ਚੀਨ ਨੇ ਸਾਡੀ ਜ਼ਮੀਨ ਦੱਬੀ, ਪਰ ਭਾਗਵਤ ਸਵੀਕਾਰਨ ਤੋਂ ਡਰਦੇ ਨੇ

ਨਵੀਂ ਦਿੱਲੀ:ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਕੀਤੀ ਟਿੱਪਣੀ ਕਿ ਭਾਰਤ ਨੂੰ ਚੀਨ ਖ਼ਿਲਾਫ਼ ਫ਼ੌਜੀ ਪੱਧਰ ’ਤੇ ਪੂਰੀ ਤਿਆਰੀ ਰੱਖਣੀ ਚਾਹੀਦੀ ਹੈ ਉਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸੰਘ ਸੁਪਰੀਮੋ ਨੂੰ ਪਤਾ ਹੈ ਕਿ ਕਮਿਊਨਿਸਟ ਮੁਲਕ ਨੇ ਭਾਰਤੀ ਜ਼ਮੀਨ ’ਤੇ ਕ ਬ ਜ਼ਾ ਕੀਤਾ ਹੈ, ਪਰ ਇਸ ਨੂੰ ਸਵੀਕਾਰਨ ਤੋਂ ਡਰਦੇ ਹਨ।

ਰਾਹੁਲ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਭਾਰਤ ਸਰਕਾਰ ਤੇ ਆਰਐੱਸਐੱਸ ਨੇ ਚੀਨ ਨੂੰ ਜ਼ਮੀਨ ਦੱਬਣ ਦੀ ਖੁੱਲ੍ਹ ਦਿੱਤੀ ਹੈ। ਕਾਂਗਰਸ ਆਗੂ ਨੇ ਟਵੀਟ ਕਰਦਿਆਂ ਨਾਲ ਆਰਐੱਸਐੱਸ ਮੁਖੀ ਦੇ ਭਾਸ਼ਣ ਦੀਆਂ ਖ਼ਬਰਾਂ ਵੀ ਟੈਗ ਕੀਤੀਆਂ।

ਦੱਸਣਯੋਗ ਹੈ ਕਿ ਰਾਹੁਲ ਗਾਂਧੀ ਚੀਨ ਦੇ ਮੁੱਦੇ ’ਤੇ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਐਲਏਸੀ ’ਤੇ ਮਾਰਚ 2020 ਤੋਂ ਪਹਿਲਾਂ ਵਾਲੀ ਸਥਿਤੀ ਮੁੜ ਕਾਇਮ ਕਰਨ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਅੱਜ ਆਰਐੱਸਐੱਸ ਮੁਖੀ ਨੇ ਚੀਨ ਨੂੰ ‘ਵਿਸਤਾਰਵਾਦੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚੀਨ ਖ਼ਿਲਾਫ਼ ਗੁਆਂਢੀ ਮੁਲਕਾਂ ਨੇਪਾਲ, ਸ੍ਰੀਲੰਕਾ ਤੇ ਹੋਰਾਂ ਨਾਲ ਗੱਠਜੋੜ ਕਰਨਾ ਚਾਹੀਦਾ ਹੈ।

ਭਾਗਵਤ ਨੇ ਕਿਹਾ ਕਿ ਭਾਰਤੀ ਰੱਖਿਆ ਬਲਾਂ, ਸਰਕਾਰ ਤੇ ਲੋਕਾਂ ਨੇ ਚੀਨ ਵੱਲੋਂ ਸਾਡੇ ਖੇਤਰ ’ਤੇ ਕਬਜ਼ਾ ਕਰਨ ਲਈ ਚੁੱਕੇ ਕਦਮਾਂ ਦਾ ਤਿੱਖਾ ਜਵਾਬ ਦਿੱਤਾ ਹੈ। ਭਾਗਵਤ ਨੇ ਕਿਹਾ ਕਿ ਭਾਰਤ ਦੇ ਮਿੱਤਰਤਾ ਵਾਲੇ ਸੁਭਾਅ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। -ਆਈਏਐਨਐੱਸ