ਆਰ.ਐੱਸ.ਐੱਸ ਦਫ਼ਤਰ ਦੇ ਗੇਟ ’ਤੇ ਕਾਲਖ ਮਲੀ, 18 ਗ੍ਰਿਫਤਾਰ

ਸੰਗਰੂਰ 6 ਅਕਤੂਬਰ-ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਰਕਰਾਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਆਰਐਸਐਸ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਦਫ਼ਤਰ ਦੇ ਮੁੱਖ ਗੇਟ ’ਤੇ ਕਾਲਖ ਫੇਰ ਦਿੱਤੀ ਗਈ। ਕਾਲਖ ਪੋਚਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਪੁਲੀਸ ਵਲੋਂ ਕਰੀਬ ਡੇਢ ਦਰਜਨ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਾਰਕੁਨ ਸਥਾਨਕ ਬਨਾਸਰ ਬਾਗ ਵਿਚ ਇਕੱਠੇ ਹੋਏ ਜਿਥੇ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ। ਉਨ੍ਹਾਂ ਸ਼ਹਿਰ ਦੇ ਵੱਡੇ ਚੌਕ ਵਿਚ ਪੁਲੀਸ ਥਾਣੇ ਨਜ਼ਦੀਕ ਆਰਐਸਐਸ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਮਾਰਿਆ। ਇਸ ਦੌਰਾਨ ਹੀ ਕਾਰਕੁਨਾਂ ਨੇ ਆਰਐਸਐਸ ਦਫ਼ਤਰ ਦੇ ਗੇਟ ਉਪਰ ਕਾਲਖ ਪੋਚ ਦਿੱਤੀ ਅਤੇ ਆਰਐਸਐਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇ ਲਿਖੇ। ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਂਦਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੁਖਦੀਪ ਹਥਨ ਨੇ ਕਿਹਾ ਕਿ ਖੇਤੀ ਬਿੱਲ ਆਰਐੱਸਐੱਸ ਦੇ ਫਾਸ਼ੀਵਾਦੀ ਏਜੰਡੇ ਤਹਿਤ ਲਾਗੂ ਕੀਤਾ ਜਾ ਰਿਹਾ ਹੈ ਪਰ ਨੌਜਵਾਨ ਕਦੇ ਵੀ ਇਸ ਏਜੰਡੇ ਨੂੰ ਲਾਗੂ ਨਹੀਂ ਹੋਣ ਦੇਣਗੇ। ਇਸ ਮਾਮਲੇ ਸਬੰਧੀ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਰਾਤ ਨੂੰ ਹੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਇਹ ਜਾਣਕਾਰੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਵਲੋਂ ਦਿੱਤੀ ਗਈ।

ਸੰਗਰੂਰ ਪੁਲੀਸ ਨੇ ਕਾਲਖ ਪੋਚਣ ਵਾਲਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਸਿਟੀ ਵਿਚ ਕੇਸ ਦਰਜ ਕਰ ਲਿਆ ਹੈ। ਇਹ ਕੇਸ ਪੰਜਾਬ ਭਾਜਪਾ ਦੇ ਕਾਰਜਕਾਰੀ ਮੈਂਬਰ ਸਰਜੀਵਨ ਜਿੰਦਲ ਦੇ ਬਿਆਨਾਂ ’ਤੇ ਕੀਤਾ ਹੈ। ਥਾਣਾ ਸਿਟੀ ਇੰਚਾਰਜ ਗੁਰਵੀਰ ਸਿੰਘ ਨੇ ਦੱਸਿਆ ਕਿ 50/60 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।