Breaking News
Home / ਕਹਾਣੀਆਂ / ਇੱਕ ਵਾਰ ਜ਼ਰੂਰ ਪੜੋ- ਜਰਮਨ ਵਿਚ ਵੱਸਦੇ ਇੱਕ ਮਿੱਤਰ ਜਰਮਨ ਸਿੰਘ ਦੀ ਖੁਦ ਦੀ ਹੱਡ ਬੀਤੀ

ਇੱਕ ਵਾਰ ਜ਼ਰੂਰ ਪੜੋ- ਜਰਮਨ ਵਿਚ ਵੱਸਦੇ ਇੱਕ ਮਿੱਤਰ ਜਰਮਨ ਸਿੰਘ ਦੀ ਖੁਦ ਦੀ ਹੱਡ ਬੀਤੀ

ਮਸਾਂ ਪੜਾਈ ਹੀ ਪੂਰੀ ਹੋਈ ਸੀ ਕੇ ਪਿੰਡੋਂ ਬਾਪੂ ਨੇ ਆਖਣਾ ਸ਼ੁਰੂ ਕਰ ਦਿੱਤਾ ਯਾਰ ਸਾਨੂੰ ਵੀ ਬਾਹਰਲਾ ਮੁਲਖ ਵਿਖਾ ਦੇ..! ਏਧਰ ਓਧਰ ਕਰਕੇ ਮਸੀਂ ਉਸਦਾ ਵੀਜਾ ਲਵਾਇਆ..ਇਥੇ ਆਏ ਨੂੰ ਮਹੀਨਾ ਵੀ ਨਹੀਂ ਸੀ ਹੋਇਆ ਸੀ ਕੇ ਇੰਗਲੈਂਡ ਰਹਿੰਦੇ ਰਿਸ਼ਤੇਦਾਰਾਂ ਨੇ ਇੱਕ ਵਿਆਹ ਲਈ ਸੱਦਾ ਪੱਤਰ ਘੱਲ ਦਿੱਤਾ..! ਮੈਨੂੰ ਪਤਾ ਸੀ ਅਗਲਿਆਂ ਵਿਆਹ ਕਾਹਦਾ ਵਿਖਾਉਣਾ ਏ..ਅਸਲ ਮਕਸਦ ਤੇ ਆਪਣੇ ਮਹਿੰਗੇ ਘਰ,ਕਾਰਾਂ,ਤੇ ਪਿਛਲੇ ਚਾਰ ਦਹਾਕਿਆਂ ਵਿਚ ਖੜਾ ਕੀਤਾ ਪੂਰੇ ਦਾ ਪੂਰਾ ਸਿਲਸਿਲਾ ਵਿਖਾਉਣਾ ਏ..!

ਬਥੇਰਾ ਸਮਝਾਇਆ ਕੇ ਬਾਪੂ ਛੱਡ ਪਰਾਂ ਕੀ ਲੈਣਾ ਅਸੀ ਵੱਡੇ ਲੋਕਾਂ ਦੇ ਵਿਆਹ ਜਾ ਕੇ..ਐਵੇਂ ਜੀ ਖਰਾਬ ਹੋਊ..”
ਪਰ ਖਹਿੜੇ ਪਿਆ ਨਾ ਹਟੇ..ਕਹਿੰਦਾ ਜਾਣਾ ਜਰੂਰ ਏ..ਅਗਲਿਆਂ ਮਾਣ ਨਾਲ ਬੁਲਾਇਆ ਏ..!

ਅੱਗੋਂ ਵੀ ਪੂਰਾਣੇ ਪੱਕੇ ਖਿਡਾਰੀ..ਪੰਜਾਂ ਕਿੱਲਿਆਂ ਵਿਚ ਘਰ..ਘਰ ਕਾਹਦਾ ਪੂਰੇ ਦਾ ਪੂਰਾ ਪਟਿਆਲੇ ਦਾ ਸ਼ੀਸ਼ ਮਹੱਲ..ਕਾਰਾਂ ਗੱਡੀਆਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਤੇ ਵਿਆਹ ਇੱਕ ਤੇ ਫ਼ੰਕਸ਼ਨ ਕੀਤੇ ਪੂਰੇ ਬਾਰਾਂ..ਉਹ ਵੀ ਵੱਖੋ ਵੱਖ ਹੋਟਲਾਂ ਵਿਚ!

