ਚੰਡੀਗੜ੍ਹ ਦੇ ਬੱਸ ਅੱਡੇ ਦੀ ਕੰਧ ‘ਤੇ ਲੱਗੇ ਖ਼ਾਲਿਸਤਾਨ ਦੇ ਪੋਸਟਰ

ਚੰਡੀਗੜ੍ਹ : ਸ਼ਨਿੱਚਰਵਾਰ ਦੁਪਹਿਰ ਨੂੰ ਸ਼ਹਿਰ ਦੇ ਸੈਕਟਰ-16 ਦੇ ਬੱਸ ਸਟਾਪ ‘ਤੇ ਅਣਪਛਾਤੇ ਵਿਅਕਤੀ ਨੇ ਖ਼ਾਲਿਸਤਾਨ ਦੇ ਸਮਰਥਨ ਵਿਚ ਪੋਸਟਰ ਲਾ ਦਿੱਤਾ। ਸੂਚਨਾ ਮਿਲਣ ‘ਤੇ ਸੈਕਟਰ-17 ਥਾਣੇ ਦੇ ਰਾਮਰਤਨ ਸ਼ਰਮਾ ਦੀ ਅਗਵਾਈ ‘ਚ ਪੁਲਿਸ ਟੀਮ ਮੌਕੇ ‘ਤੇ ਪੁੱਜੀ। ਪੁਲਿਸ ਵਾਲਿਆਂ ਨੇ ਤੁਰੰਤ ਹੀ ਬੱਸ ਸਟਾਪ ਦੇ ਥੰਮ੍ਹ ‘ਤੇ ਲੱਗੇ ਖ਼ਾਲਿਸਤਾਨ ਨਾਲ ਸਬੰਧਿਤ ਪੋਸਟਰ ਪਾੜ ਦਿੱਤੇ। ਪੁਲਿਸ ਪੋਸਟਰ ਲਾਉਣ ਵਾਲੇ ਦੀ ਤਲਾਸ਼ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਪੁਲਿਸ ਕੰਟਰੋਲ ਰੂਮ ‘ਚ ਇਹ ਖ਼ਬਰ ਆਈ ਕਿ ਖ਼ਾਲਿਸਤਾਨੀ ਸਮਰਥਕਾਂ ਨੇ ਬੱਸ ਸਟਾਪ ‘ਤੇ ਪੋਸਟਰ ਲਾ ਦਿੱਤਾ ਹੈ, ਜਿਸ ਤੋਂ ਬਾਅਦ ਚੌਂਕੀ ਦੀ ਪੁਲਿਸ ਨੂੰ ਤੁਰੰਤ ਮੌਕੇ ‘ਤੇ ਭੇਜ ਦਿੱਤਾ ਗਿਆ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਪੁਲਿਸ ਦਾ ਦਾਅਵਾ ਹੈ ਕਿ ਪੋਸਟਰ ਲਾਉਣ ਵਾਲੇ ਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਗਿ੍ਫ਼ਤਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਕਈ ਵਾਰ ਖ਼ਾਲਿਸਤਾਨੀ ਸਮਰਥਕਾਂ ਨੇ ਜਨਤਕ ਥਾਵਾਂ ‘ਤੇ ਪੋਸਟਰ ਲਗਾਏ ਹਨ। ਅਜਿਹੀ ਤੀਜੀ ਘਟਨਾ ਚੰਡੀਗੜ੍ਹ ‘ਚ ਇਕ ਮਹੀਨੇ ਦੇ ਅੰਦਰ-ਅੰਦਰ ਸਾਹਮਣੇ ਆਈ ਹੈ।