Breaking News

Salman Khan meets brave 9-year-old cancer survivour Jaganbir Singh

Salman Khan, known for his philanthropy, recently met Jaganbir, a resilient child who, at the age of 4 in 2018, overcame cancer after nine rounds of chemotherapy. Jaganbir, now 9-years-old, first met Salman during his treatment. Despite losing his eyesight due to chemotherapy, Jaganbir recognised Salman through touch and the feel of his face and bracelet.

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ 9 ਸਾਲਾ ਜਗਨਬੀਰ ਨੂੰ 2018 ਵਿੱਚ ਬਲੱਡ ਕੈਂਸਰ ਹੋ ਗਿਆ ਸੀ।

ਉਸ ਵੇਲੇ ਜਗਨਬੀਰ ਦੀ ਉਮਰ ਮਹਿਜ਼ 4 ਸਾਲਾਂ ਦੀ ਸੀ।

ਜਗਨਬੀਰ ਨੂੰ ਇਲਾਜ ਲਈ ਮੁੰਬਈ ਲੈ ਕੇ ਜਾਣਾ ਪਿਆ ਸੀ।

ਉਸ ਵੇਲੇ ਜਗਨਬੀਰ ਦੇ ਮਾਪੇ ਉਸ ਨੂੰ ਇਹ ਕਹਿ ਕੇ ਮੁੰਬਈ ਲੈ ਕੇ ਗਏ ਸਨ ਕਿ ਉਹ ਜਗਨਬੀਰ ਨੂੰ ਉਸ ਦੇ ਮਨਪਸੰਦ ਐਕਟਰ ਸਲਮਾਨ ਖ਼ਾਨ ਨਾਲ ਮਿਲਵਾਉਣ ਲੈ ਕੇ ਜਾ ਰਹੇ ਹਨ।

ਮੁੰਬਈ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ ਟਾਟਾ ਮੈਮੋਰੀਅਲ ਹਸਪਤਾਲ ਵਿੱਚ ਇਲਾਜ (ਕੀਮੋਥੈਰੇਪੀ) ਸ਼ੁਰੂ ਹੋ ਗਿਆ।

ਉੱਥੇ ਜਦੋਂ ਜਗਨਬੀਰ ਨਾਲ ਹਸਪਤਾਲ ਦੇ ਵਿਚਲੇ ਮੁਲਾਜ਼ਮ ਜਾਂ ਹੋਰ ਲੋਕ ਗੱਲ ਕਰਦੇ ਤਾਂ ਉਹ ਇਹੋ ਕਹਿੰਦਾ, “ਮੈਂ ਤਾਂ ਮੁੰਬਈ ਸਲਮਾਨ ਖ਼ਾਨ ਸਰ ਨੂੰ ਮਿਲਣ ਲਈ ਆਇਆ ਹਾਂ।”

ਜਗਨਬੀਰ ਸਿੰਘ ਦੀ ਮਾਂ ਸੁਖਬੀਰ ਕੌਰ ਦੱਸਦੇ ਹਨ ਕਿ ਇਹ ਗੱਲ ਸਲਮਾਨ ਖ਼ਾਨ ਤੱਕ ਪਹੁੰਚ ਗਈ ਅਤੇ ਜਿਸ ਵੇਲੇ ਜਗਨਬੀਰ ਦੀ ਪਹਿਲੀ ਕੀਮੋਥੈਰੇਪੀ ਚੱਲ ਰਹੀ ਸੀ ਉਸ ਵੇਲੇ ਸਲਮਾਨ ਖ਼ਾਨ ਨੇ ਆ ਕੇ ਜਗਨਬੀਰ ਨੂੰ ਸਰਪ੍ਰਾਈਜ਼ ਦਿੱਤਾ ਅਤੇ ਉਸ ਦਾ ਹੱਥ ਫੜ ਲਿਆ।

ਉਨ੍ਹਾਂ ਨੇ ਕਿਹਾ, “ਸਰਦਾਰ ਜੀ ਪਛਾਣਿਆ ਕੌਣ?”