ਵਾਪਿਸ ਪਰਤੇ ਬਾਪੂ ਦੀਆਂ ਨਜਰਾਂ ਹੀ ਹੋਰ ਹੋਰ ਲੱਗਣ..ਮੇਰੇ ਕਿਰਾਏ ਦੇ ਨਿੱਕੇ ਜਿਹੇ ਘਰ ਵਿਚ ਨੁਕਸ ਕੱਢੀ ਜਾਵੇ..ਆਖਿਆ ਕਰੇ ਕੇ ਯਾਰ ਮੈਨੂੰ ਮਹਿੰਗੇ ਮਹਿੰਗੇ ਘਰਾਂ ਵਾਲੇ ਇਲਾਕਿਆ ਵੱਲ ਦੀ ਸੈਰ ਕਰਾਇਆ ਕਰ!

ਮੈਂ ਆਖਣਾ ਬਾਪੂ ਜਿਹੜੇ ਪਿੰਡ ਨੀ ਜਾਣਾ ਉਸਦਾ ਰਾਹ ਹੀ ਕਿਓਂ ਪੁੱਛਣਾ?

ਅਖੀਰ ਦਿਲ ਦੀ ਗੱਲ ਖੋਲ ਹੀ ਦਿੱਤੀ..ਕਹਿੰਦਾ ਪੁੱਤ ਆਪਾਂ ਘਰ ਵੱਡਾ ਲੈਣਾ..ਤੇ ਲੈਣਾ ਵੀ ਐਸਾ ਜਿਹੜਾ ਲੱਗੇ ਵੀ ਪੂਰੇ ਦਾ ਪੂਰਾ ਮੋਤੀ ਮਹਿਲ ਵਰਗਾ..ਫੇਰ ਘਰ ਮੂਹਰੇ ਫੋਟੋ ਖਿੱਚ ਕੇ ਗਲੈਂਡ ਭੇਜਣੀ ਏ ਤੇਰੇ ਮਾਸੜ ਨੂੰ!

ਆਖਿਆ ਬਾਪੂ ਗੱਲ ਈ ਕੋਈ ਨੀ..ਆਪਾਂ ਕਿਸੇ ਦੇ ਮੂੰਹ ਮੱਥੇ ਲੱਗਦੇ ਘਰ ਅੱਗੇ ਖਲੋ ਫੋਟੋ ਖਿੱਚ ਲੈਂਦੇ ਆ ਤੇ ਭੇਜ ਦਿੰਨੇ ਆ..ਅਗਲਿਆਂ ਨੂੰ ਕਿਹੜਾ ਪਤਾ ਲੱਗਣਾ ਕੇ ਆਪਣਾ ਏ ਕੇ ਕਿਸੇ ਦਾ!

ਅੱਗੋਂ ਕਹਿੰਦਾ ਪੁੱਤ ਏਦਾਂ ਨੀ ਕਰਨਾ..ਮਗਰੋਂ ਨਵੇਂ ਘਰ ਦੀ ਚੱਠ ਵੀ ਕਰਨੀ ਏ ਤੇ ਇੰਗਲੈਂਡ ਵਾਲਿਆਂ ਨੂੰ ਸੱਦਾ ਪੱਤਰ ਵੀ ਜਰੂਰ ਭੇਜਣਾ..ਮੁੜਕੇ ਕੋਈ ਉੱਨੀ ਇੱਕੀ ਨੀ ਹੋਣੀ ਚਾਹੀਦੀ!

ਦੋਵੇਂ ਹੱਥ ਜੋੜ ਆਖਿਆ ਬਾਪੂ ਜੀ ਇਹ ਕੰਮ ਤੇ ਫੇਰ ਮੇਰੇ ਵੱਸੋਂ ਬਾਹਰ ਏ..ਮਸਾਂ-ਮਸਾਂ ਕਿਰਾਇਆ ਦੇ ਹੁੰਦਾ ਉਹ ਵੀ ਦੋ ਦੋ ਜੋਬਾਂ ਕਰ ਕੇ..!
ਅੱਗੋਂ ਆਹਂਦਾ ਗੱਲ ਈ ਕੋਈ ਨੀ ਪੁੱਤ..ਆਪਾਂ ਪਿੰਡ ਵਾਲੇ ਦੋ ਕਿੱਲੇ ਵੇਚ ਦਿੰਨੇ ਆ..ਤੇਰੇ ਪਿਓ ਦੀ ਮੁੱਛ ਦਾ ਸੁਆਲ ਜੂ ਹੋਇਆ!
ਆਖਿਆ ਬਾਪੂ ਫੇਰ ਮਗਰੋਂ ਲੋਨ ਦੀਆਂ ਕਿਸ਼ਤਾਂ ਕੌਣ ਭਰੂ..?

ਗੱਲ ਕੀ ਬਈ ਮਗਰੋਂ ਦੋਹਾ ਵਿਚ ਬੋਲ ਬੁਲਾਰਾ ਹੋ ਪਿਆ ਤੇ ਉਸਨੇ ਮੈਨੂੰ ਕੁਆਉਣਾ ਛੱਡ ਤਾ..ਨਜਰਾਂ ਤੱਕ ਨਾ ਮਿਲਾਇਆ ਕਰੇ..!

ਅਖੀਰ ਜ਼ਿਦ ਅੱਗੇ ਗੋਡੇ ਟੇਕਣੇ ਪਏ..

ਤਿੰਨ ਲੱਖ ਅਠੱਤੀ ਹਜਾਰ ਯੂਰੋ ਵਾਲੇ ਘਰ ਦੇ ਪੇਪਰ ਭਰਨ ਲੱਗੇ ਤਾਂ ਗੋਰੀ ਏਜੰਟ ਨੇ ਮੇਰੇ ਉੱਤੋਂ ਥੱਲੇ ਤੱਕ ਵੇਖਿਆ ਫੇਰ ਆਖਦੀ ਕਿਸ਼ਤਾਂ ਭਰ ਲਵੋਗੇ?
ਆਖਿਆ ਹੁਣ ਜੋ ਹੁੰਦਾ ਬੱਸ ਦੇਖੀ ਜਾਊ..ਦੋ ਸੱਟਾਂ ਵੱਧ ਕੀ ਤੇ ਘੱਟ ਕੀ..ਕਲੇਸ਼ ਵੀ ਤੇ ਮੁਕਾਉਣਾ ਹੋਇਆ!

ਖੈਰ ਛੇ ਕੂ ਮਹੀਨਿਆਂ ਮਗਰੋਂ ਇੱਕ ਦਿਨ ਤੀਜੀ ਜੋਬ ਦੀ ਸ਼ਿਫਟ ਲਾ ਕੇ ਖਪਿਆ ਤਪਿਆ ਘਰੇ ਆਇਆ ਹੀ ਸਾਂ ਕੇ ਬਾਪੂ ਆਹਂਦਾ ਚੱਲ ਪੁੱਤ ਕੋਠੇ ਤੇ ਇੱਕ ਗੱਲ ਕਰਦੇ ਆਂ!

ਮੈਨੂੰ ਡਰ ਪੈ ਗਿਆ..ਪਤਾ ਨੀ ਹੁਣ ਕੀ ਗੱਲ ਕਰਨੀ..!

ਕੋਠੇ ਤੇ ਵਗਦੀ ਠੰਡੀ ਹਵਾ ਅਤੇ ਡੁੱਬਦੇ ਸੂਰਜ ਦੀ ਲਾਲੀ ਵਿਚ ਆਪਣੇ ਨਵੇਂ ਘਰ ਦਾ ਭਖਦਾ ਹੋਇਆ ਜਲੌਅ ਵੇਖ ਆਹਂਦਾ “ਪੁੱਤ ਹੁਣ ਆਇਆ ਨਾ ਸੁਆਦ..ਅਗਲੇ ਫੋਟੋ ਵੇਖ ਜਰੂਰ ਸੋਚਦੇ ਹੋਣੇ..ਏਡੀ ਛੇਤੀ ਵੱਡਾ ਘਰ ਕਿੱਦਾਂ ਲੈ ਲਿਆ”?

ਨਾਲੋਂ ਨਾਲ ਮੁੱਛਾਂ ਨੂੰ ਮਰੋੜੀ ਵੀ ਦੇਈਂ ਜਾਵੇ..!
ਮੈਂ ਸ਼ਿਫਟਾਂ ਲਾ ਲਾ ਕਮਲੇ ਹੋ ਗਏ ਨੇ ਅੱਗੋਂ ਆਖ ਦਿੱਤਾ ਕੇ ਬਾਪੂ ਸੁਆਦ ਤੇ ਆਪਾਂ ਲੈ ਲਏ ਹੁਣ ਬਥੇਰੇ..ਚੱਲ ਇੱਕ ਕੰਮ ਹੋਰ ਕਰੀਏ ਦੋਵੇਂ ਪਿਓ ਪੁੱਤ.. ”

ਆਂਹਦਾ ਉਹ ਕੀ ਪੁੱਤ?

