ਕੈਨੇਡਾ ਆਏ ਨਵੇਂ ਪਰਵਾਸੀ ਅਤੇ ਨਵੇਂ ਡਰਾਇਵਰ ਹੁਣ ਰੱਖਣ ਇਸ ਗੱਲ ਦਾ ਖਾਸ ਖਿਆਲ

ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ ਬਿਊਰੋ
ਕੈਨੇਡਾ ਵਿੱਚ ਸਿਆਲ ਚੜ੍ਹਦਿਆਂ ਹੀ ਸ਼ਾਮ ਨੂੰ ਜਲਦ ਹਨੇਰਾ ਹੋਣ ਲਗਦਾ ਹੈ ਅਤੇ ਦੇਖਣ ਦੀ ਸਮਰੱਥਾ (ਵਿਜ਼ੀਬਿਲਟੀ) ਬਹੁਤ ਘਟ ਜਾਂਦੀ ਹੈ, ਜਿਸ ਕਾਰਨ ਗੂੜ੍ਹੇ ਕੱਪੜਿਆਂ ਵਾਲੇ ਪੈਦਲ ਲੋਕਾਂ ਨੂੰ ਅਕਸਰ ਹਾਦਸੇ ਪੇਸ਼ ਆਉਂਦੇ ਹਨ। ਮੀਂਹ ਵਾਲੇ ਦਿਨ ਤਾਂ ਅਜਿਹਾ ਬਹੁਤ ਵਾਰ ਹੁੰਦਾ ਹੈ।

ਪੰਜਾਬ ਤੋਂ ਬਹੁਤ ਸਾਰੇ ਨਵੇਂ ਲੋਕ ਕੈਨੇਡਾ ਆਏ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪਹਿਲੀ ਵਾਰ ਕੈਨੇਡਾ ‘ਚ ਸਿਆਲ ਦੇਖਣੇ ਹਨ। ਉਨ੍ਹਾਂ ਨੂੰ ਚੇਤੰਨ ਹੋਣਾ ਪਵੇਗਾ ਕਿ ਉਹ ਸੜਕ ਪਾਰ ਕਰਨ ਵੇਲੇ ਟਰੈਫਿਕ ਅਸੂਲਾਂ ਦੀ ਪਾਲਣਾ ਕਰਨ, ਮੀਂਹ-ਹਨੇਰੇ ਪੈਦਲ ਜਾਣ ਵੇਲੇ ਗੂੜ੍ਹੇ ਕੱਪੜੇ ਨਾ ਪਹਿਨਣ ਤੇ ਜੇ ਪਹਿਨਣੇ ਪੈਣ ਹੀ ਤਾਂ ਉਪਰ ਕੋਈ ਰਿਫਲੈਕਟਰ ਝੱਗੀ ਆਦਿ ਪਾ ਲੈਣ। ਹਨੇਰੇ-ਸਵੇਰੇ ਸੈਰ ਕਰਦੇ ਬਜ਼ੁਰਗ ਵੀ ਇਸ ‘ਤੇ ਅਮਲ ਕਰਨ।

ਹਰ ਸਾਲ ਸਿਆਲ਼ਾਂ ‘ਚ ਕੁਝ ਲੋਕਾਂ ਦੀ ਇਸ ਤਰਾਂ ਦੇ ਹਾਦਸਿਆਂ ਦੌਰਾਨ ਮੌਤ ਹੋ ਜਾਂਦੀ ਹੈ ਜਾਂ ਸੱਟਾਂ ਲੱਗਦੀਆਂ ਹਨ। ਨਵਾਂ ਡਰਾਇਵਰ ਲਾਇਸੰਸ ਲੈਣ ਵਾਲੇ ਅਤੇ ਪੰਜਾਬ ਤੋਂ ਆਣ ਕੇ ਉਸੇ ਲਾਇਸੰਸ ‘ਤੇ ਗੱਡੀ ਚਲਾਉਣ ਵਾਲੇ ਤੁਰਨ ਵਾਲਿਆਂ ਦਾ ਵਿਸ਼ੇਸ਼ ਖਿਆਲ ਰੱਖਣ।

ਇਹ ਸੁਨੇਹਾ ਹਰੇਕ ਤੱਕ ਪੁੱਜਣਾ ਬਹੁਤ ਜ਼ਰੂਰੀ ਹੈ।