ਪਰਾਲੀ ਫੂਕਣ ਤੋਂ ਰੋਕਣ ਗਏ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀ ਕਿਸਾਨਾਂ ਨੇ ਬੰਦੀ ਬਣਾਏ

ਲਹਿਰਾਗਾਗਾ, 10 ਅਕਤੂਬਰ-ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ’ਚ ਪਿੰਡ ਡਸਕਾ ’ਚ ਪਰਾਲੀ ਨੂੰ ਫੂਕਣ ਖ਼ਿਲਾਫ਼ ਮਿਲੀ ਸ਼ਿਕਾਇਤ ਦੀ ਜਾਂਚ ਕਰਕੇ ਬੀਤੀ ਰਾਤ ਲਹਿਰਾਗਾਗਾ ਆ ਤਹਿਸੀਲਦਾਰ ਸੁਰਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਨੈਬ ਸਿੰਘ, ਰੀਡਰ ਗਗਨਦੀਪ ਸਿੰਘ ਅਤੇ ਪੁਲੀਸ, ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਘੇਰਕੇ ਪਿੰਡ ਲਦਾਲ ਦੀ ਧਰਮਸ਼ਾਲਾ ’ਚ ਬੰਦੀ ਬਣਾ ਲਿਆ ਹੈ।

ਉਧਰ ਪ੍ਰਸ਼ਾਸਨ ਨੂੰ ਸੂਚਨਾ ਮਿਲਣ ’ਤੇ ਰਾਤ 9 ਵਜੇਂ ਦੇ ਕਰੀਬ ਤਿੰਨ ਘੰਟੇ ਮਗਰੋਂ ਐੱਸਐੱਚਓ ਸਦਰ ਸੁਰਿੰਦਰ ਭੱਲਾ ਦੀ ਅਗਵਾਈ ’ਚ ਭਾਰੀ ਪੁਲੀਸ ਨੇ ਕਿਸਾਨ ਜਥੇਬੰਦੀਆਂ ਤੇ ਅਧਿਕਾਰੀਆਂ ਦੀ ਆਪਸ ’ਚ ਗੱਲਬਾਤ ਕਰਵਾਕੇ ਤੇ ਕੋਈ ਕਾਰਵਾਈ ਨਾ ਕਰਨ ਦੇ ਭਰੋੋਸੇ ਮਗਰੋਂ ਬੰਦੀ ਅਧਿਕਾਰੀਆਂ ਦੀ ਖਲਾਸੀ ਕਰਵਾਈ। ਅਧਿਕਾਰੀਆਂ ਨੇ ਪੂਰੇ ਮਸਲੇ ਦੀ ਰਿਪੋਰਟ ਐੱਸਡੀਐੱਮ ਤੇ ਡੀਸੀ ਨੂੰ ਦਿੱਤੀ ਹੈ।