Breaking News
Home / ਪੰਜਾਬ / ਬਿਹਾਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚੋਂ ਨਵਜੋਤ ਸਿੱਧੂ ਆਊਟ

ਬਿਹਾਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚੋਂ ਨਵਜੋਤ ਸਿੱਧੂ ਆਊਟ

ਚੰਡੀਗੜ੍ਹ : ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਇਕ ਹੋਰ ਝਟਕਾ ਦਿੱਤਾ ਹੈ। ਸ਼ਨਿਚਰਵਾਰ ਨੂੰ ਕਾਂਗਰਸ ਨੇ ਬਿਹਾਰ ਵਿਧਾਨ ਸਭਾ ਦੀ ਚੋਣ ਨੂੰ ਲੈ ਕੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਸੂਚੀ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ ਜਦਕਿ ਕਾਂਗਰਸ ਦੇ ਫਾਇਰ ਬ੍ਰੈਂਡ ਨਵਜੋਤ ਸਿੰਘ ਸਿੱਧੂ ਇਸ ਸੂਚੀ ‘ਚੋਂ ਗ਼ਾਇਬ ਹੋ ਗਏ ਹਨ। ਜਦਕਿ 2019 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਨੇ ਸਿੱਧੂ ਤੋਂ ਬਿਹਾਰ ‘ਚ ਪ੍ਰਚਾਰ ਕਰਵਾਇਆ ਸੀ। ਇਸ ਪ੍ਰਚਾਰ ‘ਚ ਵਿਵਾਦਤ ਬਿਆਨ ਦੇਣ ਕਾਰਨ ਪੂਰਣੀਆ (ਕਟਿਹਾਰ) ‘ਚ ਸਿੱਧੂ ਖ਼ਿਲਾਫ਼ ਐੱਫਆਈਆਰ ਵੀ ਦਰਜ ਹੋਈ ਸੀ।

ਚੋਣਾਂ ਭਾਵੇਂ ਬਿਹਾਰ ‘ਚ ਹੋ ਰਹੀਆਂ ਹਨ ਪਰ ਇਸ ਦਾ ਪੰਜਾਬ ‘ਚ ਵੀ ਸਿੱਧਾ ਸਬੰਧ ਹੈ। ਪੰਜਾਬ ‘ਚ ਵੱਡੀ ਗਿਣਤੀ ‘ਚ ਬਿਹਾਰ ਦੇ ਲੋਕ ਵੀ ਰਹਿੰਦੇ ਹਨ ਜਿਨ੍ਹਾਂ ਦੀ ਆਬਾਦੀ 30 ਲੱਖ ਤੋਂ ਵੀ ਜ਼ਿਆਦਾ ਹੈ। ਇਨ੍ਹਾਂ ‘ਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਰਹਿੰਦੇ ਤਾਂ ਪੰਜਾਬ ਵਿਚ ਹਨ ਪਰ ਉਨ੍ਹਾਂ ਦੀ ਵੋਟ ਬਿਹਾਰ ‘ਚ ਹੈ। ਮਾਰਚ ਮਹੀਨੇ ‘ਚ ਲਾਕਡਾਊਨ ਦੌਰਾਨ ਲੱਖਾਂ ਕਾਮੇ ਜਦੋਂ ਬਿਹਾਰ ਲਈ ਨਿਕਲ ਗਏ ਸਨ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਕਾਮਿਆਂ ਦੇ ਰਹਿਣ ਤੋਂ ਲੈ ਕੇ ਖਾਣ ਤਕ ਦਾ ਖ਼ਾਸ ਇੰਤਜ਼ਾਮ ਕੀਤਾ ਸੀ। ਉੱਥੇ, ਇਨ੍ਹਾਂ ਕਾਮਿਆਂ ਨੂੰ ਟ੍ਰੇਨਾਂ ਰਾਹੀਂ ਵਾਪਸ ਬਿਹਾਰ ਭੇਜਿਆ ਗਿਆ ਸੀ। ਪੰਜਾਬ ਤੇ ਬਿਹਾਰ ਦੇ ਪੁਰਾਣੇ ਰਿਸ਼ਤਿਆਂ ਨੂੰ ਦੇਖਦੇ ਹੋਏ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਿਹਾਰ ਚੋਣਾਂ ‘ਚ ਸਟਾਰ ਪ੍ਰਚਾਰਕ ਬਣਾਇਆ ਹੈ। ਉੱਥੇ, ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚ ਸ਼ਾਮਲ ਨਵਜੋਤ ਸਿੰਘ ਸਿੱਧੂ ਨੂੰ ਵਿਧਾਨ ਸਭਾ ਚੋਣਾਂ ਵਿਚ ਆਊਟ ਕਰ ਦਿੱਤਾ ਹੈ।

