ਕੈਨੇਡੀਅਨ ਪਾਰਲੀਮੈਂਟ ਵਿੱਚ ਸਿੱਖ ਮੁੱਦਿਆਂ ਨੂੰ ਚੁੱਕਣ ਵਿੱਚ ਗੈਰ ਸਿੱਖ ਸਾਂਸਦ ਰਹੇ ਅੱਗੇ , ਸਿੱਖ ਸਾਂਸਦ ਰਹੇ ਫਾਡੀ

ਕੈਨੇਡੀਅਨ ਪਾਰਲੀਮੈਂਟ ਤੇ ਸੂਬਾਈ ਪਾਰਲੀਮੈਂਟਾ ਵਿੱਚ ਵੱਡੀ ਗਿਣਤੀ ਚ ਸਿੱਖ ਭਾਈਚਾਰੇ ਨਾਲ ਸਬੰਧਤ ਸਾਂਸਦ ਤੇ ਵਿਧਾਇਕ ਹਨ ਕਿਉਂਕਿ ਸਿੱਖ ਭਾਈਚਾਰੇ ਵੱਲੋਂ ਫੈਡਰਲ ਤੇ ਸੂਬਾਈ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਜੇਕਰ ਕੈਨੇਡੀਅਨ ਪਾਰਲੀਮੈਂਟ ਦੀ ਗੱਲ ਕਰੀਏ ਤਾਂ ਇਸ ਬਾਰ ਸਿੱਖ ਸਾਂਸਦਾਂ ਦੀ ਕੁੱਲ ਗਿਣਤੀ 18 ਬਣਦੀ ਹੈ, ਜਿਸ ਵਿੱਚ 13 ਲਿਬਰਲ ,4 ਕੰਜ਼ਰਵੇਟਿਵ ਤੇ 1 ਐਨਡੀਪੀ ਨਾਲ ਸਬੰਧਤ ਸਾਂਸਦ ਹੈ । ਜੇਕਰ ਜਨਵਰੀ 2018 ਤੋਂ ਲੈਕੇ ਹੁਣ ਤੱਕ ਦੇ ਅਹਿਮ ਸਿੱਖ ਮਸਲਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਅਫ਼ਗ਼ਾਨਿਸਤਾਨ ਦੇ ਸਿੱਖ-ਹਿੰਦੂ ਸ਼ਰਨਾਰਥੀਆਂ ਦਾ ਮੁੱਦਾ, ਪਬਲਿਕ ਸੇਫਟੀ ਰਿਪੋਰਟ ਵਿੱਚ ਸਿੱਖ ਅੱਤਵਾਦ ਦਾ ਮੁੱਦਾ, ਕਿਊਬਕ ਦਾ ਵਿਵਾਦਿਤ ਬਿਲ -21 ਤੇ RCMP ਵਿੱਚ ਸਿੱਖ ਅਫਸਰਾਂ ਦੀ ਅਹਿਮ ਸਥਾਨਾਂ ਤੇ ਨਿਯੁਕਤੀ ਦਾ ਮੁੱਦਾ ਆਉਂਦੇ ਹਨ।

ਇਨ੍ਹਾਂ ਸਾਰੇ ਮੁਦਿੱਆਂ ਤੇ ਸਿੱਖ ਸਾਂਸਦਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਹੈ ਇਸ ਬਾਰੇ ਵਰਲਡ ਸਿੱਖ ਆਰਗਨਾਈਜੇਸ਼ਨ ਨੇ ਇੱਕ ਰਿਪੋਰਟ ਸਾਹਮਣੇ ਲਿਆਂਦੀ ਹੈ। ਇਸ ਰਿਪੋਰਟ ਮੁਤਾਬਕ ਇਨ੍ਹਾਂ ਸਾਰੇ ਮੁਦਿੱਆਂ ਤੇ ਸਾਰਿਆਂ ਤੋਂ ਵੱਧ ਸਵਾਲ ਸੰਸਦ ਵਿੱਚ ਅਲਬਰਟਾ ਤੋਂ ਕੰਜ਼ਰਵੇਟਿਵ ਪਾਰਟੀ ਦੇ ਸਾਂਸਦ ਗਾਰਨੇਟ ਜਿਨੇਅਸ ਨੇ ਚੁੱਕੇ ਹਨ ,ਉਨਾਂ ਕੁੱਲ 25 ਸਵਾਲ ਸਿੱਖ ਮੁੱਦਿਆਂ ਬਾਬਤ ਕੀਤੇ ਹਨ ਜਿਸ ਵਿੱਚ ਅਫ਼ਗ਼ਾਨਿਸਤਾਨ ਦੇ ਸ਼ਰਨਾਰਥੀਆਂ ਬਾਰੇ ਤੇ ਪਬਲਿਕ ਸੇਫਟੀ ਰਿਪੋਰਟ ਤੇ ਵੀ ਸਵਾਲ ਕੀਤੇ ਸਨ ‌,ਦੂਜੇ ਨੰਬਰ ਤੇ ਲਿਬਰਲ ਸਾਂਸਦ ਸੁੱਖ ਧਾਲੀਵਾਲ ਆਉਂਦੇ ਹਨ ਜਿਨ੍ਹਾਂ 15 ਸਵਾਲ ਕੀਤੇ ਹਨ ਤੀਜੇ ਨੰਬਰ ਤੇ ਲਿਬਰਲ ਸਾਂਸਦ ਕੇਵਿਨ ਲੇਮੋਰੇਕਸ ਤੇ ਰਾਜ ਗਰੇਵਾਲ ਹਨ ਜਿਨਾਂ ਦੋਨਾਂ ਨੇ 6 ਸਵਾਲ ਕੀਤੇ ਹਨ ‌।

