ਪੰਜਾਬੀਆਂ ਨੂੰ ਲੱਗ ਗਈ ਭਾਜਪਾ ਦੀਆਂ ਚਾਲਾਂ ਦੀ ਸਮਝ?

ਬਠਿੰਡਾ, 24 ਅਕਤੂਬਰ 2020 – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੇਂਦਰ ਦੇ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਸੰਘਰਸ਼ ਦੇ ਦਬਾਅ ਹੇਠ ਅੱਜ ਮੋਗਾ ਵਿਖੇ ਭਾਜਪਾ ਕਿਸਾਨ ਸੈੱਲ ਦੇ ਦੋ ਸੂਬਾ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋਂ ਅਸਤੀਫੇ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕਿਸਾਨ ਸੈਲ ਦੇ ਇੰਚਾਰਜ ਸੂਬਾ ਕਮੇਟੀ ਮੈਂਬਰ ਤਰਲੋਚਨ ਸਿੰਘ ਗਿੱਲ ਵੱਲੋਂ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਸਿੰਘ ਕੰਗ ਤੇ ਮੀਤ ਪ੍ਰਧਾਨ ਸਤਨਾਮ ਸਿੰਘ ਗਿੱਲ ਸਮੇਤ ਉਹਨਾਂ ਦੇ ਘਰ ਅੱਗੇ ਧਰਨੇ ਦੀ ਸਟੇਜ ਤੇ ਆ ਕੇ ਕਰਦਿਆਂ ਮੌਜੂਦਾ ਕਿਸਾਨ ਘੋਲ਼ ਵਿੱਚ ਬਾਕਾਇਦਾ ਸ਼ਾਮਲ ਹੋ ਕੇ ਹਰ ਤਰਾਂ ਦਾ ਯੋਗਦਾਨ ਪਾਉਣ ਦਾ ਐਲਾਨ ਵੀ ਕੀਤਾ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸਨੂੰ ਘੋਲ਼ ਦੀ ਛੋਟੀ ਪਰ ਮਹੱਤਵਪੂਰਨ ਪ੍ਰਾਪਤੀ ਗਿਣਦਿਆਂ ਇੱਥੋਂ ਧਰਨਾ ਚੱਕ ਕੇ ਮੋਗੇ ਦੇ ਹੋਰ ਅਹਿਮ ਭਾਜਪਾ ਆਗੂ ਦੀ ਸ਼ਨਾਖਤ ਮਗਰੋਂ ਉੱਥੇ ਲਾਇਆ ਜਾਏਗਾ।

ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਜਾਰੀ ਕੀਤੇ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਭਰ ਵਿੱਚ 61 ਥਾਂਵਾਂ ‘ਤੇ ਧਰਨੇ ਬਾਦਸਤੂਰ ਜਾਰੀ ਹਨ। ਕੱਲ੍ਹ ਨੂੰ ਸਾਮਰਾਜੀ ਕੰਪਨੀਆਂ, ਮੋਦੀ ਭਾਜਪਾ ਹਕੂਮਤ ਅਤੇ ਅਡਾਨੀ ਅੰਬਾਨੀ ਕਾਰਪੋਰੇਟਾਂ ਰੂਪੀ ਬਦੀ ਦੀ ਤੀਨ ਮੂਰਤੀ ਦੇ ਦਿਓਕੱਦ ਪੁਤਲਿਆਂ ਨੂੰ 14 ਜ਼ਿਲ੍ਹਿਆਂ ਦੇ 41 ਸ਼ਹਿਰਾਂ/ਕਸਬਿਆਂ ‘ਚ ਲਾਂਬੂ ਲਾਉਣ ਲਈ ਹਜ਼ਾਰਾਂ ਕਿਸਾਨਾਂ ਮਜਦੂਰਾਂ ਸਮੇਤ ਸਮੁੱਚੇ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਕੁੱਲ ਮਿਲਾ ਕੇ ਲੱਖਾਂ ਦੇ ਇਕੱਠਾਂ ਲਈ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਡੱਬਵਾਲੀ ਸ਼ਹਿਰ ਨਾਲ ਇੱਕਮਿਕ ਕਾਲਿਆਂਵਾਲੀ ਕਸਬੇ ‘ਚ ਪੰਜਾਬ ਹਰਿਆਣੇ ਤੇ ਰਾਜਸਥਾਨ ਦੇ ਕਿਸਾਨਾਂ ਮਜਦੂਰਾਂ ਤੇ ਸ਼ਹਿਰੀ ਕਿਰਤੀਆਂ ਦੀ ਅੰਤਰਰਾਜੀ ਘੋਲ਼ ਯਕਜਹਿਤੀ ਦਾ ਮਿਸਾਲੀ ਨਮੂਨਾ ਹੋਵੇਗਾ ਇੱਥੋਂ ਦਾ ਪੁਤਲਾ ਫੂਕ ਪ੍ਰਦਰਸ਼ਨ, ਜਿਸ ਦੀ ਕਾਮਯਾਬੀ ‘ਚ ਸਹਿਯੋਗੀ ਜਥੇਬੰਦੀ ਪੰਜਾਬ ਖੇਤ ਮਜਦੂਰ ਯੂਨੀਅਨ ਦਾ ਅਹਿਮ ਯੋਗਦਾਨ ਹੋਵੇਗਾ।

ਉਹਨਾਂ ਦੱਸਿਆ ਕਿ ਚੱਲ ਰਹੇ ਧਰਨਿਆਂ ਦੌਰਾਨ ਟੋਲ ਪਲਾਜਿਆਂ ਤੋਂ ਸਾਰੇ ਵਹੀਕਲ ਬਿਨਾਂ ਟੌਲ ਟੈਕਸ ਤੋਂ ਹੀ ਲੰਘਾਏ ਜਾ ਰਹੇ ਹਨ ਅਤੇ ਰਿਲਾਇੰਸ ਤੇ ਐੱਸਾਰ ਦੇ ਪੰਪਾਂ ਤੋਂ ਕੋਈ ਵੀ ਤੇਲ ਨਹੀਂ ਪਾਉਣ ਦਿੱਤਾ ਜਾ ਰਿਹਾ। ਪੰਜਾਬ ਭਰ ਵਿੱਚ ਲਗਾਤਾਰ ਅੱਗੇ ਵਧ ਰਹੇ ਮੌਜੂਦਾ ਸਾਂਝੇ ਘੋਲ਼ ਦਾ ਵਿਸ਼ੇਸ਼ ਨਿਸ਼ਾਨਾ ਲੁਟੇਰੇ ਕਾਰਪੋਰੇਟਾਂ ਤੇ ਭਾਜਪਾ ਗੱਠਜੋੜ ਨੂੰ ਬਣਾਇਆ ਗਿਆ ਹੈ। ਨਿੱਜੀ ਥਰਮਲ ਪਲਾਂਟਾਂ ਵਣਾਂਵਾਲੀ ਤੇ ਰਾਜਪੁਰਾ ‘ਚ ਕੋਲੇ ਦੀਆਂ ਮਾਲਗੱਡੀਆਂ ਵੜਨੋਂ ਵੀ ਰੋਕੀਆਂ ਗਈਆਂ ਹਨ ਅਤੇ ਪਹਿਲਾਂ ਸਾਰੇ ਸਰਕਾਰੀ ਥਰਮਲ ਪੂਰੀ ਸਮਰੱਥਾ ਨਾਲ ਨਾਲ ਚਲਾਉਣ ਦੀ ਮੰਗ ਕੀਤੀ ਗਈ ਹੈ। ਮੌਜੂਦਾ ਘੋਲ਼ ‘ਚ ਸ਼ਹੀਦ ਹੋਏ 11 ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਦਾ ਮੁਆਵਜਾ ਤੇ1-1 ਪੱਕੀ ਨੌਕਰੀ ਸਮੇਤ ਮੁਕੰਮਲ ਕਰਜਾ ਮੁਕਤੀ ਦੀਆਂ ਮੰਗਾਂ ਨੂੰ ਲੈ ਕੇ ਸ਼ਹੀਦ ਮਾਤਾ ਤੇਜ ਕੌਰ ਵਰੇ ਦੇ ਵਾਰਸਾਂ ਵੱਲੋਂ ਸਸਕਾਰ ਤੋਂ ਇਨਕਾਰ ਕਰਨ ਮਗਰੋਂ ਡੀ ਸੀ ਮਾਨਸਾ ਦੇ ਦਫਤਰ ਤੇ ਰਿਹਾਇਸ਼ ਦਾ 10 ਦਿਨਾਂ ਤੋਂ ਘਿਰਾਓ ਜਾਰੀ ਹੈ।

ਕਿਸਾਨ ਆਗੂਆਂ ਨੇ ਹਜਾਰਾਂ ਕਿਸਾਨਾਂ ਮਜਦੂਰਾਂ ਸਮੇਤ ਸੈਂਕੜੇ ਔਰਤਾਂ ਨੂੰ ਅਣਡਿੱਠ ਕਰਨ ਅਤੇ ਧਰਨਾਕਾਰੀਆਂ ਦਾ ਸਮਾਨ ਚੁੱਕ ਕੇ ਲਿਜਾਣ ਦੀ ਸਖਤ ਨਿਖੇਧੀ ਕਰਦੇ ਹੋਏ ਪੰਜਾਬ ਭਰ ਦੇ ਧਰਨਾਕਾਰੀਆਂ ਵੱਲੋਂ ਜੋਰ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਤੁਰੰਤ ਮੰਗਾਂ ਮੰਨਣ ਰਾਹੀਂ ਕਿਸਾਨਾਂ ਦੀ ਪੂਰੀ ਤਾਕਤ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਸੇਧਤ ਕਰਨ ਦਾ ਮਾਹੌਲ ਪੈਦਾ ਕੀਤਾ ਜਾਵੇ। ਇਸੇ ਤਰਾਂ ਸ਼ਹੀਦ ਮੇਘ ਰਾਜ ਦੇ ਵਾਰਸਾਂ ਖਾਤਰ ਵੀ ਡੀ. ਸੀ. ਸੰਗਰੂਰ ਦੇ ਦਫਤਰ ਦੇ ਮੁਕੰਮਲ ਘਿਰਾਓ ਲਈ ਵੀ ਕਿਸਾਨਾਂ ਨੂੰ ਕੱਲ ਤੋਂ ਮਜਬੂਰ ਹੋਣਾ ਪਿਆ ਹੈ। ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ,ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਸੂਬਾ ਆਗੂ ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ ਤੇ ਰਾਜਵਿੰਦਰ ਸਿੰਘ ਰਾਮਨਗਰ ਸਮੇਤ ਵੱਖ ਵੱਖ ਜਿਲਾ ਆਗੂ ਅਤੇ ਨਵੇਂ ਨੌਜਵਾਨ ਮੁੰਡੇ ਕੁੜੀਆਂ ਵੀ ਸ਼ਾਮਲ ਹਨ।

ਬੁਲਾਰਿਆਂ ਨੇ ਦੋਸ਼ ਲਾਇਆ ਕਿ ਕਾਲੇ ਖੇਤੀ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਰਕੇ ਅਤੇ ਕਿਸਾਨਾਂ ਤੋਂ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦਾ ਹਮਲਾ ਹੈ ਜਿਹੜਾ ਛੋਟੀ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਰੰਟਾਂ ਬਰਾਬਰ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਦਿਨੋ ਦਿਨ ਸਿਖਰਾਂ ਵੱਲ ਵਧ ਰਹੇ ਘੋਲ਼ ‘ਚ ਸ਼ਾਮਲ ਹੋ ਰਹੇ ਅਣਖੀਲੇ ਤੇ ਜੁਝਾਰੂ ਕਿਸਾਨ, ਮਜਦੂਰ, ਨੌਜਵਾਨ ਤੇ ਹੋਰ ਸੰਘਰਸ਼ਸ਼ੀਲ ਕਿਰਤੀ ਲੋਕ ਇਸ ਹ ਮ ਲੇ ਵਿਰੁੱਧ ਲੰਬੇ ਜਾਨਹੂਲਵੇਂ ਸੰਘਰਸ਼ਾਂ ਦਾ ਤਾਂਤਾ ਬੰਨ ਕੇ ਇਹਨਾਂ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਨ ਲਈ ਹੱਠੀ ਕੇਂਦਰ ਸਰਕਾਰ ਨੂੰ ਮਜਬੂਰ ਕਰ ਦੇਣਗੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਮੌਜੂਦਾ ਅਣਮਿਥੇ ਸਮੇਂ ਦਾ ਸੰਘਰਸ਼ ਸਭਨਾਂ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਤਾਲਮੇਲਵੀਂ ਸਾਂਝ ਬਰਕਰਾਰ ਰੱਖਦਿਆਂ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ । ਕਿਸਾਨ ਆਗੂਆਂ ਨੇ ਐਤਵਾਰ ਨੂੰ ਕੀਤੇ ਜਾ ਰਹੇ ਪੁਤਲੇ ਫੂਕ ਮੁਜਾਹਰਿਆਂ ’ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।