕਿ ਉਹ ਸ਼ੰਭੂ ਮੋਰਚੇ ਤੋਂ ਦੁਖੀ ਰਾਜਨੀਤਕ ਪਾਰਟੀਆਂ ਦੇ ਆਈ. ਟੀ. ਸੈੱਲਾਂ ਦੀਆਂ ਬਣਾਈਆਂ ਹੋਈਆਂ ਆਈ. ਡੀਆਂ. ਹਨ ਪਰ ਉਨ੍ਹਾਂ ਵਿੱਚ ਜਰੂਰ ਕੁਝ ਪੰਜਾਬ ਅਤੇ ਸਿੱਖੀ ਹਿਤੈਸ਼ੀ ਲੋਕ ਵੀ ਹੋਣਗੇ; ਇਹ ਸੋਚ ਕੇ ਅਤੇ ਕੁਝ ਸੀਨੀਅਰ ਮਿੱਤਰਾਂ ਦੇ ਕਹਿਣ ‘ਤੇ ਅਸੀਂ ਉਕਤ ਘਟਨਾ ਬਾਰੇ ਕੁਝ ਗੱਲਾਂ ਸਾਂਝੀਆਂ ਕਰਨ ਦਾ ਮਨ ਬਣਾਇਆ ਹੈ।

ਦੋਸਤੋ! ਤੁਸੀਂ ਉੰਨੀ ਕੁ ਘਟਨਾ ਵੇਖੀ ਹੈ ਜੋ ਇੱਕ ਚੈਨਲ ਨੇ ਤੁਹਾਨੂੰ ਵਿਖਾਈ। ਉਸ ਤੋਂ ਪਹਿਲਾਂ ਸ਼ੰਭੂ ਮੋਰਚੇ ‘ਤੇ ਕੀ ਹੋਇਆ ਤੇ ਜਦੋਂ ਦਾ ਮੋਰਚਾ ਲੱਗਾ ਹੈ, ਰੋਜ਼ ਕੀ ਹੁੰਦਾ ਹੈ ਤੁਹਾਨੂੰ ਸ਼ਾਇਦ ਨਹੀਂ ਪਤਾ। ਸੋ ਇਸ ਤੋਂ ਪਹਿਲਾਂ ਕਿ ਤੁਸੀਂ ਮੇਰੇ ਜਾਂ ਵੀਰ ਹਰਪ੍ਰੀਤ ਬਾਰੇ ਕੋਈ ਧਾਰਨਾ ਬਣਾਓ, ਤੁਹਾਨੂੰ ਕੁਝ ਗੱਲਾਂ ਜਰੂਰ ਜਾਨਣੀਆਂ ਚਾਹੀਦੀਆਂ ਹਨ। ਗੱਲ ਸਿਰਫ਼ ਇੰਨੀ ਨਹੀਂ ਕਿ ਕਿਸੇ ਨੇ ਆ ਕੇ ਮੋਰਚੇ ਵਿੱਚ ਖਾਲਿਸਤਾਨ ਦਾ ਨਾਹਰਾ ਮਾਰਿਆ। ਗੱਲ ਮੋਰਚੇ ਨੂੰ ਬਦਨਾਮ ਅਤੇ ਫੇਲ ਕਰਨ ਦੇ ਮਨਸੂਬਿਆਂ ਦੀ ਹੈ। ਪਹਿਲੇ ਦਿਨ ਤੋਂ ਮੋਰਚਾ-ਵਿਰੋਧੀ ਲੋਕ ਅਤੇ ਸਰਕਾਰੀ ਏਜੰਸੀਆਂ ਇਹੀ ਕੋਸ਼ਿਸ਼ ਕਰ ਰਹੀਆਂ ਹਨ ਤੇ ਅਸੀਂ ਦਿਨ-ਰਾਤ ਉਨ੍ਹਾਂ ਦੇ ਮਨਸੂਬਿਆਂ ਦਾ ਤੋੜ ਲੱਭਣ ਦੀ ਕੋਸ਼ਿਸ਼ ਕਰਦੇ ਰਹੇ ਹਾਂ। ਤੁਹਾਨੂੰ ਸਿਰਫ਼ ਇੱਕ ਨਾਹਰਾ ਲਾਉਣ ਵਾਲੇ ਦਾ ਪਤਾ ਹੈ। ਸਾਨੂੰ ਇਹੋ ਜਿਹੇ ਸੈਂਕੜੇ ਲੋਕਾਂ ਦਾ ਪਤਾ ਹੈ। ਫੇਸਬੁੱਕ ‘ਤੇ ਬਿਆਨ ਦਾਗਣੇ, ਨਿੰਦਾ ਕਰਨੀ ਅਤੇ ਗਾਲ੍ਹਾਂ ਕੱਢਣੀਆਂ ਬਹੁਤ ਸੌਖੀਆਂ ਹਨ ਮਿੱਤਰੋ। ਮੋਰਚਿਆਂ ਤੇ ਡਟੇ ਰਹਿਣਾ ਬਹੁਤ ਔਖਾ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਸ ਮੋਰਚੇ ਨੂੰ ਸਹੀ ਢੰਗ ਨਾਲ ਚਲਾਈ ਰੱਖਣ ਦਾ ਸਾਡੇ ਉੱਤੇ ਕਿੰਨਾ ਪ੍ਰੈਸ਼ਰ ਸੀ! ਆਏ ਦਿਨ ਪੁਲਿਸ ਅਤੇ ਸੂਹੀਆ ਏਜੰਸੀਆਂ ਉੱਥੇ ਆ ਕੇ ਮੋਰਚੇ ਦੀ ਪਲ-ਪਲ ਦੀ ਬਿੜਕ ਲੈਂਦੀਆਂ ਰਹੀਆਂ ਕਿ ਕਿਤੇ ਇਸ ਮੋਰਚੇ ਤੋਂ ਕੁਝ ਗਲਤ ਤਾਂ ਨਹੀਂ ਹੋ ਰਿਹਾ! ਮੋਰਚੇ ਨੂੰ ਬਦਨਾਮ ਕਰਨ ਵਾਲੇ ਵਿਰੋਧੀ ਅਤੇ ਉਨ੍ਹਾਂ ਦੀ ਖਬਰੀ ਚੈਨਲ ਕੁੱਤਿਆਂ ਵਾਂਗ ਸੁੰਘਦੇ ਫਿਰਦੇ ਸਨ ਕਿ ਉਨ੍ਹਾਂ ਨੂੰ ਮੋਰਚੇ ਦੀ ਖਿਲਾਫ਼ ਕੁਝ ਮਿਲੇ ਤੇ ਉਹ ਇਸ ਮੋਚੇ ਨੂੰ ਡੇਗ ਸਕਣ। ਸੋ ਹਰ ਪਲ ਸਾਡੀ ਇਹੀ ਕੋਸ਼ਿਸ਼ ਹੁੰਦੀ ਕਿ ਸਭ ਕੁਝ ਠੀਕ ਚੱਲਦਾ ਰਹੇ। ਕੋਈ ਨਮੋਸ਼ੀ ਵਾਲੀ ਗੱਲ ਨਾ ਹੋਵੇ।

ਪਰ ਸਾਨੂੰ ਅਫ਼ਸੋਸ ਹੈ ਕਿ ਸਾਡੀਆਂ ਕੋਸ਼ਿਸ਼ਾਂ ਨੂੰ ਸਮਝਣ ਦੀ ਬਜਾਏ ਕੁਝ ਲੋਕਾਂ ਨੇ ਸਾਨੂੰ ਹੀ ਮੋਰਚਾ ਖਰਾਬ ਕਰਨ ਦੇ ਦੋਸ਼ ਦੇ ਦਿੱਤੇ। ਇਹ ਜਿਹੜੇ ਬੰਦੇ ਨੇ ਆ ਕੇ ਮੋਰਚੇ ਵਿੱਚ ਖਾਲਿਸਤਾਨ ਦਾ ਨਾਹਰਾ ਮਾਰਿਆ, ਇਹ ਜਾਣੇ ਬਿਨਾਂ ਕਿ ਉਹ ਕੌਣ ਹੈ! ਕਿਸ ਮਨਸ਼ਾ ਨਾਲ ਮੋਰਚੇ ਵਿੱਚ ਨਾਹਰਾ ਲਾਉਣ ਆਇਆ! ਉਸਨੂੰ ਹੀਰੋ ਬਣਾ ਦਿੱਤਾ ਗਿਆ ਅਤੇ ਅਸੀਂ ਜਿਹੜੇ ਇੱਕ ਮਹੀਨੇ ਤੋਂ ਮੋਰਚੇ ਦੇ ਪ੍ਰਬੰਧ ਵੇਖ ਰਹੇ ਹਾਂ, ਦੋ ਸ਼ੀ ਸਮਝ ਲਏ ਗਏ। ਕਈ ਸਵਾਲ ਹਨ। ਕੀ ਇਹ ਮੋਰਚਾ ਅਸੀਂ ਕਿਸਾਨ-ਅੰਦੋਲਨ ਦੇ ਸਹਿਯੋਗ ਵਿੱਚ ਲਾਇਆ ਹੈ ਜਾਂ ਖਾਲਿਸਤਾਨ ਬਣਾਉਣ ਲਈ? ਜੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਲਾਇਆ ਹੈ ਤਾਂ ਉੱਥੇ ਖਾਲਿਸਤਾਨ ਦਾ ਮੁੱਦਾ ਕਿੱਥੋਂ ਆ ਗਿਆ? ਇਹ ਵੀ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਨੇ ਮਾਫ਼ੀ ਮੰਗ ਲਈ ਸੀ। ਹਾਂ, ਉਹ ਵਾਰ-ਵਾਰ ਕਹਿ ਰਿਹਾ ਸੀ ਕਿ ਮੈਥੋਂ ਗਲਤੀ ਹੋ ਗਈ। ਸਾਨੂੰ ਤਾਂ ਇਹ ਵੀ ਸਮਝ ਨਹੀਂ ਆ ਰਿਹਾ ਕਿ ਜਿਹੜਾ ਬੰਦਾ ਖਾਲਿਸਤਾਨ ਦਾ ਨਾਹਰਾ ਲਾ ਕੇ ਉਸਨੂੰ ਆਪਣੀ ਗਲਤੀ ਦੱਸ ਰਿਹਾ ਹੈ, ਖਾਲਿਸਤਾਨ ਦੇ ਸ਼ੁਭ-ਚਿੰਤਕ ਉਸਨੂੰ ਹੀਰੋ ਕਿਉਂ ਬਣਾ ਰਹੇ ਹਨ? ਕੀ ਇਹੋ ਜਿਹੇ ਡਰਪੋਕ ਬੰਦੇ ਖਾਲਿਸਤਾਨ ਬਣਾਉਣਗੇ, ਜਿਨ੍ਹਾਂ ਦੀਆਂ ਲੱਤਾਂ ਇੱਕ ਨਾਹਰੇ ਦਾ ਭਾਰ ਨਹੀਂ ਝੱਲਦੀਆਂ ਜਾਂ ਇਹੋ ਜਿਹਿਆਂ ਨੂੰ ‘ਸੂਰਮੇ’ ਸਮਝਣ ਵਾਲੇ ਖਾਲਿਸਤਾਨ ਬਣਾਉਣਗੇ?