ਇਸ ਵੇਲੇ ਜਗਨਬੀਰ ਕੀਮੋਥੈਰੇਪੀ ਕਾਰਨ ਦਰਦ ਵਿੱਚ ਸੀ, ਉਹ ਸਲਮਾਨ ਖ਼ਾਨ ਦੀ ਅਵਾਜ਼ ਸੁਣਦਿਆਂ ਹੀ ਬਹੁਤ ਖੁਸ਼ ਹੋ ਗਿਆ।

ਜਗਨਬੀਰ ਨੇ ਕਿਹਾ, “ਮੈਂ ਕਿਵੇਂ ਵਿਸ਼ਵਾਸ ਕਰਾਂ ਕਿ ਤੁਸੀਂ ਹੀ ਸਲਮਾਨ ਹੋ?”

ਸੁਖਬੀਰ ਕੌਰ ਦੱਸਦੇ ਹਨ ਕਿ ਇਸ ਵੇਲੇ ਕੈਂਸਰ ਕਾਰਨ ਜਗਨਬੀਰ ਦੀ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ ਅਤੇ ਉਹ ਵੇਖ ਨਹੀਂ ਸਕਦਾ ਸੀ।

ਉਨ੍ਹਾਂ ਦੱਸਿਆ, “ਜਗਨਬੀਰ ਕਦੇ ਮੂੰਹ, ਕਦੇ ਡੌਲੇ ਅਤੇ ਕਦੇ ਸਲਮਾਨ ਦਾ ਬ੍ਰੈਸਲੈਟ ਹੱਥਾਂ ਨਾਲ ਟੋਹਣ ਲੱਗਾ।”

ਸਲਮਾਨ ਨੇ ਜਗਨਬੀਰ ਨੂੰ ਉਸ ਦੀ ਅੱਖਾਂ ਦੀ ਰੋਸ਼ਨੀ ਵਾਪਸ ਆਉਣ ਤੋਂ ਬਾਅਦ ਦੁਬਾਰਾ ਮਿਲਣ ਦਾ ਵਾਅਦਾ ਕੀਤਾ ਸੀ।

ਸਾਲ 2019 ‘ਚ 9 ਕੀਮੋਥੈਰੇਪੀ ਅਤੇ 4 ਰੇਡੀਏਸ਼ਨ ਥੈਰੇਪੀ ਹੋਣ ਤੋਂ ਬਾਅਦ ਡਾਕਟਰਾਂ ਨੇ ਜਗਨਬੀਰ ਨੂੰ ਕੈਂਸਰ ਮੁਕਤ ਐਲਾਨਿਆ ਸੀ।

ਜਗਨਬੀਰ ਦਾ ਇਲਾਜ ਸੱਤ ਮਹੀਨੇ ਦੇ ਕਰੀਬ ਚੱਲਿਆ ਸੀ।

ਹੌਲੀ ਹੌਲੀ ਜਗਨਬੀਰ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ।

ਜਗਨਬੀਰ ਪਿਛਲੇ ਸਾਲ ਮੁੰਬਈ ਵਿਚਲੇ ਹਸਪਤਾਲ ਵਿੱਚ ਚੈੱਕਅਪ ਲਈ ਗਿਆ ਅਤੇ ਇਸ ਵਾਰੀ ਉਹ ਸਲਮਾਨ ਨੂੰ ਦੇਖ ਵੀ ਸਕਿਆ ਅਤੇ ਉਨ੍ਹਾਂ ਨਾਲ ਸਮਾਂ ਵੀ ਬਿਤਾ ਸਕਿਆ।

ਜਗਨਬੀਰ ਨੇ ਦੱਸਿਆ, ”ਸਲਮਾਨ ਖਾਨ ਨੇ ਮੈਨੂੰ ਪੁੱਛਿਆ, ‘ਸਰਦਾਰ ਜੀ, ਆਪ ਨੇ ਬਹੁਤ ਦੇਰ ਲਗਾ ਦੀ ਪੰਜਾਬ ਸੇ ਆਨੇ ਮੇਂ।”