ਮੰਨਿਆ ਜਾ ਰਿਹਾ ਹੈ ਕਿ ਸਿੱਧੂ ਨੂੰ ਇਸ ਲਈ ਵੀ ਕਾਂਗਰਸ ਨੇ ਸਟਾਰ ਪ੍ਰਚਾਰਕ ਨਹੀਂ ਬਣਾਇਆ, ਕਿਉਂਕਿ 2019 ‘ਚ ਪੂਰਣੀਆ ‘ਚ ਚੋਣ ਪ੍ਰਚਾਰ ਦੌਰਾਨ ਸਿੱਧੂ ਨੇ ਵਿਵਾਦਤ ਬਿਆਨ ਦਿੱਤਾ ਸੀ ਜਿਸ ਕਾਰਨ ਉਨ੍ਹਾਂ ‘ਤੇ ਉੱਥੇ ਪਰਚਾ ਵੀ ਦਰਜ ਕਰ ਦਿੱਤਾ ਗਿਆ ਸੀ। ਬਿਹਾਰ ਪੁਲਿਸ ਸਿੱਧੂ ਨੂੰ ਸੰਮਨ ਕਰਨ ਲਈ ਅੰਮ੍ਰਿਤਸਰ ‘ਚ ਉਨ੍ਹਾਂ ਦੇ ਨਿਵਾਸ ‘ਤੇ ਵੀ ਆਈ ਸੀ। ਕਰੀਬ 10 ਦਿਨਾਂ ਤਕ ਬਿਹਾਰ ਪੁਲਿਸ ਅੰਮ੍ਰਿਤਸਰ ‘ਚ ਰਹੀ ਪਰ ਸਿੱਧੂ ਜਾਂ ਉਨ੍ਹਾਂ ਦੇ ਕਿਸੇ ਵੀ ਨੁਮਾਇੰਦੇ ਦੇ ਤੌਰ ‘ਤੇ ਕਿਸੇ ਨੇ ਵੀ ਸੰਮਨ ਸਵੀਕਾਰ ਨਹੀਂ ਕੀਤਾ, ਜਿਸ ਤੋਂ ਬਾਅਦ ਬਿਹਾਰ ਪੁਲਿਸ ਸਿੱਧੂ ਦੀ ਕੋਠੀ ਦੇ ਬਾਹਰ ਸੰਮਨ ਚਿਪਕਾ ਕੇ ਚਲੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਸਿੱਧੂ ਜੇਕਰ ਬਿਹਾਰ ਜਾਂਦੇ ਤਾਂ ਉਸ ਕੇਸ ਵਿਚ ਫਸ ਸਕਦੇ ਸਨ। ਅਜਿਹੇ ‘ਚ ਕਾਂਗਰਸ ਦੀ ਖ਼ਾਸੀ ਕਿਰਕਿਰੀ ਹੋ ਸਕਦੀ ਹੈ।

ਉੱਥੇ, ਇਕ ਤੱਥ ਇਹ ਵੀ ਹੈ ਕਿ 4 ਅਕਤੂਬਰ ਨੂੰ ਮੋਗਾ ਦੇ ਬੱਧਨੀ ਕਲਾਂ ‘ਚ ਜਿਸ ਤਰ੍ਹਾਂ ਨਾਲ ਸਿੱਧੂ ਨੇ ਰਾਹੁਲ ਗਾਂਧੀ ਦੇ ਸਾਹਮਣੇ ਆਪਣੀ ਹੀ ਪਾਰਟੀ ਨੂੰ ਖਰੀਆਂ-ਖੋਟੀਆਂ ਸੁਣਾਈਆਂ, ਉਸ ਨੂੰ ਰਾਹੁਲ ਗਾਂਧੀ ਨੇ ਠੀਕ ਨਹੀਂ ਮੰਨਿਆ ਸੀ। ਕਾਂਗਰਸ ਨੇ ਬਿਹਾਰ ਚੋਣਾਂ ‘ਚ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚ ਸਿੱਧੂ ਨੂੰ ਸ਼ਾਮਲ ਨਾ ਕਰ ਕੇ ਇਕ ਝਟਕਾ ਦਿੱਤਾ ਹੈ। ਜਦਕਿ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਵਾਰ-ਵਾਰ ਇਸ ਗੱਲ ਨੂੰ ਦੁਹਰਾ ਰਹੇ ਸਨ ਕਿ ਸਿੱਧੂ ਕਾਂਗਰਸ ਪਾਰਟੀ ਦੀ ਜਾਇਦਾਦ ਹਨ ਤੇ ਕਾਂਗਰਸ ਉਨ੍ਹਾਂ ਦਾ ਪੰਜਾਬ ਤੇ ਪੰਜਾਬ ਤੋਂ ਬਾਹਰ ਬਿਹਤਰ ਇਸਤੇਮਾਲ ਕਰੇਗੀ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: