NDA ਸਿਰਫ਼ ਨਾਮ ਦੀ… ਪੀਐੱਮ ਨੇ ਕਈ ਸਾਲਾਂ ਤੋਂ ਕੋਈ ਮੀਟਿੰਗ ਨਹੀਂ ਸੱਦੀ: ਸੁਖਬੀਰ ਬਾਦਲ

ਭਾਜਪਾ ਨਾਲ ਗਠਜੋੜ ਤੋੜਨ ਤੋਂ ਇੱਕ ਦਿਨ ਬਾਅਦ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨੇਸ਼ਨਲ ਡੇਮੋਕ੍ਰੇਟਿਕ ਅਲਾਇੰਸ (ਐਨਡੀਏ) ਭਰੋਸੇਯੋਗਤਾ ਗੁਆ ਚੁੱਕੀ ਹੈ ਅਤੇ ਗੱਠਜੋੜ ਤਾਂ ਬੱਸ ‘ਨਾਮ’ ਦਾ ਸੀ।

‘ਦਿ ਇੰਡੀਅਨ ਐਕਸਪ੍ਰੈਸ’ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ, “ਪਿਛਲੇ 7, 8, 10 ਸਾਲਾਂ ਜਾਂ ਇਸ ਤੋਂ ਵੱਧ ਸਮੇਂ ਤੋਂ, ਐਨਡੀਏ ਸਿਰਫ਼ ਨਾਮ ਦੀ ਸੀ। ਐਨਡੀਏ ਵਿੱਚ ਕੁਝ ਵੀ ਨਹੀਂ ਹੈ।”

“ਕੋਈ ਵਿਚਾਰ ਵਟਾਂਦਰੇ, ਕੋਈ ਯੋਜਨਾਬੰਦੀ, ਕੋਈ ਮੁਲਾਕਾਤ ਨਹੀਂ….. ਮੈਨੂੰ ਪਿਛਲੇ 10 ਸਾਲਾਂ ‘ਚ ਉਹ ਦਿਨ ਯਾਦ ਨਹੀਂ ਜਦੋਂ ਪ੍ਰਧਾਨ ਮੰਤਰੀ ਨੇ ਐਨਡੀਏ ਦੀ ਬੈਠਕ ਨੂੰ ਲੰਚ ਲਈ ਬੁਲਾਈ ਹੋਵੇ ਅਤੇ ਸਾਡੀ ਯੋਜਵਾਨਾਂ ਬਾਰੇ ਪੁੱਛਿਆ ਹੋਵੇ।”

ਉਨ੍ਹਾਂ ਕਿਹਾ, “ਗੱਠਜੋੜ ਕਾਗਜ਼ ‘ਤੇ ਨਹੀਂ ਹੋਣੇ ਚਾਹੀਦੇ … ਇਸ ਤੋਂ ਪਹਿਲਾਂ, ਵਾਜਪਾਈ ਦੇ ਸਮੇਂ ਵਿੱਚ, ਪਾਰਟੀਆਂ ਦਰਮਿਆਨ ਇੱਕ ਢੁੱਕਵਾਂ ਰਿਸ਼ਤਾ ਹੁੰਦਾ ਸੀ। ਮੇਰੇ ਪਿਤਾ ਐਨਡੀਏ ਦੇ ਸੰਸਥਾਪਕ ਮੈਂਬਰ ਹਨ… ਇਹ ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਐਨਡੀਏ ਬਣਾਇਆ ਪਰ ਐਨਡੀਏ ਅੱਜ ਨਹੀਂ ਹੈ।”

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਟਕੜ ਕਲਾਂ ‘ਚ ਖੇਤੀ ਬਿਲਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨਗੇ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਮੁਜ਼ਾਹਰੇ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਆਗੂ ਵੀ ਸ਼ਾਮਲ ਹੋਣਗੇ।