ਜਗਨਬੀਰ ਸਲਮਾਨ ਖਾਨ ਨੂੰ ਉਨ੍ਹਾਂ ਦੇ ਘਰ 1 ਦਸੰਬਰ 2023 ਨੂੰ ਮਿਲਿਆ ਸੀ

ਜਗਨਬੀਰ ਦੀ ਮਾਂ ਸੁਖਬੀਰ ਦੱਸਦੇ ਹਨ, “ਜਗਨਬੀਰ ਸਲਮਾਨ ਖਾਨ ਦਾ ਪ੍ਰਸ਼ੰਸਕ ਹੈ ਅਤੇ ਅਸੀਂ ਉਸ ਨੂੰ ਸਲਮਾਨ ਖ਼ਾਨ ਨੂੰ ਮਿਲਣ ਦੇ ਬਹਾਨੇ ਮੁੰਬਈ ਲੈ ਗਏ ਸੀ।

ਉਨ੍ਹਾਂ ਦੱਸਿਆ ਕਿ ਟਾਟਾ ਹਸਪਤਾਲ ਦਾ ਸਟਾਫ਼ ਉਸਨੂੰ ‘ਸਰਦਾਰ ਜੀ’ ਕਹਿ ਕੇ ਬੁਲਾਉਂਦਾ ਸੀ ਅਤੇ ਉਹ ਸਾਰਿਆਂ ਨੂੰ ਦੱਸਦਾ ਸੀ ਕਿ ਉਹ ਇੱਥੇ ਸਲਮਾਨ ਖ਼ਾਨ ਨੂੰ ਮਿਲਣ ਆਇਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਟਾਟਾ ਹਸਪਤਾਲ ਵਿੱਚ ਨਾਬਾਲਗ ਮਰੀਜ਼ਾਂ ਨੂੰ ਲੈਪਟਾਪ ਜਾਂ ਟੈਲੀਵਿਜ਼ਨ ਵਰਗੇ ਤੋਹਫੇ ਦਿੱਤੇ ਜਾਂਦੇ ਸੀ, ਪਰ ਜਗਨਬੀਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਲਮਾਨ ਖ਼ਾਨ ਨੂੰ ਮਿਲਣਾ ਚਾਹੁੰਦਾ ਹੈ।

“ਹਸਪਤਾਲ ਦੇ ਇੰਪਰੂਵਿੰਗ ਪੀਡੀਆਟ੍ਰਿਕ ਕੈਂਸਰ ਕੇਅਰ ਐਂਡ ਟ੍ਰੀਟਮੈਂਟ ਫਾਊਂਡੇਸ਼ਨ ਨੇ ਜਗਨਬੀਰ ਦਾ ਇੱਕ ਵੀਡੀਓ ਬਣਾਇਆ, ਅਤੇ ਇਕ ਸੰਸਥਾ ਇੰਪੈਕਟ ਨੇ ਸਲਮਾਨ ਤੱਕ ਪਹੁੰਚ ਕੀਤੀ। ”

ਉਨ੍ਹਾਂ ਦੱਸਿਆ ਕਿ 7 ਨਵੰਬਰ 2018 ਨੂੰ ਸਲਮਾਨ ਖ਼ਾਨ ਜਗਨ ਨੂੰ ਮਿਲਣ ਆਏ ਉਸ ਸਮੇ ਜਗਨ ਦੀ ਕੀਮੋਥੈਰੇਪੀ ਚੱਲ ਰਹੀ ਸੀ ਤੇ ਉਸਨੂੰ ਦਿਖਾਈ ਨਹੀਂ ਦੇ ਰਿਹਾ ਸੀ।