ਦੋਸਤੋ ਖਾਲਿਸਤਾਨ ਦੀ ਮੰਗ ਇੱਕ ਵੱਖਰਾ ਵਿਸ਼ਾ ਹੈ। ਜੇ ਕੁਝ ਲੋਕਾਂ ਨੂੰ ਇਹ ਮੰਗ ਜਾਇਜ਼ ਲੱਗਦੀ ਹੈ, ਅਸੀਂ ਉਨ੍ਹਾਂ ਦੀ ਰਾਏ ਦਾ ਪੂਰਨ ਸਤਿਕਾਰ ਕਰਦੇ ਹਾਂ। ਸਾਡੀ ਸਿਰਫ਼ ਨਿਮਰਤਾ ਸਹਿਤ ਇੰਨੀ ਬੇਨਤੀ ਹੈ ਕਿ ਇਹ ਮੌਕਾ ਅਤੇ ਇਹ ਸਥਾਨ ਉਸ ਮੰਗ ਲਈ ਨਹੀਂ ਸੀ। ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹੋ ਜਿਹੇ ਸ਼ਰਾਰਤੀ ਅਨਸਰ ਪਹਿਲਾਂ ਵੀ ਰੋਜ਼ ਵਾਂਗ ਉੱਥੇ ਆ ਕੇ ਮੋਰਚੇ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸੋ ਜਿਵੇਂ ਹੀ ਉਸਨੇ ਨਾਹਰੇ ਲਾਉਣੇ ਸ਼ੁਰੂ ਕੀਤੇ, ਮੈਂ ਅਤੇ ਹਰਪ੍ਰੀਤ ਵੀਰ ਨੇ ਉਸਨੂੰ ਰੋਕਣ ਲਈ ਬਾਹਰ ਲਿਆਉਂਦਾ। ਦੀਪ ਸਿੱਧੂ ਹੋਰੀਂ ਉਸ ਵੇਲੇ ਇੱਕ ਹੋਰ ਸ਼ਰਾਬੀ ਨੂੰ ਮੋਰਚਾ ਖਰਾਬ ਕਰਨ ਤੋਂ ਰੋਕਣ ਲੱਗੇ ਹੋਏ ਸਨ। ਪਹਿਲਾਂ ਤਾਂ ਉਹ ਸਾਡੇ ਨਾਲ ਬਹਿਸਿਆ। ਫੇਰ ਪੁਲਿਸ ਨੂੰ ਵੇਖ ਕੇ ਮਾਫੀ ਮੰਗ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਸਾਡਾ ਮਕਸਦ ਉਸਨੂੰ ਗਰਿਫ਼ਤਾਰ ਕਰਵਾ ਕੇ ਇਹ ਜਾਣਨ ਦਾ ਸੀ ਕਿ ਉਸਨੂੰ ਇੱਥੇ ਭੇਜਿਆ ਕਿਹੜੀ ਏਜੰਸੀ ਨੇ ਸੀ? ਹੁਣ ਸਾਡਾ ਤੁਹਾਨੂੰ ਸਵਾਲ ਹੈ। ਜੇ ਉਸਨੂੰ ਸੰਘ, ਭਾਜਪਾ, ਅਕਾਲੀਆਂ ਜਾਂ ਕਾਂਗਰਸ ਨੇ ਨਾਹਰੇ ਲਾਉਣ ਭੇਜਿਆ ਹੋਵੇ, ਜਿਨ੍ਹਾਂ ਲਈ ਕਿਸਾਨ ਅੰਦੋਲਨ ਮੁਸੀਬਤ ਬਣਿਆ ਹੋਇਆ ਹੈ, ਕੀ ਫੇਰ ਵੀ ਤੁਸੀਂ ਉਸਦੇ ਇਸ ਨਾਹਰੇ ਨੂੰ ਜਾਇਜ਼ ਠਹਿਰਾਓਗੇ? ਜਰਾ ਸੋਚੋ ਮਿੱਤਰੋ! ਅਤੀਤ ਵਿੱਚ ਇਹੋ ਜਿਹੇ ਕਿੰਨੇ ਸਰਕਾਰੀ ਟਾਊਟਾਂ ਅਤੇ ਕਾਲੀਆਂ ਬਿੱਲੀਆਂ ਨੇ ਸਿੱਖੀ ਦਾ ਘਾਣ ਕੀਤਾ ਹੈ। ਆਪਾਂ ਜਿਨ੍ਹਾਂ ਨੂੰ ਯੋਧੇ ਸਮਝਦੇ ਰਹੇ, ਬਾਅਦ ਵਿੱਚ ਪਤਾ ਲੱਗਾ ਕਿ ਉਹ ਤਾਂ ਸਿੱਖ-ਵਿਰੋਧੀ ਏਜੰਸੀਆਂ ਦੇ ਕਠਪੁਤਲੇ ਸਨ।

ਸਾਡੀ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਸਿਰਫ਼ ਇੱਕ ਹੀ ਕੋਸ਼ਿਸ਼ ਰਹੀ ਕਿ ਕਿਤੇ ਇੰਝ ਨਾ ਹੋਵੇ, ਅਸੀਂ ਮੋਰਚੇ ਰਾਹੀਂ ਕਿਸਾਨ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਂਦੇ-ਪਾਉਂਦੇ ਕਿਤੇ ਕਿਸਾਨ ਅੰਦੋਲਨ ਦਾ ਕੋਈ ਨੁਕਸਾਨ ਕਰ ਬੈਠੀਏ। ਸੱਚ ਪੁੱਛੋ ਤਾਂ ਉਸ ਬੰਦੇ ਦੇ ਨਾਹਰੇ ਲਾਉਣ ਵੇਲੇ ਜਦੋਂ ਅਸੀਂ ਕੁਝ ਹੋਰ ਲੋਕਾਂ ਨੂੰ ਉਸਦੀ ਵੀਡੀਓ ਬਣਾਉਂਦੇ ਵੇਖਿਆ, ਮੈਂ ਤੇ ਹਰਪ੍ਰੀਤ ਘਬਰਾ ਗਏ ਸਾਂ। ਸਾਨੂੰ ਪਤਾ ਹੈ ਕਿ ਖਾਲਿਸਤਾਨ ਦਾ ਨਾਹਰਾ ਲਾਉਣਾ ਗੈਰ-ਕਨੂੰਨੀ ਨਹੀਂ ਪਰ ਉਸ ਵੇਲੇ ਸਾਡਾ ਇੱਕ ਹੀ ਸੰਸਾ ਸੀ, ਇਹ ਸ਼ਰਾਰਤ ਕਿਤੇ ਕਿਸਾਨ ਅੰਦੋਲਨ ਲਈ ਨਮੋਸ਼ੀ ਨਾ ਬਣ ਜਾਵੇ। ਤੁਸੀਂ ਸਾਡੇ ਡਰ ਨੂੰ ਸਾਡੀ ਕਾਇਰਤਾ ਕਹਿ ਸਕਦੇ ਹੋ। ਅਸੀਂ ਬੜੇ ਮਾਣ ਨਾਲ ਉਸਨੂੰ ਪੰਜਾਬ ਦੇ ਕਿਰਤੀ-ਕਿਸਾਨਾਂ ਪ੍ਰਤੀ ਫਿਕਰਮੰਦੀ ਸਮਝਦੇ ਹਾਂ। ਅਸੀਂ ਇਹੋ ਜਿਹੇ ਹੁੱਲੜਬਾਜਾਂ ਨੂੰ ਸਿੱਖੀ ਅਤੇ ਖਾਲਿਸਤਾਨ ਲਈ ਵੀ ਨਮੋਸ਼ੀ ਸਮਝਦੇ ਹਾਂ। ਜਰਾ ਸੋਚੋ। ਜੇ ਖਾਲਿਸਤਾਨ-ਪੱਖੀ ਨਾਹਰੇਬਾਜ਼ੀ ਨਾਲ ਪੂਰੇ ਕਿਸਾਨ-ਅੰਦੋਲਨ ਨੂੰ ਤਾਹਨੇ ਵੱਜਣ ਲੱਗਣ, ਜਿਵੇਂ ਕਿ ਭਾਜਪਾ ਦੇ ਕੁਝ ਲੋਕਾਂ ਨੇ ਇਹ ਰਾਗ ਅਲਾਪਣਾ ਵੀ ਸ਼ੁਰੂ ਕਰ ਦਿੱਤਾ ਹੈ, ਤਾਂ ਇਸ ਨਾਲ ਸਿੱਖਾਂ ਦਾ ਮਾਣ ਵੱਧੇਗਾ ਜਾਂ ਘਟੇਗਾ? ਕਿਸਾਨ ਅੰਦੋਲਨ ਨੂੰ ਇਹੋ ਜਿਹੀਆਂ ਸ਼ਰਾਰਤਾਂ ਨਾਲ ਫੇਲ ਕਰਕੇ ਭਾਂਡਾ ਸਿੱਖ ਜਥੇਬੰਦੀਆਂ ਦੇ ਸਿਰ ਭੰਨ ਦਿੱਤਾ ਜਾਵੇਗਾ ਕਿ ਉਹ ਹਰ ਗੱਲ ਵਿੱਚ ਖਾਲਿਸਤਾਨ ਦੀ ਮੰਗ ਲੈ ਆਉਂਦੇ ਹਨ।

ਨਿੱਜੀ ਤੌਰ ‘ਤੇ ਮੈਂ ਅਤੇ ਹਰਪ੍ਰੀਤ ਵੀਰ ਖਾਲਿਸਤਾਨ ਦਾ ਨਾਹਰਾ ਲਾਉਣਾ ਕੋਈ ਇਤਰਾਜਯੋਗ ਗੱਲ ਨਹੀਂ ਸਮਝਦੇ। ਜੇ ਮੋਹਨ ਭਾਗਵਤ ਸ਼ਰੇਆਮ ਇੱਕ ਲੋਕਰਾਜੀ ਬਹੁ-ਕੌਮੀ ਦੇਸ਼ ਨੂੰ ਹਿੰਦੂ-ਰਾਸ਼ਟਰ ਕਹਿ ਸਕਦਾ ਹੈ ਤਾਂ ਇੱਕ ਸਿੱਖ ਸਟੇਟ ਜਾਂ ਰਾਸ਼ਟਰ ਦੀ ਗੱਲ ਕਰਨੀ ਵੀ ਗਲਤ ਨਹੀਂ ਪਰ ਅਸੀਂ ਫੇਰ ਦੋਹਰਾਉਂਦੇ ਹਾਂ, ਸ਼ੰਭੂ ਮੋਰਚਾ ਕਿਸਾਨ-ਅੰਦੋਲਨ ਦਾ ਸਹਿਯੋਗੀ ਮੋਰਚਾ ਸੀ ਤੇ ਸਾਡੇ ਲਈ ਅੱਜ ਵੀ ਉਹੀ ਹੈ।

ਬਾਕੀਆਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਮੈਂ ਅਤੇ ਮੇਰਾ ਵੀਰ ਹਰਪ੍ਰੀਤ ਦੇਵਗਨ, ਅਸੀਂ ਕੰਮ ਧੰਦੇ ਵਾਲੇ ਲੋਕ ਹਾਂ। ਆਪਣੇ ਸਾਰੇ ਕੰਮ ਧੰਦੇ ਛੱਡ ਕੇ ਇਸ ਮੋਰਚੇ ਦੇ ਪ੍ਰਬੰਧਕ ਬਣੇ ਹਾਂ ਤਾਂ ਇਸ ਲਈ ਨਹੀਂ ਕਿ ਅਸੀਂ ਇਸ ਵਿੱਚੋਂ ਕੁਝ ਖੱਟਣਾ ਹੈ। ਅਸੀਂ ਨਾ ਰਾਜਨੀਤੀ ਵਿੱਚ ਜਾਣਾ ਹੈ, ਨਾ ਇਸ ਮੋਰਚੇ ਰਾਹੀਂ ਹੋਣ ਵਾਲੀ ਰਾਜਨੀਤੀ ਤੋਂ ਕੋਈ ਫਾਇਦਾ ਲੈਣਾ ਹੈ। ਜੇ ਇਹ ਘਟਨਾ ਨਾ ਵਾਪਰੀ ਹੁੰਦੀ, ਤੁਹਾਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਸੀ ਹੋਣਾ ਕਿ ਅਸੀਂ ਕੌਣ ਹਾਂ। ਦੀਪ ਸਿੱਧੂ ਵੀਰ ਨੇ ਸਾਨੂੰ ਮੋਰਚਾ ਪੰਚਾਇਤ ਵਿੱਚ ਰੱਖਿਆ ਹੋਇਆ ਸੀ ਪਰ ਅਸੀਂ ਤਾਂ ਚੁੱਪ-ਚਪੀਤੇ ਪ੍ਰਬੰਧ ਵੇਖ ਰਹੇ ਸਾਂ। ਅੱਜ ਉਨ੍ਹਾਂ ਨੇ ਸਾਨੂੰ ‘ਲਾਂਭੇ’ ਕਰ ਦਿੱਤਾ ਹੈ, ਸਾਨੂੰ ਕੋਈ ਗੁੱਸਾ-ਗਿਲਾ ਨਹੀਂ। ਮੋਰਚਾ ਆਪਣੇ ਮਕਸਦ ਵਿੱਚ ਸਫਲ ਹੋਣਾ ਚਾਹੀਦਾ ਹੈ। ਅਸੀਂ ਜਿੰਨੇ ਜੋਗੇ ਹਾਂ, ਉਹ ਮੋਰਚੇ ਤੋਂ ਪਾਸੇ ਰਹੀ ਕੇ ਵੀ ਕਿਸਾਨ ਅੰਦੋਲਨ ਲਈ ਕਰਦੇ ਰਹਾਂਗੇ। ਸਾਡੀਆਂ ਸਾਰੀਆਂ ਭਾਵਨਾਵਾਂ ਪੰਜਾਬ ਦੇ ਕਿਰਤੀ, ਕਿਸਾਨਾਂ, ਵਪਾਰੀਆਂ ਅਤੇ ਕਲਾਕਾਰਾਂ ਨਾਲ ਹਨ। ਸ਼ੰਭੂ ਮੋਰਚੇ ਵਿੱਚ ਵੀ ਅਸੀਂ ਉਹੀ ਕੀਤਾ ਜੋ ਸਾਨੂੰ ਇਸ ਮੋਰਚੇ ਦੀ ਭਲਾਈ ਲਈ ਠੀਕ ਲੱਗਾ। ਬਾਕੀ ਅਸੀਂ ਕੀ ਹਾਂ ਤੇ ਕੀ ਨਹੀਂ, ਇਸ ਲਈ ਸਾਨੂੰ ਕਿਸੇ ਫੇਸਬੁੱਕੀ ਵਿਦਵਾਨ ਜਾਂ ਸਰਕਾਰੀ ਜਾਂ ਵਿਰੋਧੀ ਪਾਰਟੀ ਦੇ ਆਈ. ਟੀ. ਸੈੱਲ ਦੇ ਸਰਟੀਫਿਕੇਟ ਦੀ ਲੋੜ ਨਹੀਂ। ਅਸੀਂ ਅਤੀਤ ਵਿੱਚ ਵੀ ਪੰਜਾਬ ਅਤੇ ਪੰਜਾਬ ਦੇ ਪੀੜ੍ਹਤ ਲੋਕਾਂ ਲਈ ਲੜਾਈਆਂ ਲੜੀਆਂ ਹਨ, ਭਵਿੱਖ ਵਿੱਚ ਵੀ ਲੜਦੇ ਰਹਾਂਗੇ।

About admin

Check Also

ਗੋਦੀ ਮੀਡੀਆ ਦਾ ਮੁਕਾਬਲਾ ਕਿਵੇਂ ਕਰਨਾ ਚਾਹੀਦਾ ਪੰਜਾਬ ਦੇ ਕਿਸਾਨ ਆਗੂ ਥੋੜਾ ਬਹੁਤ ਰਿਕੇਸ਼ ਟਕੈਤ ਤੋਂ ਸਿੱਖ ਲੈਣ।

ਗੋਦੀ ਮੀਡੀਆ ਦਾ ਮੁਕਾਬਲਾ ਕਿਵੇਂ ਕਰਨਾ ਚਾਹੀਦਾ ਪੰਜਾਬ ਦੇ ਕਿਸਾਨ ਆਗੂ ਥੋੜਾ ਬਹੁਤ ਰਿਕੇਸ਼ ਟਕੈਤ …

%d bloggers like this: