ਪੰਜਾਬੀ ਹੀ ਕਰ ਸਕਦੇ ਨੇ ਮੁਲਕ ਵਿੱਚ ਵੱਡਾ ਫੇਰਬਦਲ- ਪ੍ਰਸ਼ਾਂਤ ਭੂਸ਼ਣ

‘ਆਜ਼ਾਦੀ ਦੀ ਲੜਾਈ ਤੋਂ ਬਾਅਦ ਹੁਣ ਪੂਰਨ ਆਜ਼ਾਦੀ ਲਈ ਲਹਿਰ ਉੱਠਣ ਲੱਗੀ ਹੈ, ਪੂਰੇ ਮੁਲਕ ਦੀਆਂ ਨਜ਼ਰਾਂ ਪੰਜਾਬ ’ਤੇ ਟਿਕੀਆਂ- ਪ੍ਰਸ਼ਾਂਤ ਭੂਸ਼ਣ

ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਦੀ ਖਬਰ ਮੁਤਾਬਕ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਹੈ ਕਿ ਪੰਜਾਬ ਇਸ ਸਮੇਂ ਦੇਸ਼ ਅੰਦਰ ਪੂਰਨ ਆਜ਼ਾਦੀ ਦੀ ਲੜਾਈ ਦੀ ਅਗਵਾਈ ਕਰਦਾ ਦਿਖਾਈ ਦੇ ਰਿਹਾ ਹੈ। ਜਾਗਦਾ ਪੰਜਾਬ ਮੰਚ ਵਲੋਂ ਅੱਜ ‘ਭਾਰਤੀ ਲੋਕਤੰਤਰ ਦਾ ਸੰਕਟ’ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਦੌਰਾਨ ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੇ ਮੁਲਕ ਦੀਆਂ ਨਜ਼ਰਾਂ ਪੰਜਾਬ ’ਤੇ ਟਿਕੀਆਂ ਹੋਈਆਂ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸੂਬੇ ਦੇ ਲੋਕਾਂ ਨੇ ਹਮੇਸ਼ਾ ਅਨਿਆਂ ਖਿਲਾਫ਼ ਲੜਾਈ ’ਚ ਮੋਹਰੀ ਭੂਮਿਕਾ ਨਿਭਾਈ ਹੈ।ਭੂਸ਼ਣ ਨੇ ਕਿਹਾ,‘‘ਆਜ਼ਾਦੀ ਦੀ ਲੜਾਈ ਤੋਂ ਬਾਅਦ ਹੁਣ ਪੂਰਨ ਆਜ਼ਾਦੀ ਲਈ ਲਹਿਰ ਉੱਠਣ ਲੱਗੀ ਹੈ। ਲੋਕਾਂ ਦੇ ਮਨਾਂ ਵਿਚੋਂ ਡਰ ਨਿਕਲਣ ਲੱਗਿਆ ਹੈ। ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਸਰਹੱਦੀ ਸੂਬਾ ਪੰਜਾਬ ਇਸ ਜਦੋਜ਼ਹਿਦ ’ਚ ਅਹਿਮ ਭੂਮਿਕਾ ਨਿਭਾਏਗਾ।’’ ਉਨ੍ਹਾਂ ਕਿਹਾ ਕਿ ਪੰਜਾਬ ਦੀ ਖੂਬੀ ਹੈ ਕਿ ਇਥੋਂ ਦੇ ਲੋਕ ਬਿਨਾਂ ਭੈਅ ਤੋਂ ਜਬਰ-ਜ਼ੁਲਮ ਖਿਲਾਫ਼ ਲੜਨਾ ਜਾਣਦੇ ਹਨ।

ਸੀਨੀਅਰ ਵਕੀਲ ਨੇ ਕੇਂਦਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੋਦੀ ਸਰਕਾਰ ਲੋਕਤੰਤਰ ਵਿਚ ਵਿਸ਼ਵਾਸ ਨਹੀਂ ਰੱਖਦੀ ਹੈ। ‘ਐਮਰਜੈਂਸੀ ਦੌਰਾਨ ਵੀ ਲੋਕਤੰਤਰ ਨੂੰ ਐਨਾ ਖ਼ਤਰਾ ਨਹੀਂ ਸੀ ਜਿੰਨਾ ਹੁਣ ਹੋ ਗਿਆ ਹੈ। ਦੇਸ਼ ਵਿਚ ਘੱਟ ਗਿਣਤੀਆਂ, ਦਲਿਤਾਂ, ਸਮਾਜ ਸੇਵੀ ਆਗੂਆਂ, ਆਰਟੀਆਈ ਕਾਰਕੁਨਾਂ ਅਤੇ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਖਿਲਾਫ਼ ਦੇਸ਼ਧ੍ਰੋਹ ਦੇ ਪਰਚੇ ਦਰਜ ਕੀਤੇ ਜਾ ਰਹੇ ਹਨ।’’

ਉਨ੍ਹਾਂ ਕਿਹਾ ਕਿ ਰਾਜਸੀ ਹਿੱਤਾਂ ਲਈ ਦੇਸ਼ ਵਿਚ ਹਿੰਦੂ, ਮੁਸਲਮਾਨਾਂ, ਇਸਾਈਆਂ ਵਿਚ ਨਫਰਤ ਫੈਲਾਈ ਜਾ ਰਹੀ ਹੈ, ਸੱਭਿਅਤਾ ਤੇ ਸੱਭਿਆਚਾਰ ਖਤਰੇ ਵਿਚ ਹੈ। ਲੋਕਾਂ ਨੂੰ ਡਰਾ ਕੇ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਵੇਂ ਕੁੱਝ ਵੀ ਨਹੀਂ ਹੋ ਰਿਹਾ ਹੈ। ਭੂਸ਼ਣ ਨੇ ਕਿਹਾ,‘‘ਖੇਤੀ ਕਾਨੂੰਨ ਪਾਸ ਕਰਨ ਤੋਂ ਬਾਅਦ ਦੇਸ਼ ਦਾ ਮਾਹੌਲ ਬਦਲਣ ਲੱਗਿਆ ਹੈ। ਹੁਣ ਲੋਕਾਂ ਦਾ ਸਰਕਾਰ ਖਿਲਾਫ਼ ਖੜ੍ਹੇ ਹੋਣ ਦਾ ਸਮਾਂ ਆ ਗਿਆ ਹੈ।’’