ਉਨ੍ਹਾਂ ਦੱਸਿਆ, “ਸਲਮਾਨ ਨੇ ਜਗਨ ਨੂੰ ਪੁੱਛਿਆ, ‘ਸਰਦਾਰ ਜੀ ਪਹਿਚਾਨਾ ਕੌਣ ?’ ਫਿਰ ਜਗਨ ਨੇ ਸਲਮਾਨ ਦੇ ਮੋਢੇ, ਚਿਹਰੇ ਅਤੇ ਬਰੇਸਲੇਟ ਨੂੰ ਛੂਹਿਆ, ਫਿਰ ਵਿਸ਼ਵਾਸ ਕੀਤਾ ਕਿ ਉਹ ਅਸਲ ਵਿੱਚ ਸਲਮਾਨ ਖਾਨ ਹਨ ਅਤੇ ਉਹਨਾਂ ਨੇ ਅੱਧਾ ਘੰਟਾ ਉੱਥੇ ਜਗਨ ਨਾਲ ਬਿਤਾਇਆ।”

ਉਨ੍ਹਾਂ ਦੱਸਿਆ ਕਿ ਜਦੋਂ ਸਲਮਾਨ ਨੇ ਜਗਨ ਤੋਂ ਉਸ ਦੀ ਇੱਛਾ ਬਾਰੇ ਪੁੱਛਿਆ, ਤਾਂ ਜਗਨਬੀਰ, ਨੇ ਕਿਹਾ ਕਿ ਉਹ ਉਸਦੀ ਪਿੱਠ ਅਤੇ ਮੋਢੇ ਖੁਰਕਣ, ਅਤੇ ਸਲਮਾਨ ਨੇ ਅਜਿਹਾ ਕੀਤਾ।

ਸੁਖਬੀਰ ਨੇ ਅੱਗੇ ਕਿਹਾ, “ਜਗਨਬੀਰ ਨੇ ਸਲਮਾਨ ਖ਼ਾਨ ਨੂੰ ਕਿਹਾ ਕਿ ਇੱਕ ਵਾਰ ਦੇਖਣ ਦੀ ਤਮੰਨਾ ਸੀ, ਤਾਂ ਸਲਮਾਨ ਖਾਨ ਨੇ ਉਸ ਨੂੰ ਦੁਬਾਰਾ ਮਿਲਣ ਦਾ ਵਾਅਦਾ ਕੀਤਾ।”

ਸੁਖਬੀਰ ਦੱਸਦੇ ਹਨ ਕਿ ਜਗਨਬੀਰ ਦੇ ਕੈਂਸਰ ਮੁਕਤ ਹੋਣ ਤੋਂ ਬਾਅਦ ਉਹ 2019 ਵਿੱਚ ਪੰਜਾਬ ਵਾਪਸ ਆ ਗਏ ਸਨ।ਉਨ੍ਹਾਂ ਦੱਸਿਆ ਕਿ ਹੌਲੀ-ਹੌਲੀ ਜਗਨਬੀਰ ਦੀ ਅੱਖਾਂ ਦੀ ਰੌਸ਼ਨੀ ਵੀ 90 ਫ਼ੀਸਦੀ ਵਾਪਸ ਆ ਗਈ।

ਸੁਖਬੀਰ ਨੇ ਦੱਸਿਆ ਉਹ ਪਿਛਲੇ ਸਾਲ 29 ਨਵੰਬਰ ਨੂੰ ਜਗਨਬੀਰ ਦੀ ਸਾਲਾਨਾ ਜਾਂਚ ਲਈ ਮੁੰਬਈ ਗਏ ਸਨ।

ਉਨ੍ਹਾਂ ਦੱਸਿਆ, “ਸਾਨੂੰ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਦਾ ਫੋਨ ਆਇਆ ਕਿ ਉਨ੍ਹਾਂ ਕੋਲ ਜਗਨਬੀਰ ਲਈ ਸਰਪ੍ਰਾਈਜ਼ ਹੈ, ਉਨ੍ਹਾਂ ਨੇ ਦੱਸਿਆ ਕਿ ਸਲਮਾਨ ਖਾਨ ਨੇ ਜਗਨਬੀਰ ਨੂੰ 1 ਦਸੰਬਰ ਨੂੰ ਆਪਣੇ ਘਰ ਬੁਲਾਇਆ ਹੈ।”