ਦੂਜੇ ਪਾਸੇ ਨਵਦੀਪ ਬੈਂਸ, ਹਰਜੀਤ ਸਿੰਘ ਸੱਜਣ ਤੇ ਜਗਮੀਤ ਸਿੰਘ ਇਨ੍ਹਾਂ ਅਹਿਮ ਸਿੱਖ ਮੁੱਦਿਆਂ ਤੇ ਕੋਈ ਵਧੀਆ ਭੂਮਿਕਾ ਨਹੀਂ ਨਿਭਾ ਸਕੇ ਤੇ ਸੰਸਦ ਵਿੱਚ ਇਹ ਮੁੱਦੇ ਚੁੱਕਣ ਵਿੱਚ ਅਸਫਲ ਰਹੇ ਹਨ। ਅਲਬਰਟਾ ਤੋਂ ਸਾਂਸਦ ਜਸਰਾਜ ਸਿੰਘ ਹੱਲਨ ਨੇ RCMP ਵੱਲੋਂ ਸਿੱਖ ਅਫਸਰਾਂ ਨੂੰ ਫਰੰਟਲਾਇਨ ਕੰਮਾਂ ਤੇ ਕੰਮ ਕਰਨ ਤੋਂ ਰੋਕਣ ਦਾ ਮੁੱਦਾ ਹਾਲ ਦੇ ਦਿਨਾਂ ਦੌਰਾਨ ਜ਼ੋਰਦਾਰ ਢੰਗ ਨਾਲ ਚੁੱਕਿਆ ਸੀ । ਇਸ ਤੋਂ ਇਲਾਵਾ ਸਿੱਖ ਭਾਈਚਾਰੇ ਨਾਲ ਜੁੜੇ ਹੋਰ ਸਾਂਸਦਾਂ ਦੀ ਕਾਰਗੁਜ਼ਾਰੀ ਬਹੁਤੀ ਵਧੀਆ ਨਹੀਂ ਰਹੀ ਹੈ ਜਦੋਂਕਿ ਗੈਰ ਸਿੱਖ ਸਾਂਸਦ ਇਸ ਬਾਬਤ ਬੇਹਤਰ ਸਾਬਿਤ ਹੋਏ ਹਨ। ਵੇਖਿਆ ਜਾਵੇ ਤਾਂ ਭਾਈਚਾਰੇ ਨਾਲ ਸਬੰਧਤ ਵੱਧ ਸਾਂਸਦਾਂ ਦੇ ਚੁਣੇ ਜਾਣ ਤੇ ਭਾਈਚਾਰੇ ਨੇ ਹਮੇਸ਼ਾ ਫ਼ਖ਼ਰ ਮਹਿਸੂਸ ਕੀਤਾ ਹੈ ਪਰ ਅੰਕੜਿਆਂ ਦੀ ਮੰਨੀਏ ਤਾਂ ਮੁੱਦਿਆਂ ਨੂੰ ਚੁੱਕਣ ਵਿੱਚ ਹਮੇਸ਼ਾ ਗੈਰ ਸਿੱਖ ਸਾਂਸਦ ਹੀ ਅੱਗੇ ਰਹਿੰਦੇ ਹਨ।

ਕੁਲਤਰਨ ਸਿੰਘ ਪਧਿਆਣਾ