ਹਾਰ ਗਿਆ ਤਾਂ ਅਮਰੀਕਾ ਛੱਡਣਾ ਪੈ ਸਕਦਾ- ਟਰੰਪ

ਐਟਲਾਂਟਾ (ਜੌਰਜੀਆ) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਉਹ ਤਿੰਨ ਨਵੰਬਰ ਦੀ ਚੋਣ ਬਿਡੇਨ ਦੇ ਮੁਕਾਬਲੇ ਹਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਛੱਡਣਾ ਪੈ ਸਕਦਾ ਹੈ। ਵੈਸੇ ਤਾਂ ਉਨ੍ਹਾਂ ਇਹ ਟਿੱਪਣੀ ਮਜ਼ਾਕ ‘ਚ ਕੀਤੀ ਸੀ ਪਰ ਬਿਡੇਨ ਸਮੇਤ ਰਿਪਬਲਿਕਨ ਪਾਰਟੀ ‘ਚ ਉਨ੍ਹਾਂ ਦੇ ਵਿਰੋੋਧੀਆਂ ਨੇ ਉਨ੍ਹਾਂ ਦੇ ਇਸ ਬਿਆਨ ਦੇ ਸੱਚ ਸਾਬਤ ਹੋਣ ਦੀ ਗੱਲ ਕਹੀ ਹੈ।

ਕੱਲ੍ਹ ਰਾਤ ਜੌਰਜੀਆ ‘ਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਟਰੰਪ ਨੇ ਕਿਹਾ, ‘ਵੈਸੇ ਤਾਂ ਮੈਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੈਂ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ਦੇ ਸਭ ਤੋਂ ਖ਼ਰਾਬ ਉਮੀਦਵਾਰ ਖ਼ਿਲਾਫ਼ ਖੜ੍ਹਾ ਹਾਂ। ਜੇ ਮੈਂ ਹਾਰ ਜਾਂਦਾ ਹਾਂ ਤਾਂ ਮੈਨੂੰ ਚੰਗਾ ਨਹੀਂ ਲੱਗੇਗਾ ਤੇ ਸ਼ਾਇਦ ਮੈਨੂੰ ਦੇਸ਼ ਛੱਡਣਾ ਪਵੇ।’

ਟਰੰਪ ਨੇ ਪਿਛਲੇ ਮਹੀਨੇ ਨਾਰਥ ਕੈਰੋਲਿਨਾ ‘ਚ ਹੋਈ ਇਕ ਰੈਲੀ ‘ਚ ਵੀ ਕਿਹਾ ਸੀ ‘ਜੇ ਮੈਂ ਉਸ ਤੋਂ ਹਾਰ ਜਾਂਦਾ ਹਾਂ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂਗਾ।

2016 ਦੀ ਰਾਸ਼ਟਰਪਤੀ ਚੋਣ ‘ਚ ਵੀ ਉਨ੍ਹਾਂ ਕਿਹਾ ਸੀ ਕਿ ਜੇ ਉਹ ਹਾਰ ਗਏ ਤਾਂ ਉਹ ਫਿਰ ਕਦੇ ਜਨਤਕ ਤੌਰ ‘ਤੇ ਦਿਖਾਈ ਨਹੀਂ ਦੇਣਗੇ।