ਉਨ੍ਹਾਂ ਦੱਸਿਆ, “ਜਦੋਂ ਅਸੀਂ ਸਲਮਾਨ ਦੇ ਘਰ ਗਏ, ਅਤੇ ਉਹ ਸਾਨੂੰ ਲੈਣ ਲਈ ਬਾਹਰ ਆਏ ਅਤੇ ਉਨ੍ਹਾਂ ਨੇ ਬਗੀਚੇ ਵਿੱਚ ਸਮਾਂ ਬਿਤਾਇਆ ਅਤੇ ਜਗਨ ਨੂੰ ਪੁੱਛਿਆ, ‘ਸਰਦਾਰ ਜੀ ਤੁਸੀਂ ਕਿਵੇਂ ਹੋ?’।

ਜਗਨਬੀਰ ਨੇ ਦੱਸਿਆ, ”ਸਲਮਾਨ ਨੇ ਲੁਧਿਆਣਾ ‘ਚ ਮੇਰੇ ਵੱਡੇ ਭਰਾ ਨਾਲ ਵੀਡਿਓ ਕਾਲ ‘ਤੇ ਗੱਲ ਕੀਤੀ। ਮੈਂ ਉਨ੍ਹਾਂ ਨੂੰ ਦੱਸਿਆ ਸੀ ਕਿ ਮੈਂ ਉਸ ਦੀਆਂ 50 ਫ਼ਿਲਮਾਂ ਦੇਖੀਆਂ ਹਨ।”

ਜਗਨਬੀਰ ਦੀ ਦਾਦੀ ਹਰਜੀਤ ਕੌਰ ਨੇ ਦੱਸਿਆ ਕਿ ਸਾਲ 2018 ਦੇ ਸਤੰਬਰ ਮਹੀਨੇ ਵਿੱਚ ਜਗਨਬੀਰ ਉਨ੍ਹਾਂ ਨਾਲ ਪਾਰਕ ਵਿੱਚ ਖੇਡਣ ਗਿਆ ਸੀ ਜਿੱਥੇ ਉਹ ਡਿੱਗ ਪਿਆ ਅਤੇ ਉਲਟੀਆਂ ਕਰਨ ਲੱਗ ਪਿਆ।

ਫਿਰ ਆਲੇ ਦੁਆਲੇ ਦੇ ਲੋਕ ਜਗਨਬੀਰ ਨੂੰ ਚੱਕ ਕੇ ਸਾਡੇ ਘਰ ਛੱਡ ਕੇ ਗਏ।

ਜਗਨਬੀਰ ਸਿੰਘ ਦੀ ਮਾਤਾ ਸੁਖਬੀਰ ਕੌਰ ਨੇ ਦੱਸਿਆ, “ਜਗਨਬੀਰ ਸਿੰਘ ਦੇ ਕਈ ਵਾਰ ਚੈਕਅੱਪ ਹੋਏ ਪਰ ਕਿਸੇ ਵੀ ਡਾਕਟਰ ਨੂੰ ਅਸਲ ਸਮੱਸਿਆ ਦਾ ਪਤਾ ਨਹੀਂ ਲੱਗਾ। ਜਗਨਬੀਰ ਨੇ ਦਿਨ ਵਿਚ 18-18 ਘੰਟੇ ਸੌਣਾ ਸ਼ੁਰੂ ਕਰ ਦਿੱਤਾ ਅਤੇ ਦਿਨ ਵਿੱਚ ਕਈ ਕਈ ਵਾਰੀ ਉਲਟੀਆਂ ਕਰਨ ਲੱਗਾ ਸੀ।”