ਆਖਿਆ “ਚੱਲ ਦੋਵੇਂ ਕੋਠਿਓਂ ਥੱਲੇ ਛਾਲ ਮਾਰ ਦਿੰਨੇ ਆ..”

ਆਂਹਦਾ “ਉਹ ਕਾਹਨੂੰ ਪੁੱਤ ਸੁਖੀ ਸਾਂਦੀ”?

ਅੱਗੋਂ ਆਖਿਆ “ਕੁਰਬਾਨੀ ਦੇ ਕੇ ਬਾਕੀ ਦੁਨੀਆਂ ਲਈ ਇੱਕ ਸੁਨੇਹਾਂ ਵੀ ਛੱਡ ਜਾਵਾਂਗੇ ਕੇ ਅੱਡੀਆਂ ਚੁੱਕ ਕੇ ਫਾਹੇ ਲੈਣ ਦਾ ਅੰਜਾਮ ਕਿੰਨਾ ਭੈੜਾ ਹੁੰਦਾ ਏ..ਨਾਲੇ ਕਿਸੇ ਹੋਰ ਵਿਚਾਰੇ ਦਾ ਵੀ ਭਲਾ ਹੋ ਜੂ..”
ਪੂਰਾਣੇ ਬਜ਼ੁਰਗ ਵੀ ਅਕਸਰ ਆਖਿਆ ਕਰਦੇ ਸਨ ਕੇ ਜੇ ਕਿਸੇ ਹਮਾਤੜ ਦਾ ਭਲਾ ਕਰਦੇ ਹੋਏ ਸੁਆਸ ਛੱਡੀਏ ਤਾਂ ਅਗਲੇ ਜਹਾਨ ਸਿੱਧੀ ਸਵਰਗ ਵਿਚ ਢੋਈ ਮਿਲਦੀ ਏ”!

ਬਾਪੂ ਜੀ ਤੇ ਏਨੀ ਗੱਲ ਸੁਣਿ ਦਾਹੜੀ ਜਿਹੀ ਖੁਰਕਦਾ ਪਾਸੇ ਜਿਹੇ ਨੂੰ ਹੋ ਗਿਆ ਪਰ ਮੈਂ ਆਮ ਜਨਤਾ ਨੂੰ ਏਨੀ ਗੱਲ ਜਰੂਰ ਆਖਣਾ ਚਾਹਾਂਗਾ ਕੇ ਆਪੋ ਧਾਪ ਵਾਲੇ ਅਜੋਕੇ ਕਲਜੁਗੀ ਮਾਹੌਲ ਵਿਚ ਹਰ ਮੋੜ ਤੇ ਬੈਠਾ ਇੱਕ ਮਦਾਰੀ ਸੋਨੇ ਚਾਂਦੀ ਦਾ ਤਮਾਸ਼ਾ ਵਿਖਾਉਂਦਾ ਤੁਹਾਨੂੰ ਆਮ ਹੀ ਮਿਲ ਜਾਵੇਗਾ..
ਅਗਲੇ ਨੇ ਤੇ ਪੈਸੇ ਅਤੇ ਵਾਹ ਵਾਹ ਖੱਟ ਆਪਣੇ ਰਾਹ ਪੈਣਾ ਏ ਪਰ ਚੁੱਕ ਵਿਚ ਆਏ ਤੁਸੀਂ ਕਿਧਰੇ ਕੋਠੇ ਤੋਂ ਛਾਲ ਹੀ ਨਾ ਮਾਰ ਬੈਠਿਓਂ..ਬਾਂਦਰ ਵੀ ਤੁਹਾਡਾ ਲੰਢਾ ਹੋਊ ਤੇ ਉਲਟਾ ਮਜਾਕ ਦੇ ਪਾਤਰ ਵੀ ਤੁਸੀਂ ਖੁਦ ਹੀ ਬਣਨਾ ਏ!

(ਜਰਮਨ ਵਿਚ ਵੱਸਦੇ ਇੱਕ ਮਿੱਤਰ ਜਰਮਨ ਸਿੰਘ ਦੀ ਖੁਦ ਦੀ ਹੱਡ ਬੀਤੀ)

ਹਰਪ੍ਰੀਤ ਸਿੰਘ ਜਵੰਦਾ

About admin

%d bloggers like this: