ਖੇਤੀ ਕਾਨੂੰਨ- ਕਿਸਾਨਾਂ ਨੇ ਰੇਲਵੇ ਲਾਈਨਾਂ ਤੋਂ ਧਰਨਾ ਚੁੱਕ ਪਲੇਟਫਾਰਮ ‘ਤੇ ਲਾਏ ਮੋਰਚੇ

ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੋਧ ‘ ਚ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਬੀਤੇ ਕੱਲ੍ਹ ਕਿਸਾਨ ਜੱਥੇਬੰਦੀਆਂ ਵਲੋਂ ਚੰਡੀਗੜ੍ਹ ਮੀਟਿੰਗ ਵਿੱਚ ਕੀਤੇ ਫ਼ੈਸਲੇ ਤੋਂ ਬਾਅਦ ਅੱਜ ਬਰਨਾਲਾ ਰੇਲਵੇ ਸਟੇਸ਼ਨ ਵਿਖੇ ਕਿਸਾਨਾਂ ਵਲੋਂ ਰੇਲਵੇ ਲਾਈਨਾਂ ਤੋਂ ਧਰਨੇ ਨੂੰ ਹਟਾ ਲਿਆ ਗਿਆ। ਕਿਸਾਨਾਂ ਵਲੋਂ ਰੇਲਵੇ ਲਾਈਨ ਤੋਂ ਧਰਨਾ ਹਟਾ ਕੇ ਸਟੇਸ਼ਨ ਦੇ ਪਲੇਟਫਾਰਮ ਉਪਰ ਪੱਕੇ ਮੋਰਚੇ ਗੱਡ ਦਿੱਤੇ ਗਏ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਸਿਕੰਦਰ ਸਿੰਘ ਮਾਨ, ਗੁਰਬਖਸ਼ ਸਿੰਘ ਕੱਟੂ ਅਤੇ ਦਰਸ਼ਨ ਸਿੰਘ ਉਗੋਕੇ ਨੇ ਦੱਸਿਆ ਕਿ ਕਿਸਾਨਾਂ ਦੇ ਸੰਘਰਸ਼ ਦੀ ਬਦੌਲਤ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਦਾ ਇਜਲਾਸ ਬੁਲਾਉਣਾ ਪਿਆ ਹੈ ਅਤੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਹੈ। ਇਸੇ ਦੌਰਾਨ ਕਿਸਾਨਾਂ ਨੂੰ ਯੂਰੀਆ, ਡੀਏਪੀ ਅਤੇ ਬਿਜਲੀ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਰੇਲਵੇ ਲਾਈਨਾਂ ਤੋਂ ਧਰਨੇ ਹਟਾਉਣ ਦਾ ਜੱਥੇਬੰਦੀਆਂ ਨੇ ਚੰਡੀਗੜ੍ਹ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਸੀ।

ਅੱਜ ਬਰਨਾਲਾ ਸਟੇਸ਼ਨ ‘ ਤੇ ਰੇਲਵੇ ਲਾਈਨਾਂ ਤੋਂ ਧਰਨਾ ਚੁੱਕ ਕੇ ਪਲੇਟਫਾਰਮ ਤੇ ਸ਼ੁਰੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ 5 ਨਵੰਬਰ ਤੋਂ ਬਾਅਦ ਅਗਲੇ ਸੰਘਰਸ਼ ਦਾ ਕਿਸਾਨ ਜੱਥੇਬੰਦੀਆਂ ਐਲਾਨ ਕਰਨਗੀਆਂ । ਇਹਨਾਂ 15 ਦਿਨਾਂ ਦੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਜੇਕਰ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਦੀ ਤਾਂ ਕਿਸਾਨ ਮੁੜ ਰੇਲਵੇ ਲਾਈਨਾਂ ਤੇ ਮੋਰਚੇ ਸ਼ੁਰੂ ਕਰ ਸਕਦੇ ਹਨ। ਇਸ ਛੋਟ ਦੌਰਾਨ ਸਿਰਫ਼ ਮਾਲ ਗੱਡੀਆਂ ਹੀ ਲੰਘਣ ਦੀ ਖੁੱਲ੍ਹ ਹੋਵੇਗੀ, ਜਦਕਿ ਮੁਸਾਫ਼ਿਰ ਗੱਡੀ ਨਹੀਂ ਲੰਘਣ ਦਿੱਤੀ ਜਾਵੇਗੀ।