ਸੁਖਬੀਰ ਦੱਸਦੇ ਹਨ, “ਅਸੀਂ 30 ਸਤੰਬਰ, 2018 ਨੂੰ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਜੋਤੀ ਸਰੂਪ ਵਿਖੇ ਮੱਥਾ ਟੇਕਣ ਲਈ ਗਏ ਸੀ ਜਿੱਥੇ ਜਗਨਬੀਰ ਨੂੰ ਦਿਖਣਾ ਬੰਦ ਹੋ ਗਿਆ, ਉਸ ਨੂੰ ਆਪਣੇ ਪਿਤਾ ਅਤੇ ਹੋਰ ਚੀਜ਼ਾਂ ਬਾਰੇ ਪਤਾ ਨਹੀਂ ਲੱਗ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਉਹ ਆਪਣੇ ਸ਼ਹਿਰ ਵਿਚਲੇ ਹੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਜਗਨਬੀਰ ਨੂੰ ਲੈ ਕੇ ਗਏ ਉੱਥੇ ਜਾਂਚ ਵਿੱਚ ਇਸ ਗੰਭੀਰ ਬਿਮਾਰੀ ਬਾਰੇ ਉਨ੍ਹਾਂ ਨੂੰ ਪਤਾ ਲੱਗਾ 

ਜਗਨਬੀਰ ਦੇ ਪਿਤਾ ਪੁਸ਼ਪਿੰਦਰ ਸਿੰਘ ਦੱਸਦੇ ਹਨ ਕਿ ਇਸ ਤੋਂ ਅਗਲੇ ਦਿਨ ਹੀ ਇੱਕ ਡਾਕਟਰ ਦੀ ਸਲਾਹ ਉੱਤੇ ਉਹ ਆਪਣੇ ਪੁੱਤਰ ਦੇ ਇਲਾਜ ਲਈ ਮੁੰਬਈ ਚਲੇ ਗਏ।

ਸੁਖਬੀਰ ਕੌਰ ਦੱਸਦੇ ਹਨ, “ਸਾਨੂੰ ਮੁੰਬਈ ਵਿੱਚ ਪਤਾ ਲੱਗਾ ਕਿ ਜਗਨਬੀਰ ਬਲੱਡ ਕੈਂਸਰ ਤੋਂ ਪੀੜਤ ਹੈ ਅਤੇ ਉਸ ਦੇ ਮੱਥੇ ਵਿੱਚ ਸਿੱਕੇ ਦੇ ਆਕਾਰ ਦੀ ਕੈਂਸਰ ਵਾਲੀ ਰਸੌਲੀ ਹੈ, ਜਿਸਦਾ ਨਸਾਂ ‘ਤੇ ਦਬਾਅ ਪੈਣ ਕਾਰਨ ਉਸ ਦੀ ਅਚਾਨਕ ਨਜ਼ਰ ਕਮਜ਼ੋਰ ਹੋ ਗਈ ਸੀ।”

ਸੁਖਬੀਰ ਕੌਰ ਦੱਸਦੇ ਹਨ ਕਿ ਡਾਕਟਰਾਂ ਨੇ ਜਗਨਬੀਰ ਦੇ ਨੱਕ ਰਾਹੀਂ ਟਿਊਮਰ ਕੱਢਿਆ ਅਤੇ ਕਿਉਂਕਿ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਸੀ ਤੇ ਡਾਕਟਰ ਨੇ ਕੀਮੋਥੈਰੇਪੀ ਦੀ ਸਿਫ਼ਾਰਸ਼ ਕੀਤੀ।

