Breaking News

ਬੱਸਾਂ ਤੋਂ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਹਟਾਉਣ ਦੇ ਹੁਕਮ

ਬੱਸਾਂ ਤੋਂ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਹਟਾਉਣ ਦੇ ਹੁਕਮ

ਬਠਿੰਡਾ: ਅਕਸਰ ਹੀ ਸਰਕਾਰੀ ਬੱਸਾਂ ਵਿੱਚ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ ਪਰ ਹੁਣ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਬਕਾਇਦਾ ਇੱਕ ਪੱਤਰ ਜਾਰੀ ਕਰਕੇ ਪੰਜਾਬ ਦੇ ਕਪੂਰਥਲਾ, ਬੁਢਲਾਡਾ, ਚੰਡੀਗੜ੍ਹ, ਬਰਨਾਲਾ, ਫਰੀਦਕੋਟ, ਬਠਿੰਡਾ, ਸੰਗਰੂਰ, ਲੁਧਿਆਣਾ, ਪਟਿਆਲਾ ਬੱਸ ਡੀਪੂਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਇੰਨ੍ਹਾਂ ਹੁਕਮਾਂ ‘ਚ ਬੱਸਾਂ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਹਟਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਤਸਵੀਰਾਂ ਹਟਾ ਕੇ ਰਿਪੋਰਟ ਕਰਨ ਦੀ ਆਖੀ ਗੱਲ: ਇਸ ਸਬੰਧੀ ਜਾਣਕਾਰੀ ਅਨੁਸਾਰ ਜਾਰੀ ਕੀਤੇ ਗਏ ਪੱਤਰ ਵਿੱਚ ਬਕਾਇਦਾ ਚੋਣ ਅਫਸਰ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਤਸਵੀਰਾਂ ਹਟਾਉਣ ਤੋਂ ਬਾਅਦ ਇਸ ਸਬੰਧੀ ਬਕਾਇਦਾ ਮੁੱਖ ਚੋਣ ਅਫਸਰ ਪੰਜਾਬ ਨੂੰ ਜਾਣੂ ਕਰਵਾਇਆ ਜਾਵੇ। ਇਸ ਸਬੰਧੀ ਪੀਆਰਟੀਸੀ ਦੇ ਬਠਿੰਡਾ ਡੀਪੂ ਵਿੱਚ ਪਹੁੰਚੇ ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਤਸਵੀਰਾਂ ਹਟਾਈਆਂ ਗਈਆਂ ਤਾਂ ਉਹ ਆਉਂਦੇ ਦਿਨਾਂ ਵਿੱਚ ਵੱਡਾ ਸੰਘਰਸ਼ ਸ਼ੁਰੂ ਕਰਨਗੇ।

ਸਿੱਖ ਆਗੂ ਨੇ ਖੜੇ ਕੀਤੇ ਸਵਾਲ: ਉਹਨਾਂ ਕਿਹਾ ਕਿ ਜਦੋਂ ਵੀ ਜੂਨ 84 ਦੇ ਦਿਨ ਆਉਂਦੇ ਹਨ ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਅਜਿਹੀਆਂ ਕਾਰਵਾਈਆਂ ਕਰਦੀਆਂ ਰਹਿੰਦੀਆਂ ਹਨ। ਹੁਣ ਵੀ 1984 ਵਿੱਚ ਹੋਏ ਸਿੱਖ ਕਤਲੇਆਮ ਨੂੰ 40 ਸਾਲ ਪੂਰੇ ਹੋਣ ਜਾ ਰਹੇ ਹਨ, ਇਸ ਤੋਂ ਪਹਿਲਾਂ ਇਹ ਪੱਤਰ ਜਾਰੀ ਕਰਕੇ ਸਿੱਖਾਂ ਨੂੰ ਇਹ ਦਰਸਾਇਆ ਜਾ ਰਿਹਾ ਹੈ ਕਿ ਉਹ ਜੂਨ 84 ਨੂੰ ਭੁੱਲ ਜਾਣ ਪਰ ਸਿੱਖ ਕਦੇ ਵੀ ਆਪਣੇ ‘ਤੇ ਹੋਏ ਤਸ਼ੱਦਦ ਨੂੰ ਨਹੀਂ ਭੁੱਲਦੇ। ਉਨ੍ਹਾਂ ਕਿਹਾ ਕਿ ਫਿਰ ਵੀ ਜੇ ਪੀਆਰਟੀਸੀ ਦੇ ਅਧਿਕਾਰੀਆਂ ਵੱਲੋਂ ਇਹ ਪੱਤਰ ਲਾਗੂ ਕੀਤਾ ਗਿਆ ਤਾਂ ਇਸ ਦੇ ਨਤੀਜੇ ਸਮਾਂ ਦੱਸੇਗਾ ਅਤੇ ਉਹ ਮੌਕੇ ‘ਤੇ ਐਕਸ਼ਨ ਕਰਨਗੇ।

ਪੀਆਰਟੀਸੀ ਅਧਿਕਾਰੀ ਨੇ ਆਖੀ ਇਹ ਗੱਲ: ਉਧਰ ਦੂਸਰੇ ਪਾਸੇ ਪੀਆਰਟੀਸੀ ਦੇ ਅਧਿਕਾਰੀ ਸੀਤਾ ਰਾਮ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੱਤਰ ਜ਼ਰੂਰ ਪ੍ਰਾਪਤ ਹੋਇਆ ਹੈ। ਇਸ ਪੱਤਰ ਸਬੰਧੀ ਸਿੱਖ ਆਗੂ ਉਹਨਾਂ ਨੂੰ ਮਿਲੇ ਹਨ ਅਤੇ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ। ਉਹਨਾਂ ਕਿਹਾ ਕਿ ਇਸ ਪਿੱਤਰ ਨੂੰ ਲਾਗੂ ਕਰਨ ਲਈ ਉਹਨਾਂ ਵੱਲੋਂ ਹਰ ਇੱਕ ਵਰਗ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇਗਾ।

ਪਹਿਲਾਂ ਵੀ ਆ ਚੁੱਕਿਆ ਇੱਕ ਵਾਰ ਨੋਟਿਸ: ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਜੁਲਾਈ 2022 ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਦੋਂ ਸਰਕਾਰ ਵਲੋਂ ਹੁਕਮ ਜਾਰੀ ਕਰਦਿਆਂ ਪੰਜਾਬ ਦੀਆਂ ਸਰਕਾਰੀ ਬੱਸਾਂ ‘ਚ ਲੱਗੀਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਲਾਹੁਣ ਦੇ ਹੁਕਮ ਦਿੱਤੇ ਗਏ ਸਨ। ਜਦਕਿ ਦਲ ਖਾਲਸਾ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਠੰਢੇ ਬਸਤੇ ‘ਚ ਪੈ ਗਿਆ ਸੀ।