ਉਨ੍ਹਾਂ ਦੱਸਿਆ ਕਿ ਅਗਲੇ ਇਲਾਜ ਲਈ ਉਹ ਜਗਨਬੀਰ ਨੂੰ ਟਾਟਾ ਹਸਪਤਾਲ ਲੈ ਗਏ ਸਨ।

ਉਨ੍ਹਾਂ ਦੱਸਿਆ ਕਿ ਉਹ ਇਲਾਜ ਦੇ ਦੌਰਾਨ ਮੁੰਬਈ ਦੇ ਦਾਦਰ ਵਿਚਲੇ ਗੁਰਦੁਆਰਾ ਸਾਹਿਬ ਵਿੱਚ ਹੀ ਠਹਿਰੇ ਹੋਏ ਸਨ।

ਸੁਖਬੀਰ ਕੌਰ ਨੇ ਦੱਸਿਆ ਕਿ ਟਾਟਾ ਹਸਪਤਾਲ ਤੋਂ ਕੈਂਸਰ ਦੇ ਕਈ ਮਰੀਜ਼ ਜਗਨਬੀਰ ਨੂੰ ਅਕਸਰ ਫੋਨ ਕਰਦੇ ਹਨ।

ਜਗਨਬੀਰ ਨੇ ਦੱਸਿਆ ਕਿ ਉਹ ਸਾਰਿਆਂ ਨੂੰ ਇਹੀ ਕਹਿੰਦਾ ਹੈ ਕਿ ਜੇਕਰ ਉਹ ਬੱਚਾ ਹੋਣ ਕਰਕੇ ਕੈਂਸਰ ਨੂੰ ਹਰਾ ਸਕਦਾ ਹੈ ਤਾਂ ਉਹ ਕਿਉਂ ਨਹੀਂ ਕਰ ਸਕਦੇ।

ਜਗਨਬੀਰ ਨੇ ਦੱਸਿਆਂ ਕਿ ਉਹ ਸਿਰਫ਼ ਉਨ੍ਹਾਂ ਨੂੰ ਦੱਸਦਾ ਹੈ ਕਿ ਕੈਂਸਰ ਨੂੰ ਹਰਾਉਣਾ ਸਿਰਫ ਮਨ ਦੀ ਖੇਡ ਹੈ।

ਸੁਖਬੀਰ ਨੇ ਦੱਸਿਆ ਕਿ ਜਗਨ ਦੀ ਨਜ਼ਰ 90 ਫੀਸਦੀ ਵਾਪਸ ਆ ਗਈ ਹੈ ਅਤੇ ਉਹ ਵੱਡੇ ਫੌਂਟ ਨਾਲ ਪੜ੍ਹ ਸਕਦਾ ਹੈ। ਪੁਸ਼ਪਿੰਦਰ ਸਿੰਘ ਕਹਿੰਦਾ ਹਨ ਕਿ, “ਜਗਨ ਰੋਜ਼ ਸਕੂਲ ਜਾਂਦਾ ਹੈ, ਕ੍ਰਿਕੇਟ ਖੇਡਦਾ ਹੈ, ਸਕੇਟਿੰਗ ਕਰਦਾ ਹੈ ਅਤੇ ਭੰਗੜਾ ਵੀ ਪਾਉਂਦਾ ਹੈ।”

ਇੱਕ ਪ੍ਰੈਸ ਬਿਆਨ ਵਿੱਚ, ਇੰਪੈਕਟ ਫਾਊਂਡੇਸ਼ਨ ਨੇ ਕਿਹਾ ਕਿ ਸਲਮਾਨ ਖਾਨ ਨੇ ਕਿਹਾ ਕਿ ਜਗਨ ਨਾ ਸਿਰਫ ਆਪਣੇ ਕੈਂਸਰ ਨਾਲ ਬਹਾਦਰੀ ਨਾਲ ਲੜਿਆ, ਸਗੋਂ ਉਸਦੇ ਮਾਤਾ-ਪਿਤਾ ਨੂੰ ਹਮੇਸ਼ਾ ਦਿਲਾਸਾ ਦਿੱਤਾ ਕਿ ਸਭ ਕੁਝ ਠੀਕ ਹੋ ਜਾਵੇਗਾ।